ਪੰਜਾਬ ਵਿੱਚ ਰੋਜ਼ਾਨਾ ਕਿਸੇ ਨਾ ਕਿਸੇ ਜਿਲ੍ਹੇ ਦੀ ਪੁਲਿਸ ਵੱਲੋਂ ਦਰਜ਼ਨਾਂ ਦੇ ਹਿਸਾਬ ਹਥਿਆਰ, ਖਾਸ ਤੌਰ ‘ਤੇ ਰਿਵਾਲਵਰ ਅਤੇ ਪਿਸਟਲ ਪਕੜੇ ਜਾ ਰਹੇ ਹਨ। ਅੱਜ ਤੋਂ 35 – 40 ਸਾਲ ਪਹਿਲਾਂ ਬਦਮਾਸ਼ਾਂ ਕੋਲ ਬਿਹਾਰ ਜਾਂ ਕਿਸੇ ਲੋਕਲ ਮਿਸਤਰੀ ਦੇ ਬਣੇ ਘਟੀਆ ਜਿਹੇ ਇੱਕ ਗੋਲੀ ਚਲਾਉਣ ਵਾਲੇ ਪਿਸਤੌਲ (ਕੱਟਾ) ਹੁੰਦੇ ਸਨ ਪਰ ਅੱਜ ਕਲ੍ਹ ਛੋਟਾ ਮੋਟਾ ਗੈਂਗਸਟਰ ਵੀ ਅੱਤ ਆਧੁਨਿਕ ਜ਼ਿਗਾਨਾ ਅਤੇ ਗਲੌਕ ਵਰਗੇ ਪਿਸਤੌਲ ਲਈ ਫਿਰਦਾ ਹੈ। ਉੱਤਰ ਪ੍ਰਦੇਸ਼ ਦੇ ਬਾਹੂਬਲੀ ਅਤੀਕ ਅਹਿਮਦ, ਉਸ ਦੇ ਭਰਾ ਅਸ਼ਰਫ ਤੇ ਬਾਬਾ ਸੱਦੀਕੀ ਦੀ ਹੱਤਿਆ ਵਾਸਤੇ ਤੁਰਕੀ ਦੀ ਬਣੀ ਜ਼ਿਗਾਨਾ ਪਿਸਤੌਲ ਵਰਤੀ ਗਈ ਸੀ। ਕੁਝ ਮਾਤਰਾ ਵਿੱਚ ਪਿਸਤੌਲ ਪਾਕਿਸਤਾਨ ਤੋਂ ਹੈਰੋਇਨ ਦੇ ਨਾਲ ਪਾਕਿਸਤਾਨ ਤੋਂ ਸਮਗਲ ਕੀਤੇ ਜਾ ਰਹੇ ਹਨ, ਪਰ ਬਾਰਡਰ ‘ਤੇ ਸਖਤੀ ਹੋਣ ਕਾਰਨ ਹਥਿਆਰ ਸਮਗਲ ਕਰਨਾ ਬੇਹੱਦ ਔਖਾ ਹੋ ਗਿਆ ਹੈ। ਇਸ ਕਾਰਨ ਪਹਿਲਾਂ ਪਿਸਤੌਲ ਬਿਹਾਰ ਦੇ ਮੁੰਗੇਰ ਜਿਲ੍ਹੇ ਤੋਂ ਮੰਗਵਾਏ ਜਾਂਦੇ ਸਨ ਪਰ ਪਿਛਲੇ 6 – 7 ਸਾਲਾਂ ਤੋਂ ਮੱਧ ਪ੍ਰਦੇਸ਼ ਨਜ਼ਾਇਜ ਅਸਲ੍ਹੇ ਦੇ ਗੜ੍ਹ ਵਜੋਂ ਉੱਭਰਿਆ ਹੈ। ਉਥੋਂ ਦੇ ਬਣੇ ਵਧੀਆ ਕਿਸਮ ਦੇ ਰਿਵਾਲਵਰ ਅਤੇ ਪਿਸਟਲ ਚਾਲੀ ਪੰਜਾਹ ਹਜ਼ਾਰ ਤੱਕ ਅਸਾਨੀ ਨਾਲ ਮਿਲ ਜਾਂਦੇ ਹਨ ਤੇ ਕਾਰਕਰਦਗੀ, ਪਾਲਿਸ਼ ਅਤੇ ਫਿਨਿਸ਼ਿੰਗ ਵਿੱਚ ਜ਼ਿਗਾਨਾ ਅਤੇ ਗਲੌਕ ਨੂੰ ਵੀ ਮਾਤ ਪਾਉਂਦੇ ਹਨ।
