India

ਕਿਸਾਨ ਅੰਦੋਲਨ: ‘ਮੋਦੀ ਕਰੇਗਾ ਮੰਡੀ ਬੰਦ – ਕਿਸਾਨ ਕਰਨਗੇ ਭਾਰਤ – ਬੰਦ’ !

ਫੋਟੋ: ਏ ਐਨ ਆਈ।

ਨਵੀਂ ਦਿੱਲੀ – ਦੇਸ਼ ਭਰ ਵਿਚ ਇਕ ਵਾਰ ਫਿਰ ਕਿਸਾਨਾਂ ਦਾ ਭਾਰਤ ਬੰਦ ਹੋਣ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ‘ਚ 40 ਕਿਸਾਨ ਜਥੇਬੰਦੀਆਂ ਨੇ 27 ਸਤੰਬਰ ਨੂੰ ਭਾਰਤ ਬੰਦ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਹੈ। 27 ਸਤੰਬਰ ਨੂੰ ਭਾਰਤ ਬੰਦ ਸਵੇਰੇ 6 ਵਜੇ ਤੋਂ ਸ਼ੁਰੂ ਹੋਵੇਗਾ ਤੇ ਇਹ ਸ਼ਾਮ ਚਾਰ ਵਜੇ ਤਕ ਜਾਰੀ ਰਹੇਗਾ। ਇਸ ਦੌਰਾਨ ਕਈ ਤਰ੍ਹਾਂ ਦੀ ਆਵਾਜਾਈ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਰਹੇਗੀ। ਕੇਂਦਰ ਅਤੇ ਸੂਬਾ ਸਰਕਾਰ ਦੇ ਦਫ਼ਤਰਾਂ, ਬਾਜ਼ਾਰਾਂ, ਦੁਕਾਨਾਂ, ਕਾਰਖਾਨਿਆਂ, ਸਕੂਲਾਂ, ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਾਰਤ ਬੰਦ ਦੌਰਾਨ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਸੇਵਾਵਾਂ ਸਮੇਤ ਐਮਰਜੈਂਸੀ ਸੇਵਾਵਾਂ ਦੀ ਇਜਾਜ਼ਤ ਹੋਵੇਗੀ। ਕਿਸਾਨਾਂ ਦਾ ਇਹ ਭਾਰਤ ਬੰਦ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਹੈ। ਤਿੰਨਾਂ ਨਵੇਂ ਖੇਤੀ ਕਾਨੂੰਨਾਂ ਨੂੰ ਪਾਸ ਹੋਏ ਇਕ ਸਾਲ ਤੋਂ ਉੱਪਰ ਹੋ ਗਿਆ ਹੈ। ਕਿਸਾਨ ਇਨ੍ਹਾਂ ਕਾਨੂੰਨਾਂ ਖਿਲਾਫ਼ ਦਿੱਲੀ ਨਾਲ ਲਗਦੀਆਂ ਹੱਦਾਂ ‘ਤੇ ਕਰੀਬ ਇਕ ਸਾਲ ਤੋਂ ਪ੍ਰਦਰਸ਼ਨ ਕਰ ਰਹੇ ਹਨ। ਦਿੱਲੀ ਦੀਆਂ ਹੱਦਾਂ ‘ਤੇ ਦੇਸ਼ ਭਰ ਦੇ ਕਿਸਾਨਾਂ ਨੇ ਡੇਰਾ ਲਾਇਆ ਹੋਇਆ ਹੈ। ਉੱਥੇ ਹੀ ਦੇਸ਼ ਦੇ ਅਲੱਗ-ਅਲੱਗ ਸੂਬਿਆਂ ‘ਚ ਵੀ ਕਿਸਾਨ ਜਗ੍ਹਾ-ਜਗ੍ਹਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹੁਣ ਤਕ ਕਿਸਾਨ ਜਥੇਬੰਦੀਆਂ ਨੂੰ ਨੈਤਿਕ ਸਮਰਥਨ ਦੇ ਰਹੇ ਵਿਰੋਧੀ ਖੇਮਿਆਂ ਦੀਆਂ ਕਈ ਪਾਰਟੀਆਂ ਨੇ ਤਾਂ ਇਸ ਬੰਦ ਦੇ ਸਮਰਥਨ ‘ਚ ਸੜਕਾਂ ‘ਤੇ ਉਤਰਨ ਦਾ ਐਲਾਨ ਵੀ ਕਰ ਦਿੱਤਾ ਹੈ।

ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਨੇ 27 ਸਤੰਬਰ ਦੇ ਭਾਰਤ-ਬੰਦ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਬੰਦ ਲਈ ਵਿਸ਼ੇਸ਼ ਨਾਅਰੇ ਜਾਰੀ ਕੀਤੇ ਹਨ :

1. ਕਿਸਾਨ ਵਿਰੋਧੀ ਮੋਦੀ ਸਰਕਾਰ ਖਿਲਾਫ਼-ਭਾਰਤ ਬੰਦ
2. ਮੋਦੀ ਕਰੇਗਾ ਮੰਡੀ ਬੰਦ-ਕਿਸਾਨ ਕਰਨਗੇ ਭਾਰਤ-ਬੰਦ
3. ਨਰਿੰਦਰ ਮੋਦੀ-ਕਿਸਾਨ ਵਿਰੋਧੀ

ਤਿੰਨ ਕਾਲੇ ਖੇਤੀ ਕਾਨੂੰਨਾਂ ‘ਤੇ ਰਾਸ਼ਟਰਪਤੀ ਵੱਲੋਂ ਦਸਤਖਤ ਕਰਨ ਦਾ ਸਾਲ ਪੂਰਾ ਹੋਣ ‘ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਹੋਣ ਵਾਲੇ ਭਾਰਤ ਬੰਦ ਨੂੰ ਸਿਆਸੀ ਪਾਰਟੀਆਂ ਸਮੇਤ ਸਮਾਜ ਦੇ ਹਰ ਵਰਗ ਤੋਂ ਵਿਆਪਕ ਹਮਾਇਤ ਮਿਲੀ ਹੈ | ਮੋਰਚੇ ਨੇ ਕਿਹਾ ਹੈ ਕਿ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤਕ ਬੰਦ ਦੌਰਾਨ ਸਰਕਾਰੀ ਤੇ ਨਿੱਜੀ ਦਫਤਰ, ਵਿਦਿਅਕ ਤੇ ਹੋਰ ਇੰਸਟੀਟਿਊਟ, ਦੁਕਾਨਾਂ, ਕਾਰਖਾਨੇ ਤੇ ਵਪਾਰਕ ਅਦਾਰੇ ਬੰਦ ਰਹਿਣਗੇ | ਕੋਈ ਜਨਤਕ ਸਮਾਰੋਹ ਨਹੀਂ ਹੋਣਗੇ | ਤਾਂ ਵੀ, ਜ਼ਰੂਰੀ ਸੇਵਾਵਾਂ, ਹਸਪਤਾਲਾਂ, ਮੈਡੀਕਲ ਸਟੋਰਾਂ, ਰਾਹਤ ਤੇ ਬਚਾਅ ਦੇ ਕੰਮਾਂ ਅਤੇ ਨਿੱਜੀ ਐਮਰਜੈਂਸੀ ਕੰਮ ‘ਤੇ ਜਾਣ ਵਾਲੇ ਲੋਕਾਂ ਨੂੰ ਛੋਟ ਰਹੇਗੀ | ਬੰਦ ਆਪ-ਮੁਹਾਰਾ ਤੇ ਪੁਰਅਮਨ ਹੋਵੇਗਾ | ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਪੰਜਾਬ ਭਰ ‘ਚ 500 ਦੇ ਕਰੀਬ ਥਾਵਾਂ ‘ਤੇ ਸਵੇਰੇ ਛੇ ਤੋਂ ਸ਼ਾਮ 4 ਵਜੇ ਤੱਕ ਸੜਕੀ ਅਤੇ ਰੇਲ ਆਵਾਜਾਈ ਜਾਮ ਕੀਤੀ ਜਾਵੇਗੀ | ਜਾਮ ਵਿੱਚ ਫਸੇ ਲੋਕਾਂ ਦੇ ਭੋਜਨ, ਪਾਣੀ ਤੇ ਹੋਰ ਲੋੜੀਂਦੀਂਆਂ ਜ਼ਰੂਰੀ ਸਹੂਲਤਾਂ ਦਾ ਖਿਆਲ ਰੱਖਿਆ ਜਾਵੇਗਾ |

ਸੰਯੁਕਤ ਕਿਸਾਨ ਮੋਰਚੇ ਨੇ ਆਪਣੇ ਦਫ਼ਤਰਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮੋਰਚੇ ਨੇ ਕਿਹਾ ਹੈ ਕਿ ਬੰਦ ਦੌਰਾਨ ਲੋਕਾਂ ਨੂੰ ਸਵੈ-ਇੱਛਾ ਨਾਲ ਸਭ ਕੁਝ ਬੰਦ ਕਰਨ ਦੀ ਅਪੀਲ ਕੀਤੀ ਜਾਵੇ। ਕਿਸੇ ਤਰ੍ਹਾਂ ਦੀ ਜ਼ਬਰਦਸਤੀ ਨਾ ਕੀਤੀ ਜਾਵੇ। ਇਸੇ ਅੰਦੋਲਤ ‘ਚ ਕਿਸੇ ਵੀ ਤਰ੍ਹਾਂ ਦੀ ਹਿੰਸਾਂ ਜਾਂ ਭੰਨਤੋੜ ਨਾ ਹੋਵੇ। ਨਾਲ ਹੀ ਕਿਹਾ ਗਿਆ ਹੈ ਕਿ ਇਹ ਬੰਦ ਸਰਕਾਰ ਖਿਲਾਫ਼ ਹੈ, ਜਨਤਾ ਖਿਲਾਫ਼ ਨਹੀਂ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ ਅਤੇ ਜਗਮੋਹਨ ਸਿੰਘ ਪਟਿਆਲਾ ਨੇ ਆਮ ਲੋਕਾਂ ਨੂੰ ਹੋਣ ਵਾਲੀ ਕਿਸੇ ਸੰਭਾਵੀ ਪ੍ਰੇਸ਼ਾਨੀ ਲਈ ਅਗਾਊਾ ਖੇਦ ਪ੍ਰਗਟ ਕਰਦਿਆਂ ਆਗੂਆਂ ਨੇ ਕਿਹਾ ਕਿ ਬੰਦ ਕਰਨਾ ਸਾਡਾ ਕੋਈ ਸ਼ੌਕ ਨਹੀਂ, ਮਜਬੂਰੀ ਹੈ | ਕਿਸਾਨ ਸਾਲ ਭਰ ਤੋਂ ਸੰਘਰਸ਼ ਕਰ ਰਹੇ ਹਨ, ਦਸ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਹਨ, ਪਰ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕੀ | ਜੇਕਰ ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਸਿਰਫ ਸਾਡਾ ਖੇਤੀ ਖੇਤਰ ਹੀ ਤਬਾਹ ਹੋਵੇਗੀ, ਸਾਡਾ ਸੱਭਿਆਚਾਰ ਵੀ ਖਤਮ ਹੋ ਜਾਵੇਗਾ | ਅਸੀਂ ਹੁਣ ਤੱਕ ਆਪਣੇ ਅੰਦੋਲਨ ਨੂੰ ਇਸ ਢੰਗ ਨਾਲ ਚਲਾਇਆ ਹੈ ਕਿ ਆਮ ਲੋਕਾਂ ਨੂੰ ਘੱਟ ਤੋਂ ਘੱਟ ਤਕਲੀਫ ਹੋਵੇ | ਸਾਰੀਆਂ ਕੁਦਰਤੀ ਦੁਸ਼ਵਾਰੀਆਂ ਅਸੀਂ ਆਪਣੇ ਪਿੰਡਿਆਂ ‘ਤੇ ਝੱਲੀਆਂ ਹਨ | ਅਸੀਂ ਉਮੀਦ ਕਰਦੇ ਹਾਂ ਕਿ ਆਮ ਲੋਕ ਸਾਨੂੰ ਪੂਰਨ ਸਹਿਯੋਗ ਦੇਣਗੇ, ਕਿਉਂਕਿ ਇਹ ਖੇਤੀ ਕਾਨੂੰਨ ਉਨ੍ਹਾਂ ਲਈ ਵੀ ਘਾਤਕ ਹਨ | ਕਿਸਾਨੀ ਧਰਨਿਆਂ ‘ਚ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਸੱਦਾ ਦਿੰਦਿਆਂ ਕਿਸਾਨ ਆਗੂਆਂ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਵੱਡੀ ਗਿਣਤੀ ‘ਚ ਸ਼ਮੂਲੀਅਤ ਲਈ ਅਪੀਲ ਕੀਤੀ ਹੈ |

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੰਦ ਦੀ ਹਮਾਇਤ ਕੀਤੀ ਹੈ | ਆਂਧਰਾ ਸਰਕਾਰ ਨੇ ਬੰਦ ਦੀ ਪੂਰੀ ਹਮਾਇਤ ਦਾ ਐਲਾਨ ਕੀਤਾ ਹੈ | ਸਰਕਾਰ ਨੇ 26 ਸਤੰਬਰ ਦੀ ਅੱਧੀ ਰਾਤ ਤੋਂ 27 ਸਤੰਬਰ ਦੇ ਬਾਅਦ ਦੁਪਹਿਰ ਤੱਕ ਸਰਕਾਰੀ ਬੱਸਾਂ ਨਾ ਚਲਾਉਣ ਦਾ ਫੈਸਲਾ ਕੀਤਾ ਹੈ | ਤਾਮਿਲਨਾਡੂ ਦੀ ਹੁਕਮਰਾਨ ਡੀ ਐੱਮ ਕੇ ਨੇ ਪਾਰਟੀ ਵਰਕਰਾਂ ਨੂੰ ਬੰਦ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ ਹੈ | ਕੇਰਲਾ ਵਿਚ ਰਾਜ ਕਰ ਰਹੇ ਖੱਬੇ ਜਮਹੂਰੀ ਮੁਹਾਜ਼ ਨੇ ਵੀ ਬੰਦ ਦੀ ਹਮਾਇਤ ਕੀਤੀ ਹੈ | ਸੀ ਪੀ ਆਈ (ਐੱਮ) ਦੇ ਐਕਟਿੰਗ ਸਕੱਤਰ ਏ ਵਿਜੇਰਾਘਵਨ ਨੇ ਕਿਹਾ ਕਿ ਪੋ੍ਰਟੈੱਸਟ ਵਿਚ ਪੰਜ ਲੱਖ ਲੋਕ ਸ਼ਾਮਲ ਹੋਣਗੇ | ਮੋਟਰ ਟਰਾਂਸਪੋਰਟ ਵਰਕਰਜ਼, ਬੈਂਕ ਇੰਪਲਾਈਜ਼ ਤੇ ਕਿਸਾਨ ਜਥੇਬੰਦੀਆਂ ਸਣੇ 100 ਤੋਂ ਵੱਧ ਜਥੇਬੰਦੀਆਂ ਬੰਦ ਵਿਚ ਸ਼ਾਮਲ ਹੋਣਗੀਆਂ | ਕਾਂਗਰਸ ਨੇ ਵੀ ਦੇਸ਼-ਭਰ ਵਿਚ ਬੰਦ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ | ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਭਾਰਤ ਬੰਦ ਵਿਚ ਵਧ-ਚੜ੍ਹ ਕੇ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ | ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ ਨੇ ਵੀ ਬੰਦ ਦੀ ਹਮਾਇਤ ਕੀਤੀ ਹੈ | ਕਰਨਾਟਕ, ਜਿਥੇ ਭਾਜਪਾ ਦਾ ਰਾਜ ਹੈ, ਵਿਚ ਕਿਸਾਨਾਂ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਮੈਸੂਰ-ਬੇਂਗਲੁਰੂ ਰੋਡ, ਬੇਂਗਲੁਰੂ-ਹੈਦਰਾਬਾਦ ਰੋਡ ਤੇ ਬੇਂਗਲੁਰੂ-ਚੇਨਈ ਰੋਡ ‘ਤੇ ਧਰਨਾ ਦੇਣ ਦਾ ਐਲਾਨ ਕੀਤਾ ਹੈ |

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin