ਨਵੀਂ ਦਿੱਲੀ – ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵੀਰਵਾਰ ਨੂੰ ਕਿਹਾ ਕਿ ਹਰ ਦੇਸ਼ ਦੀ ਆਪਣੀ ਪ੍ਰਭੂਸੱਤਾ ਹੈ, ਜਿਸਦਾ ਹੋਰਨਾਂ ਦੇਸ਼ਾਂ ਨੂੰ ਸਨਮਾਨ ਕਰਨਾ ਚਾਹੀਦਾ ਹੈ ਤੇ ਕਿਸੇ ਵੀ ਦੇਸ਼ ਨੂੰ ਆਪਣੀ ਸੰਸਦ ’ਚ ਹੋਰ ਦੇਸ਼ਾਂ ਦੇ ਅੰਦਰੂਨੀ ਮਾਮਲੇ ਉਠਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।ਬਿਰਲਾ ਜੀ-20 ਦੇਸ਼ਾਂ ਦੀਆਂ ਸੰਸਦਾਂ ਦੇ ਚੇਅਰਮੈਨਾਂ ਦੇ ਸਿਖਰ ਸੰਮੇਲਨ (ਪੀ 20) ’ਚ ਭਾਰਤੀ ਸੰਸਦੀ ਵਫਦ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਬਰਤਾਨੀਆ ਦੇ ਹਾਊਸ ਆਫ ਕਾਮਨਸ ਦੇ ਸਪੀਕਰ ਸਰ ਲਿੰਡਸੇ ਹੋਇਲੇ ਨਾਲ ਦੋ ਪੱਖੀ ਬੈਠਕ ਕੀਤੀ। ਲੋਕਸਭਾ ਸਕੱਤਰੇਤ ਦੇ ਬਿਆਨ ਦੇ ਮੁਤਾਬਕ, ਬਿਰਲਾ ਨੇ ਕਿਹਾ ਕਿ ਹਰ ਦੇਸ਼ ਦੀ ਆਪਣੀ ਪ੍ਰਭੂਸੱਤਾ ਹੈ ਜਿਸਦਾ ਹੋਰਨਾਂ ਦੇਸ਼ਾਂ ਨੂੰ ਸਨਮਾਨ ਕਰਨਾ ਚਾਹੀਦਾ ਹੈ। ਬਿਆਨ ’ਚ ਬਿਰਲਾ ਦੇ ਹਵਾਲੇ ਤੋਂ ਕਿਹਾ ਗਿਆ ਕਿ ਕਿਸੇ ਵੀ ਦੇਸ਼ ਨੂੰ ਆਪਣੀ ਸੰਸਦ ’ਚ ਹੋਰਨਾਂ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਨੂੰ ਉਠਾਉਣ ਦੀ ਇਜਾਜ਼ਤ ਉਦੋਂ ਤਕ ਨਹੀਂ ਦੇਣੀ ਚਾਹੀਦੀ ਜਦੋਂ ਤਕ ਕਿ ਮਾਮਲਾ ਉਸ ਦੇਸ਼ ਦੇ ਹਿੱਤਾਂ ਨੂੰ ਪ੍ਰਭਾਵਿਤ ਨਾ ਕਰਦਾ ਹੋਵੇ।ਬਿਆਨ ਦੇ ਮੁਤਾਬਕ ਦੋਵੇਂ ਆਗੂਆਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਦੋਵੇਂ ਸੰਸਦਾਂ ਦੇ ਮੈਂਬਰ ਸੰਸਦੀ ਕੂਟਨੀਤੀ ਜ਼ਰੀਏ ਵਿਚਾਰਾਂ ਦਾ ਵਟਾਂਦਰਾ ਕਰਨ ਤੇ ਇਹ ਜਾਣਨ ਦੀ ਕੋਸ਼ਿਸ਼ ਕਰਨ ਕਿ ਜਨਤਾ ਦੇ ਹਿੱਤ ’ਚ ਲੋਕਤੰਤਰੀ ਸੰਸਥਾਵਾਂ ਨੂੰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ।ਬਿਰਲਾ ਦੀ ਇਹ ਟਿੱਪਣੀ ਅਜਿਹੇ ਸਮੇਂ ’ਚ ਆਈ ਹੈ, ਜਦੋਂ ਹਾਲੀਆ ਬਰਤਾਨੀਆ ਦੇ ਕੁਝ ਸੰਸਦ ਮੈਂਬਰਾਂ ਨੇ ਭਾਰਤ ’ਚ ਪਿਛਲੇ ਸਾਲ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਮੁੱਦਾ ਉਠਾਇਆ ਸੀ।