ਸ਼ੁਰੂਆਤ ਵਿੱਚ ਸਿਰਫ ਸਥਾਨਕ ਕਿਸਾਨਾਂ ਵੱਲੋਂ ਕੱਟੇ ਖਰੀਦੇ ਜਾਂਦੇ ਸਨ ਤਾਂ ਜੋ ਰਾਤ ਵੇਲੇ ਖੇਤਾਂ ਦੀ ਰਾਖੀ ਕਰਨ ਸਮੇਂ ਲੁਟੇਰਿਆਂ ਤੋਂ ਸੁਰੱਖਿਅਤ ਰਹਿਣ। ਪਰ ਹੁਣ ਪੰਜਾਬ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਆਦਿ ਵਿੱਚ ਵੀ ਮੱਧ ਪ੍ਰਦੇਸ਼ ਦੇ ਅਸਲ੍ਹੇ ਦੀ ਭਾਰੀ ਮੰਗ ਹੈ। ਪੰਜਾਬ ਵਿੱਚ ਸਿਰਫ ਅਕਤੂਬਰ ਮਹੀਨੇ ਵਿੱਚ ਹੀ ਮੱਧ ਪ੍ਰਦੇਸ਼ ਦੇ ਬਣੇ 54 ਪਿਸਤੌਲ ਬਰਾਮਦ ਹੋ ਚੁੱਕੇ ਹਨ। ਮੱਧ ਪ੍ਰਦੇਸ਼ ਦੇ ਬਰਵਾਨੀ, ਧਾਰ, ਬੁਰਹਾਨਪੁਰ ਅਤੇ ਖਰਗੌਨ ਆਦਿ ਵਿੱਚ ਸੈਂਕੜੇ ਕਾਰੀਗਰ ਨਜ਼ਾਇਜ ਹਥਿਆਰ ਬਣਾ ਰਹੇ ਹਨ ਤੇ ਇਸ ਕਾਰੋਬਾਰ ‘ਤੇ ਉਥੋਂ ਦੇ ਵਸਨੀਕ ਸਿਕਲੀਗਰ ਸਿੱਖਾਂ ਦਾ ਏਕਾਧਿਕਾਰ ਹੈ। ਪੁਰਾਣੇ ਸਮੇਂ ਵਿੱਚ ਉਹ ਰਾਜਿਆਂ ਮਹਾਰਾਜਿਆਂ ਦੀਆਂ ਫੌਜਾਂ ਵਾਸਤੇ ਤਲਵਾਰਾਂ, ਬਰਸ਼ੇ ਅਤੇ ਤੀਰ ਕਮਾਨ ਆਦਿ ਬਣਾਇਆ ਕਰਦੇ ਸਨ, ਪਰ ਸਮੇਂ ਦੇ ਬਦਲਣ ਨਾਲ ਉਹ ਵੀ ਆਧੁਨਿਕ ਹੋ ਗਏ ਹਨ। ਉਨ੍ਹਾਂ ਨੂੰ 32 ਬੋਰ, 9 ਮਿ.ਮੀ. ਅਤੇ 30 ਬੋਰ ਦੇ ਪਿਸਤੌਲ ਬਣਾਉਣ ਵਿੱਚ ਵਿਸ਼ੇਸ਼ ਮੁਹਾਰਤ ਹਾਸਲ ਹੈ। 32 ਬੋਰ ਦੀ ਜਿਆਦਾ ਮੰਗ ਹੈ ਕਿਉਂਕਿ ਇਸ ਦੀਆਂ ਗੋਲੀਆਂ ਅਸਾਨੀ ਨਾਲ ਕਿਸੇ ਵੀ ਲਾਇਸੈਂਸਧਾਰੀ ਜਾਂ ਅਸਲ੍ਹੇ ਦੀ ਦੁਕਾਨ ਤੋਂ ਦੋ ਨੰਬਰ ਵਿੱਚ ਮਿਲ ਸਕਦੀਆਂ ਹਨ। ਇਥੇ ਜੰਗਲਾਂ ਵਿੱਚ ਦੇਸੀ ਕਿਸਮ ਦੀਆਂ ਸ਼ੂਟਿੰਗ ਰੇਂਜਾਂ ਵੀ ਬਣੀਆਂ ਹੋਈਆਂ ਹਨ ਜਿੱਥੇ ਗਾਹਕ ਖਰੀਦਣ ਤੋਂ ਪਹਿਲਾਂ ਅਸਲ੍ਹਾ ਚੈੱਕ ਕਰ ਸਕਦੇ ਹਨ।
