India Punjab

ਕਿਸਾਨ ਆਗੂ ਡੱਲੇਵਾਲ ਦੀ ਹਮਾਇਤ ’ਚ 111 ਕਿਸਾਨਾਂ ਵੱਲੋਂ ਮਰਨ ਵਰਤ ਸ਼ੁਰੂ !

111 ਕਿਸਾਨਾਂ ਦੇ ਜਥੇ ਵਲੋਂ ਆਪਣੇ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਏਕਤਾ ਵਿੱਚ ਮਰਨ ਵਰਤ ਸ਼ੁਰੂ ਕੀਤਾ ਹੈ, ਜਿਨ੍ਹਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ ਪਟਿਆਲਾ ਦੇ ਖਨੌਰੀ ਸਰਹੱਦ 'ਤੇ 52ਵੇਂ ਦਿਨ ਵਿੱਚ ਦਾਖਲ ਹੋ ਗਈ। (ਫੋਟੋ: ਏ ਐਨ ਆਈ)

ਪਟਿਆਲਾ – ਮਰਨ ਵਰਤ ਉਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗੰਭੀਰ ਹਾਲਤ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਚੁੱਪ ਵੱਟਣ ਤੋਂ ਖਫ਼ਾ 111 ਹੋਰ ਕਿਸਾਨਾਂ ਨੇ ਅੱਜ ਸਮੂਹਿਕ ਤੌਰ ’ਤੇ ਮਰਨ ਵਰਤ ਸ਼ੁਰੂ ਕਰਦਿਆਂ ਢਾਬੀ ਗੁੱਜਰਾਂ ਬਾਰਡਰ ’ਤੇ ਹਰਿਆਣਾ ਵਾਲੇ ਪਾਸੇ ਤੰਬੂ ਗੱਡ ਲਏ। ਫੌਜੀ ਸੁਖਜੀਤ ਸਿੰਘ ਹਰਦੋਝੰਡੇ ਦੀ ਅਗਵਾਈ ਹੇਠ ਮਰਨ ਵਰਤ ’ਤੇ ਬੈਠੇ ਕਿਸਾਨਾਂ ਨੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਹਨ ਅਤੇ ਉਨ੍ਹਾਂ ਦੀਆਂ ਲੋਈਆਂ ਵੀ ਕਾਲੀਆਂ ਹਨ। ਹਰਿਆਣਾ ਪੁਲੀਸ ਨੇ ਆਪਣੇ ਇਲਾਕੇ ’ਚ ਧਾਰਾ 163 ਲੱਗੀ ਹੋਣ ਕਰਕੇ ਪ੍ਰਦਰਸ਼ਨ ਨਾ ਕਰਨ ਦੀ ਦਲੀਲ ਦਿੱਤੀ ਪਰ ਜਾਪ ਕਰ ਰਹੇ ਕਿਸਾਨ ਉਥੇ ਡਟ ਕੇ ਬੈਠ ਗਏ। ਮਰਨ ਵਰਤ ’ਤੇ ਬੈਠੇ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਨੇ ਕਿਹਾ ਕਿ ਪੁਲੀਸ ਉਨ੍ਹਾਂ ’ਤੇ ਭਾਵੇਂ ਗੋਲੀਆਂ ਚਲਾਏ ਜਾਂ ਗ੍ਰਿਫ਼ਤਾਰ ਕਰ ਲਵੇ ਪਰ ਉਹ ਇਥੇ ਹੀ ਬੈਠਣਗੇ। ਉਂਝ ਕਿਸਾਨਾਂ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦਾ ਮਨੋਰਥ ਨਾ ਬਾਰਡਰ ਟੱਪਣਾ ਹੈ ਅਤੇ ਨਾ ਹੀ ਪੁਲੀਸ ਨਾਲ ਉਲਝਣਾ ਹੈ। ਅਰਦਾਸ ਕਰਕੇ ਜਿਵੇਂ ਹੀ ਇਹ 111 ਮੈਂਬਰੀ ਜਥਾ ਕੈਂਪ ’ਚੋਂ ਬੈਰੀਕੇਡਿੰਗ ਵੱਲ ਨੂੰ ਵਧਣਾ ਸ਼ੁਰੂ ਹੋਇਆ ਤਾਂ ਵੱਡੀ ਗਿਣਤੀ ’ਚ ਹਰਿਆਣਾ ਪੁਲੀਸ ਦੇ ਮੁਲਾਜ਼ਮ ਮੋਰਚੇ ਵਾਲੇ ਪਾਸੇ ਆ ਗਏ। ਅਫ਼ਸਰਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਮਰਨ ਵਰਤ ’ਤੇ ਬੈਠਣ ਲਈ ਨਾ ਸਿਰਫ਼ ਚੁਣੀ ਗਈ ਥਾਂ ਹਰਿਆਣਾ ਦੀ ਹੈ, ਬਲਕਿ ਇਸ ਮੋਰਚੇ ਵਿਚਲੀਆਂ ਕਈ ਟਰਾਲੀਆਂ ਵੀ ਉਨ੍ਹਾਂ ਦੇ ਸੂਬੇ ਦੀ ਹਦੂਦ ਅੰਦਰ ਲਾਈਆਂ ਹੋਈਆਂ ਹਨ ਕਿਉਂਕਿ ਹਰਿਆਣਾ ਨੇ 125 ਮੀਟਰ ਥਾਂ ਛੱਡ ਕੇ ਹੀ ਬੈਰੀਕੇਡਿੰਗ ਕੀਤੀ ਹੋਈ ਹੈ। ਤਣਾਅ ਭਰੇ ਮਾਹੌਲ ’ਚ ਪੁਲੀਸ ਨੇ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਅਤੇ ਹੋਰਾਂ ਨੇ ਕਿਹਾ, ‘‘ਅਸੀਂ ਤਾਂ ਮਰਨ ਲਈ ਹੀ ਇਥੇ ਬੈਠਣ ਆਏ ਹਾਂ, ਜੇ ਪੁਲੀਸ ਚਾਹੁੰਦੀ ਹੈ ਤਾਂ ਸਾਨੂੰ ਬੰਬ ਜਾਂ ਗੋਲੀਆਂ ਨਾਲ ਹੁਣੇ ਹੀ ਮਾਰ ਸਕਦੇ ਹੋ ਜਾਂ ਫੇਰ ਗ੍ਰਿਫ਼ਤਾਰ ਕਰ ਸਕਦੇ ਹੋ। ਅਸੀਂ ਤਾਂ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਇਥੇ ਹੀ ਬੈਠਾਂਗੇ।’’ ਭਾਵੇਂ ਕੁਰੂਕਸ਼ੇਤਰ ਦੇ ਡੀਸੀ ਨੇ ਮਾਲ ਰਿਕਾਰਡ ਦੇ ਹਵਾਲੇ ਨਾਲ ਇਹ 125 ਮੀਟਰ ਥਾਂ ਹਰਿਆਣਾ ਦੀ ਹੋਣ ਦਾ ਦਾਅਵਾ ਕੀਤਾ ਹੈ ਪਰ ਫੇਰ ਵੀ ਕਈ ਕਿਸਾਨਾਂ ਦਾ ਤਰਕ ਹੈ ਕਿ ਇਸ ਸਬੰਧੀ ਅਸਲੀਅਤ ਸ਼ੁਭਕਰਨ ਮਾਮਲੇ ਦੀ ਜਾਂਚ ਦੌਰਾਨ ਹੀ ਸਾਹਮਣੇ ਆਵੇਗੀ। ਕੁਝ ਦੇਰ ਦੇ ਰੌਲੇ-ਰੱਪੇ ਮਗਰੋਂ ਪੁਲੀਸ ਚੁੱਪ ਕਰ ਗਈ। ਹਰਿਆਣਾ ਪੁਲੀਸ ਨੇ ਜਥੇ ਦੇ ਮਰਨ ਵਰਤ ਵਾਲੀ ਥਾਂ ’ਤੇ ਆਪਣਾ ਹੱਕ ਇਸ ਕਰਕੇ ਜਤਾਇਆ ਹੈ ਕਿਉਂਕਿ 21 ਫਰਵਰੀ, 2024 ਨੂੰ ਗੋਲੀ ਲੱਗਣ ਕਾਰਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਇਸੇ ਹੀ ਥਾਂ ’ਤੇ ਹੋਈ ਸੀ। ਮਰਨ ਵਰਤੀਆਂ ’ਚ ਸ਼ਾਮਲ ਕਿਸਾਨ ਯੂਨੀਅਨ ਡੱਲੇਵਾਲ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਰਣ ਸਿੰਘ ਚੱਠਾ ਨੇ ਕਿਹਾ ਕਿ ਕਾਲੇ ਰੰਗ ਦੀ ਚੋਣ ਉਨ੍ਹਾਂ ਕੇਂਦਰ ਦੇ ਰਵੱਈਏ ਦੇ ਰੋਸ ਵਜੋਂ ਕੀਤੀ ਹੈ। ਉਧਰ ਮੋਰਚੇ ’ਚ ਕਿਸਾਨਾਂ ਲਈ ਵੱਡੇ ਪੱਧਰ ’ਤੇ ਟੈਂਟ ਲਗਾਏ ਜਾ ਰਹੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਹਰਿਆਣਾ ਪੁਲੀਸ ਦੀ ਨਫਰੀ ਹਟਾਉਣ ਦੀ ਮੰਗ ਕੀਤੀ ਹੈ।

ਮਰਨ ਵਰਤ ’ਤੇ ਬੈਠਣ ਵਾਲਾ ਜਥਾ ਰਵਾਨਾ ਕਰਨ ਤੋਂ ਪਹਿਲਾਂ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਮੰਚ ਤੋਂ ਜਗਜੀਤ ਸਿੰਘ ਡੱਲੇਵਾਲ ਵੱਲੋਂ ਭੇਜਿਆ ਗਿਆ ਸੁਨੇਹਾ ਪੜ੍ਹ ਕੇ ਸੁਣਾਇਆ। ਉਨ੍ਹਾਂ ਦੱਸਿਆ ਕਿ ਡੱਲੇਵਾਲ ਨੇ ਚੌਕਸ ਕੀਤਾ ਕਿ ਇਹ ਪੈਂਡਾ ਬਹੁਤ ਔਖਾ ਹੈ ਅਤੇ ਅੰਨ ਦਾ ਦਾਣਾ ਨਾ ਖਾਣ ਦਾ ਨਾਮ ਹੁੰਦਾ ਹੈ ਮਰਨ ਵਰਤ। ਇਸ ਦੌਰਾਨ ਸਿਰਫ਼ ਪਾਣੀ ਹੀ ਪੀਤਾ ਜਾ ਸਕਦਾ ਹੈ। ਡੱਲੇਵਾਲ ਨੇ ਆਪਣੇ ਸੁਨੇਹੇ ’ਚ ਕਿਹਾ ਕਿ ਜੇ ਕੋਈ ਕਿਸਾਨ ਆਗੂ ਦਵਾਈ ਖਾਂਦਾ ਹੈ ਤਾਂ ਉਹ ਮਰਨ ਵਰਤ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ ਪਰ ਜੇ ਕਿਸੇ ਨੇ ਕੁਰਬਾਨੀ ਦੇਣ ਦੀ ਠਾਣ ਹੀ ਲਈ ਹੈ ਤਾਂ ਫੇਰ ਉਹ ਮਰਨ ਵਰਤ ’ਤੇ ਬੈਠਣ ਤੋਂ ਪਹਿਲਾਂ ਇਹ ਪ੍ਰਣ ਵੀ ਕਰਨ ਕਿ ਉਹ ਅੱਜ ਤੋਂ ਬਾਅਦ ਦਵਾਈ ਵੀ ਨਹੀਂ ਲੈਣਗੇ।

ਸੁਪਰੀਮ ਕੋਰਟ ਨੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਰਿਪੋਰਟ ਦੀ ਕਾਪੀ ਪੰਜਾਬ ਸਰਕਾਰ ਤੋਂ ਮੰਗੀ ਹੈ ਤਾਂ ਜੋ ਏਮਸ ਦੇ ਮੈਡੀਕਲ ਬੋਰਡ ਤੋਂ ਉਨ੍ਹਾਂ ਦੀ ਸਿਹਤ ਬਾਰੇ ਰਾਏ ਲਈ ਜਾ ਸਕੇ। ਜਸਟਿਸ ਸੂਰਿਆਕਾਂਤ ਅਤੇ ਐੱਨ ਕੋਟਿਸ਼ਵਰ ਸਿੰਘ ਦੇ ਬੈਂਚ ਨੇ ਹੈਰਾਨੀ ਜਤਾਈ ਕਿ ਕਰੀਬ 50 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਵਿਅਕਤੀ ਦੀ ਸਿਹਤ ’ਚ ਕਿਵੇਂ ਸੁਧਾਰ ਹੋ ਸਕਦਾ ਹੈ। ਬੈਂਚ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਉਹ ਅੱਜ ਹੀ ਡੱਲੇਵਾਲ ਦੀ ਜਾਂਚ ਰਿਪੋਰਟ ਸੁਪਰੀਮ ਕੋਰਟ ਦੇ ਰਜਿਸਟਰਾਰ ਕੋਲ ਪੇਸ਼ ਕਰਨ। ਬੈਂਚ ਨੇ ਰਜਿਸਟਰਾਰ ਨੂੰ ਹਦਾਇਤ ਕੀਤੀ ਕਿ ਉਹ ਮੈਡੀਕਲ ਬੋਰਡ ਤੋਂ ਡੱਲੇਵਾਲ ਦੀ ਜਾਂਚ ਰਿਪੋਰਟ ’ਤੇ ਰਾਏ ਲੈਣ ਲਈ ਏਮਸ ਦੇ ਡਾਇਰੈਕਟਰ ਨੂੰ ਰਿਪੋਰਟ ਭੇਜਣ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ ਲਈ ਨਿਰਧਾਰਤ ਕਰ ਦਿੱਤੀ। ਸਿਖਰਲੀ ਅਦਾਲਤ ਨੇ ਪੰਜਾਬ ਸਰਕਾਰ ਦੀ ਇਸ ਦਲੀਲ ’ਤੇ ਵੀ ਵਿਚਾਰ ਕੀਤਾ ਕਿ ਅਧਿਕਾਰੀ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹੱਲ ਨਿਕਲਣ ਦੀ ਉਮੀਦ ਹੈ। ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਡੱਲੇਵਾਲ ਨੂੰ ਇਕ ਆਰਜ਼ੀ ਹਸਪਤਾਲ ’ਚ ਤਬਦੀਲ ਕਰਨ ਦੇ ਸਬੰਧ ’ਚ ਗੱਲ ਅੱਗੇ ਵਧੀ ਹੈ ਜਿਸ ਨੂੰ ਹੁਣ ਪ੍ਰਦਰਸ਼ਨ ਵਾਲੀ ਥਾਂ ਤੋਂ 10 ਮੀਟਰ ਦੀ ਦੂਰੀ ’ਤੇ ਬਣਾਇਆ ਗਿਆ ਹੈ। ਸਿੱਬਲ ਨੇ ਬੈਂਚ ਨੂੰ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਦੇ ਨੁਮਾਇੰਦੇ ਵੀ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਮਿਲ ਰਹੇ ਹਨ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin