ਮਾਨਸਾ – ਕਿਸਾਨ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਕਿਸਾਨ ਜਥੇਬੰਦੀਆਂ ਵੱਲੋਂ 5 ਮਾਰਚ ਤੋਂ ਚੰਡੀਗੜ੍ਹ ਵਿੱਚ ਲਾਏ ਜਾ ਰਹੇ ਮੋਰਚੇ ਦੀਆਂ ਤਿਆਰੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਾਨਸਾ ਜਿਲ੍ਹੇ ਵਿੱਚ ਮੁਕੰਮਲ ਕਰ ਲਈਆਂ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮੋਰਚੇ ਵਿੱਚ ਲੰਗਰ ਲਈ ਰਾਸ਼ਨ ਇਕੱਠਾ ਕਰ ਲਿਆ ਗਿਆ ਹੈ । ਸਾਰੀਆਂ ਹੀ ਪਿੰਡ ਕਮੇਟੀਆਂ ਨੇ ਆਪੋ ਆਪਣੇ ਸਾਧਨ ਟਰੈਕਟਰ ਟਰਾਲੀਆਂ ਅਤੇ ਹੋਰ ਵਹੀਕਲਾਂ ਦਾ ਪ੍ਰਬੰਧ ਕਰ ਲਿਆ ਹੈ । ਜਥੇਬੰਦੀ ਦੇ ਆਗੂਆਂ ਨੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ, ਰੈਲੀਆਂ ਕਰਵਾਈਆਂ ਗਈਆਂ ਹਨ । ਕਿਸਾਨ ਆਗੂ ਨੇ ਦੱਸਿਆ ਕਿ ਭਾਵੇਂ ਨਵੇਂ ਖੇਤੀ ਵਿਰੋਧੀ ਖਰੜੇ ਨੂੰ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਰੱਦ ਕਰ ਦਿੱਤਾ ਹੈ ਪਰ ਕਿਸਾਨਾਂ ਦੀਆਂ ਹੋਰ ਬਹੁਤ ਸਾਰੀਆਂ ਭਖਵੀਆਂ ਮੰਗਾਂ ਇਸ ਮੋਰਚੇ ਵਿੱਚ ਰੱਖੀਆਂ ਜਾਣਗੀਆਂ । ਉਹਨਾਂ ਦੱਸਿਆ ਕਿ ਕਿਸਾਨ ਪੱਖੀ ਨਵੀਂ ਖੇਤੀ ਨੀਤੀ ਤੁਰੰਤ ਲਾਗੂ ਕੀਤੀ ਜਾਵੇ । ਫਸਲਾਂ ਦੇ ਭਾਅ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੁਤਾਬਕ ਲਾਗਤ ਖਰਚੇ ਗਿਣ ਕੇ 50% ਮੁਨਾਫੇ ਵਾਲੇ ਤੈਅ ਕੀਤੇ ਜਾਣ । ਐਮ.ਐਸ.ਪੀ. ਗਰੰਟੀ ਕਾਨੂੰਨ ਬਣਾਇਆ ਜਾਵੇ । ਕਰਜਾ ਮੋੜਨ ਤੋਂ ਅਸਮਰੱਥ ਕਿਸਾਨਾਂ ਮਜਦੂਰਾਂ ਦੇ ਸਿਰ ਚੜੇ ਸਮੁੱਚੇ ਕਰਜੇ ਖਤਮ ਕੀਤੇ ਜਾਣ । ਹਰ ਖੇਤ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇ । ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਮੰਗਾਂ ਹਨ । ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਨੇ ਕਿਸਾਨਾਂ ਮਜਦੂਰਾਂ ਨੂੰ ਜੋਰਦਾਰ ਅਪੀਲ ਕੀਤੀ ਕਿ 5 ਮਾਰਚ ਤੋਂ ਚੰਡੀਗੜ੍ਹ ਵਿੱਚ ਲੱਗ ਰਹੇ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਸ਼ਾਮਿਲ ਹੋਣ । ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਹੋਈਆਂ ਮੀਟਿੰਗਾਂ, ਰੈਲੀਆਂ ਨੂੰ ਜੋਗਿੰਦਰ ਸਿੰਘ ਦਿਆਲਪੁਰਾ, ਭੋਲਾ ਸਿੰਘ ਮਾਖਾ, ਉੱਤਮ ਸਿੰਘ ਰਾਮਾਨੰਦੀ, ਸੁਖਦੇਵ ਸਿੰਘ ਗੋਰਖਨਾਥ, ਮੇਜਰ ਸਿੰਘ ਗੋਬਿੰਦਪੁਰਾ, ਜਗਸੀਰ ਸਿੰਘ ਜਵਾਹਰਕੇ , ਸਾਧੂ ਸਿੰਘ ਅਕਲੀਆ, ਕੁਲਦੀਪ ਸਿੰਘ ਚਚੋਹਰ, ਹਰਪਾਲ ਸਿੰਘ ਪਾਲੀ ਨੇ ਸੰਬੋਧਨ ਕੀਤਾ ।