ਬਿਹਾਰ ਤੇ ਯੂ.ਪੀ. ਦੇ ਬਣੇ ਪਿਸਤੌਲਾਂ ਵਿੱਚ ਗਰਮ ਹੋਣਾ, ਗੋਲੀ ਫਸਣਾ, ਮਿੱਸ ਫਾਇਰ ਅਤੇ ਨਾਲੀ ਫਟਣਾ ਆਮ ਜਿਹੀ ਗੱਲ ਸੀ। ਪਰ ਮੱਧ ਪ੍ਰਦੇਸ਼ ਦੇ ਪਿਸਤੌਲਾਂ ਵਿੱਚ ਅਜਿਹੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀ। ਉਹ ਚੱਲਣ ਵਿੱਚ ਅਸਾਨ ਹਨ ਅਤੇ ਵਧੀਆ ਕਿਸਮ ਦੀ ਸਮਗਰੀ ਨਾਲ ਤਿਆਰ ਕੀਤੇ ਜਾਂਦੇ ਹਨ ਜੋ ਅਸਾਨੀ ਨਾਲ ਕਬਾੜੀਆਂ ਅਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ‘ਤੇ ਮੁਹੱਈਆ ਹੈ। ਰੇਲਵੇ ਦੀ ਕੰਡਮ ਪਟੜੀ, ਬੱਸਾਂ ਟਰੱਕਾਂ ਦੇ ਇੰਜਣਾਂ ਦੀ ਕਰੈਂਕ ਸ਼ਾਫਟ ਅਤੇ ਕਮਾਨੀਆਂ ਵਰਗੇ ਮਜ਼ਬੂਤ ਅਤੇ ਲਚਕਦਾਰ ਇਸਪਾਤ ਤੋਂ ਤਿਆਰ ਕੀਤੇ ਗਏ ਇਹ ਪਿਸਤੌਲ ਬਹੁਤ ਹੀ ਕਾਰਗਰ ਹਨ। ਕਾਰੀਗਰਾਂ ਤੋਂ ਹਥਿਆਰ ਖਰੀਦਣ ਤੋਂ ਬਾਅਦ ਗਾਹਕ ਲੱਭਣ ਦੀ ਜ਼ਿੰਮੇਵਾਰੀ ਦਲਾਲਾਂ ਦੀ ਹੈ ਕਿਉਂਕਿ ਉਨ੍ਹਾਂ ਦੇ ਸੰਗਠਿਤ ਅਪਰਾਧੀਆਂ ਨਾਲ ਨਜ਼ਦੀਕੀ ਸਬੰਧ ਹੁੰਦੇ ਹਨ। ਦਲਾਲ ਗਾਹਕ ਨੂੰ ਸਿੱਧਾ ਜਾਂ ਪਾਂਡੀ ਰਾਹੀਂ ਹਥਿਆਰ ਪਹੁੰਚਾਉਂਦੇ ਹਨ। ਹਥਿਆਰ ਇਧਰੋਂ ਉਧਰ ਲੈ ਕੇ ਜਾਣ ਲਈ ਪਹਿਲਾਂ ਬੰਦਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਹਥਿਆਰ ਔਰਤਾਂ (ਪਾਂਡੀ) ਰਾਹੀਂ ਭੇਜੇ ਜਾਂਦੇ ਹਨ ਕਿਉਂਕਿ ਪੁਲਿਸ ਔਰਤਾਂ ‘ਤੇ ਜਿਆਦਾ ਸ਼ੱਕ ਨਹੀਂ ਕਰਦੀ। ਗਾਹਕ ਤੋਂ ਪੈਸੇ ਐਡਵਾਂਸ ਵਿੱਚ ਹੀ ਖਾਤਿਆਂ ਵਿੱਚ ਪਵਾ ਲਏ ਜਾਂਦੇ ਹਨ। ਇਸ ਕੰਮ ਵਿੱਚ ਬਹੁਤ ਮੁਨਾਫਾ ਹੈ। ਕਾਰੀਗਰ ਨੂੰ ਵਧੀਆ ਕਿਸਮ ਦੇ ਪਿਸਤੌਲ ਦੇ ਪੰਦਰਾਂ ਵੀਹ ਹਜ਼ਾਰ, ਪਾਂਡੀ ਨੂੰ ਇੱਕ ਗੇੜੇ ਦੇ ਪੰਜ ਤੋਂ ਦਸ ਹਜ਼ਾਰ ਤੇ ਦਲਾਲ ਨੂੰ ਵੀਹ ਪੱਚੀ ਹਜ਼ਾਰ ਤੱਕ ਬਣ ਜਾਂਦੇ ਹਨ ਕਿਉਂਕਿ ਇੱਕ ਪਿਸਤੌਲ ਚਾਲੀ ਤੋਂ ਪੰਜਾਹ ਹਜ਼ਾਰ ਤੱਕ ਅਰਾਮ ਨਾਲ ਵਿਕ ਜਾਂਦਾ ਹੈ। ਦੇਸੀ ਕੱਟ ਦੀ ਕੀਮਤ 1000 – 1200 ਰੁਪਏ ਹੈ।
ਮਹਾਰਾਸ਼ਟਰ ਦੀ ਹੱਦ ‘ਤੇ ਵੱਸੇ ਹੋਏ ਸਿਕਲੀਗਰਾਂ ਦੇ ਇਲਾਕੇ ਬੇਹੱਦ ਪੱਛੜੇ ਤੇ ਜੰਗਲਾਂ ਪਹਾੜਾਂ ਨਾਲ ਘਿਰੇ ਹੋਏ ਹਨ ਜਿਸ ਕਾਰਨ ਪੁਲਿਸ ਦਾ ਇਥੇ ਪਹੁੰਚਣਾ ਬਹੁਤ ਮਸ਼ਕਿਲ ਹੈ। ਚੰਗਾ ਕਾਰੀਗਰ ਸਿਰਫ ਹਥੌੜੇ ਛੈਣੀ ਦੀ ਮਦਦ ਨਾਲ ਇੱਕ ਕੱਟਾ ਦੋ ਤਿੰਨ ਦਿਨਾਂ ਵਿੱਚ ਤਿਆਰ ਕਰ ਲੈਂਦਾ ਹੈ। ਪਰ ਵਧੀਆ ਕਿਸਮ ਦੇ ਹਥਿਆਰ ਤਿਆਰ ਕਰਨ ਲਈ ਖਰਾਦ ਦੀ ਜਰੂਰਤ ਪੈਂਦੀ ਹੈ। ਅਜਿਹੀਆਂ ਵਰਕਸ਼ਾਪਾਂ ਦੂਰ ਦਰੇਡੇ ਜੰਗਲਾਂ ਵਿੱਚ ਸਥਾਪਿਤ ਕੀਤੀਆਂ ਗਈਆਂ ਹਨ ਤੇ ਖਰਾਦ ਨੂੰ ਚਲਾਉਣ ਲਈ ਤਿੰਨ ਚਾਰ ਵਰਕਸ਼ਾਪਾਂ ਵਾਲੇ ਮਿਲ ਕੇ ਸਾਈਲੈਂਟ ਜਨਰੇਟਰ ਖਰੀਦ ਲੈਂਦੇ ਹਨ ਤਾਂ ਜੋ ਪੁਲਿਸ ਉਨ੍ਹਾਂ ਦੀ ਅਵਾਜ਼ ਨਾ ਸੁਣ ਸਕੇ। ਇਸ ਵਕਤ ਪੱਚੀ ਤੀਹ ਹਜ਼ਾਰ ਸਿਕਲੀਗਰ ਕਾਰੀਗਰ ਇਸ ਕੰਮ ਵਿੱਚ ਲੱਗੇ ਹੋਏ ਹਨ ਤੇ ਇਹ ਇੱਕ ਕਿਸਮ ਦਾ ਘਰੇਲੂ ਉਦਯੋਗ ਬਣ ਗਿਆ ਹੈ। ਬਹੁਤਿਆਂ ਉੱਪਰ ਆਰਮਜ਼ ਐਕਟ ਦੇ 15, 15 – 20, 20 ਪਰਚੇ ਦਰਜ਼ ਹਨ ਤੇ ਉਹ ਕਈ ਪੀੜ੍ਹੀਆਂ ਤੋਂ ਇਹ ਕੰਮ ਕਰ ਰਹੇ ਹਨ। ਇਸ ਇਲਾਕੇ ਵਿੱਚ ਕੋਈ ਵੱਡਾ ਉਦਯੋਗ ਨਹੀਂ ਹੈ ਤੇ ਜ਼ਮੀਨ ਪਥਰੀਲੀ ਅਤੇ ਬੰਜਰ ਕਿਸਮ ਦੀ ਹੈ ਜਿਸ ਕਾਰਨ ਸਿਕਲੀਗਰ ਇਹ ਕੰਮ ਕਰਨ ਲਈ ਮਜ਼ਬੂਰ ਹਨ। ਇਥੇ ਇਹ ਵੀ ਵਰਨਣ ਯੋਗ ਹੈ ਕਿ ਜਦੋਂ ਕਿਸੇ ਵਿਗੜੇ ਬਦਮਾਸ਼ ਨੂੰ ਪੁਲਿਸ ਨੇ ਕਿਸੇ ਮੁਕੱਦਮੇ ਵਿੱਚ ਫਸਾਉਣਾ ਹੋਵੇ ਤਾਂ ਉਸ ‘ਤੇ ਫਿੱਟ ਕਰਨ ਵਾਲਾ ਹਥਿਆਰ ਵੀ ਸਿਕਲੀਗਰਾਂ ਤੋਂ ਹੀ ਲੈਂਦੀ ਹੈ।
ਪੁਲਿਸ ਵੱਲੋਂ ਇਸ ਇਲਾਕੇ ਵਿੱਚ ਲਗਾਤਾਰ ਰੇਡ ਕੀਤੇ ਜਾਂਦੇ ਹਨ। ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਹਥਿਆਰ ਬਰਾਮਦ ਹੋਏ ਹਨ ਤੇ ਸੈਂਕੜੇ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਪਰ ਧੰਦਾ ਲਗਾਤਾਰ ਜਾਰੀ ਹੈ। ਜੇ ਪਿਤਾ ਪਕੜਿਆ ਜਾਂਦਾ ਹੈ ਤਾਂ ਪੁੱਤਰ ਹਥਿਆਰ ਬਣਾਉਣੇ ਸ਼ੁਰੂ ਕਰ ਦੇਂਦਾ ਹੈ। 2023 ਵਿੱਚ ਮੱਧ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ) ਨੇ ਇੱਕ ਡੋਜ਼ੀਅਰ ਤਿਆਰ ਕੀਤਾ ਸੀ ਜਿਸ ਦੇ ਮੁਤਾਬਕ ਮਾਉਵਾਦੀਆਂ ਸਮੇਤ ਸਿਕਲੀਗਰਾਂ ਦੇ ਹਥਿਆਰ ਭਾਰਤ ਦੇ 19 ਸੂਬਿਆਂ ਵਿੱਚ ਸਪਲਾਈ ਹੋ ਰਹੇ ਹਨ। ਇਸ ਡੋਜ਼ੀਅਰ ਵਿੱਚ ਹੀਰਾ ਸਿੰਘ, ਰਮੇਸ਼ ਸਿੰਘ ਅਤੇ ਕਿਸ਼ਨ ਸਿੰਘ ਵਰਗੇ ਉਸਤਾਦ ਕਾਰੀਗਰਾਂ ਸਮੇਤ ਅਜਿਹੇ 250 ਚੋਟੀ ਦੇ ਸਿਕਲੀਗਰਾਂ ਦੇ ਨਾਮ ਹਨ ਜਿਨ੍ਹਾਂ ਦੁਆਰਾ ਬਣਾਏ ਗਏ ਸ਼ਾਨਦਾਰ ਰਿਵਾਲਵਰ, ਸੈਮੀ ਆਟੋਮੈਟਿਕ ਪਿਸਟਲ ਤੇ ਕਾਰਬਾਈਨਾਂ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਦਿੱਲੀ, ਬਿਹਾਰ, ਮਹਾਰਾਸ਼ਟਰ ਅਤੇ ਪੰਜਾਬ ਦੇ ਗੈਂਗਸਟਰ ਕਿਸੇ ਵੀ ਕੀਮਤ ‘ਤੇ ਲੈ ਲੈਂਦੇ ਹਨ। ਖਰੀਦਾਰ ਦੀ ਮੰਗ ‘ਤੇ ਹਥਿਆਰ ‘ਤੇ ਮੇਡ ਇੰਨ ਇੰਗਲੈਂਡ ਅਤੇ ਮੇਡ ਇੰਨ ਚਾਈਨਾ ਦੇ ਠੱਪੇ ਵੀ ਲਗਾ ਦਿੱਤੇ ਜਾਂਦੇ ਹਨ।
ਪਿਛਲੇ ਸਮੇਂ ਵਿੱਚ ਸਿਕਲੀਗਰਾਂ ਦੁਆਰਾ ਤਿਆਰ ਕੀਤੇ ਗਏ ਹਥਿਆਰ ਕਈ ਸਨਸਨੀਖੇਜ਼ ਵਾਰਦਾਤਾਂ ਵਿੱਚ ਵਰਤੇ ਜਾ ਚੁੱਕੇ ਹਨ। 2009 ਵਿੱਚ ਯੂ.ਪੀ. ਦੀ ਐਸ.ਟੀ.ਐਫ. ਨੇ ਦਾਊਦ ਇਬਰਾਹੀਮ ਦਾ ਇੱਕ ਸ਼ੂਟਰ ਆਲਮਜ਼ੇਬ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਉਸ ਸਮੇਂ ਦੇ ਬੀ.ਜੇ.ਪੀ. ਐਮ.ਪੀ. ਵਰੁਣ ਗਾਂਧੀ ਦੀ ਹੱਤਿਆ ਦੀ ਸੁਪਾਰੀ ਦਿੱਤੀ ਗਈ ਸੀ। ਇੰਟੈਰੋਗੇਸ਼ਨ ਸਮੇਂ ਉਸ ਨੇ ਦੱਸਿਆ ਸੀ ਕਿ ਵਾਰਦਾਤ ਲਈ ਪਿਸਤੌਲ ਉਸ ਨੇ ਮਥੁਰਾ ਦੇ ਇੱਕ ਦਲਾਲ ਰਾਹੀਂ ਮੱਧ ਪ੍ਰਦੇਸ਼ ਦੇ ਬਰਵਾਨੀ ਜਿਲ੍ਹੇ ਦੇ ਇੱਕ ਸਿਕਲੀਗਰ ਤੋਂ ਖਰੀਦਿਆ ਸੀ। ਉਸੇ ਸਾਲ ਪਾਬੰਦੀਸ਼ੁਦਾ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ਦੇ ਮੈਂਬਰ ਇਸ਼ਤਿਆਕ ਅਹਿਮਦ ਨੇ ਮੱਧ ਪ੍ਰਦੇਸ਼ ਐਂਟੀ ਟੈਰੇਰਿਸਟ ਸਕੁਐਡ (ਏ.ਟੀ.ਐਸ) ਦੇ ਕਾਂਸਟੇਬਲ ਸੀਤਾ ਰਾਮ ਯਾਦਵ ਦੀ ਹੱਤਿਆ ਲਈ ਵਰਤਿਆ ਪਿਸਤੌਲ ਬੁਰਹਾਨਪੁਰ ਦੇ ਕਿਸੇ ਸਿਕਲੀਗਰ ਤੋਂ ਖਰੀਦਿਆ ਸੀ। 2008 ਦੇ ਅਹਿਮਦਾਬਾਦ ਸੀਰੀਅਲ ਬੰਬ ਧਮਾਕਿਆਂ ਦੇ ਮੁਲਜ਼ਮਾਂ ਅਤੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਦੋਸ਼ੀ ਗੈਂਗਸਟਰ ਸੰਤੋਸ਼ ਯਾਦਵ ਨੇ ਵੀ ਹਥਿਆਰ ਬਰਵਾਨੀ ਜਿਲ੍ਹੇ ਦੇ ਸਿਕਲੀਗਰਾਂ ਤੋਂ ਹੀ ਖਰੀਦੇ ਸਨ।
ਇਸ ਸਾਲ ਜਨਵਰੀ ਮਹੀਨੇ ਵਿੱਚ ਕੁਝ ਖੋਜੀ ਪੱਤਰਕਾਰਾਂ ਨੇ ਇਸ ਇਲਾਕੇ ਦਾ ਦੌਰਾ ਕੀਤਾ ਤਾਂ ਪਤਾ ਚੱਲਿਆ ਕਿ ਇੰਦੌਰ ਤੋਂ ਕਰੀਬ 150 ਕਿ.ਮੀ. ਦੂਰ ਵੱਸਿਆ ਉਮੈਰਤੀ ਪਿੰਡ ਨਜ਼ਾਇਜ ਅਸਲ੍ਹਾ ਬਣਾਉਣ ਅਤੇ ਵੇਚਣ ਲਈ ਸਭ ਤੋਂ ਵੱਡੀ ਮੰਡੀ ਵਜੋਂ ਉੱਭਰਿਆ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਪਿੰਡ ਅਨੀਆਰ ਨਦੀ ਦੇ ਕਿਨਾਰੇ ਮਹਾਰਾਸ਼ਟਰ ਦੀ ਸਰਹੱਦ ‘ਤੇ ਵੱਸਿਆ ਹੋਇਆ ਹੈ। ਜਦੋਂ ਪੁਲਿਸ ਦੀ ਰੇਡ ਹੁੰਦੀ ਹੈ ਤਾਂ ਅਸਲ੍ਹੇ ਦੇ ਕਾਰੋਬਾਰੀ ਅਰਾਮ ਨਾਲ ਦਰਿਆ ਪਾਰ ਕਰ ਕੇ ਮਹਾਰਾਸ਼ਟਰ ਪਹੁੰਚ ਜਾਂਦੇ ਹਨ। ਕਈ ਵਾਰ ਪੁਲਿਸ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਦੋ ਤਿੰਨ ਵਾਰ ਉਨ੍ਹਾਂ ਦੀ ਪਿਟਾਈ ਵੀ ਹੋ ਚੁੱਕੀ ਹੈ। ਕਈ ਵਾਰ ਤਾਂ ਸਕਿਉਰਟੀ ਜਮ੍ਹਾ ਕਰਵਾ ਕੇ ਹਥਿਆਰ ਕਿਰਾਏ ‘ਤੇ ਵੀ ਦੇ ਦਿੱਤੇ ਜਾਂਦੇ ਹਨ। ਇਥੋਂ ਦੇ ਕਾਰੀਗਰ ਹਥਿਆਰ ਮਹਾਰਾਸ਼ਟਰ ਦੇ ਧੂਲੇ ਸ਼ਹਿਰ ਦੇ ਦਲਾਲਾਂ ਕੋਲ ਪਹੁੰਚਾ ਦਿੰਦੇ ਹਨ ਜਿੱਥੋਂ ਅੱਗੇ ਭਾਰਤ ਦੇ ਵੱਖ ਵੱਖ ਕੋਨਿਆਂ ਵਿੱਚ ਸਪਲਾਈ ਕਰ ਦਿੱਤੀ ਜਾਂਦੀ ਹੈ। ਮੱਧ ਪ੍ਰਦੇਸ਼ ਦੀ ਪੁਲਿਸ ਇਨ੍ਹਾਂ ‘ਤੇ ਰੇਡ ਕਰ ਕੇ ਹਥਿਆਰ ਬਰਾਮਦ ਕਰਦੀ ਰਹਿੰਦੀ ਹੈ ਜੋ ਕੁੱਲ ਉਤਪਾਦ ਦਾ 2% ਤੋਂ ਵੱਧ ਨਹੀਂ ਹੈ।
ਪੱਤਰਕਾਰਾਂ ਨੇ ਸਿਕਲੀਗਰ ਸਮਾਜ ਦੇ ਨੈਸ਼ਨਲ ਪ੍ਰਧਾਨ ਮਗਨ ਸਿੰਘ ਭਾਟੀਆ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਸਿਰਫ 10 – 12% ਲੋਕਾਂ ਦੇ ਕਾਰਨ ਹੀ ਸਾਰੇ ਸਮਾਜ ਦੀ ਬਦਨਾਮੀ ਹੋ ਰਹੀ ਹੈ। ਉਸ ਨੇ ਦੱਸਿਆ ਕਿ ਜੇ ਸਰਕਾਰ ਇਸ ਇਲਾਕੇ ਵਿੱਚ ਸੜਕਾਂ, ਬਿਜਲੀ ਅਤੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰ ਦੇਵੇ ਤੇ ਉਦਯੋਗੀਕਰਨ ਕਰ ਕੇ ਨੌਕਰੀਆਂ ਦਾ ਪ੍ਰਬੰਧ ਕਰੇ ਤਾਂ ਇਹ ਲੋਕ ਵੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਸਕਦੇ ਹਨ। ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜੇ ਇਸ ਇਲਾਕੇ ਵਿੱਚ ਸਰਕਾਰੀ ਅਸਲ੍ਹਾ ਫੈਕਟਰੀਆਂ ਸਥਾਪਿਤ ਕੀਤੀਆਂ ਜਾਣ ਤਾਂ ਨਜਾਇਜ਼ ਧੰਦਿਆਂ ਵਿੱਚ ਲਿਪਤ ਵਿਅਕਤੀਆਂ ਦੀ ਕੁਸ਼ਲਤਾ ਦਾ ਲਾਭ ਉਠਾਇਆ ਜਾ ਸਕਦਾ ਹੈ।