
ਬੱਲੇਬਾਜ਼ ਅਭਿਸ਼ੇਕ ਸ਼ਰਮਾ ਟੀ-20 ਕ੍ਰਿਕਟ ਵਿੱਚ ਚਾਰ ਵਾਰ 130+ ਦੌੜਾਂ ਬਣਾਉਣ ਵਾਲਾ ਦੁਨੀਆ ਦਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਅਭਿਸ਼ੇਕ ਨੇ ਟੀ-20 ਵਿੱਚ ਚਾਰ ਵਾਰ 130+ ਦੌੜਾਂ ਬਣਾਈਆਂ ਹਨ। ਇਸ ਦੌਰਾਨ ਐਰੋਨ ਫਿੰਚ ਅਤੇ ਕ੍ਰਿਸ ਗੇਲ ਨੇ ਟੀ-20 ਕ੍ਰਿਕਟ ਵਿੱਚ ਤਿੰਨ ਵਾਰ ਇਹ ਉਪਲਬਧੀ ਹਾਸਲ ਕੀਤੀ ਹੈ।
ਸਿੱਖ ਗੁਰੂਆਂ ਦੀ ਚਰਨ-ਛੋਹ ਪ੍ਰਾਪਤ ਵਿਸ਼ਵ ਪ੍ਰਸਿੱਧ ਧਰਤੀ, ਅੰਮ੍ਰਿਤਸਰ ਦੇ ਵਿੱਚ ਰਾਜ ਕੁਮਾਰ ਅਤੇ ਮੰਜੂ ਸ਼ਰਮਾ ਦੇ ਘਰ ਵਿੱਚ 4 ਸਤੰਬਰ 2000 ਨੂੰ ਜਨਮਿਆਂ ਅਭਿਸ਼ੇਕ ਸ਼ਰਮਾ, ਭਾਰਤ ਦੀ ਰਾਸ਼ਟਰੀ ਟੀਮ ਲਈ ਖੱਬੇ ਹੱਥ ਦੇ ਓਪਨਿੰਗ ਬੱਲੇਬਾਜ਼ ਅਤੇ ਕਦੇ-ਕਦੇ ਖੱਬੇ ਹੱਥ ਦੇ ਓਰਥੋਡੌਕਸ ਸਪਿੱਨਰ ਵਜੋਂ ਖੇਡਦਾ ਹੈ। ਅਭਿਸ਼ੇਕ ਸ਼ਰਮਾ ਘਰੇਲੂ ਕ੍ਰਿਕਟ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਾ ਹੈ। ਦੋ ਵੱਡੀਆਂ ਭੈਣਾਂ ਦਾ ਛੋਟਾ ਭਰਾ ਅਭਿਸ਼ੇਕ ਸ਼ਰਮਾ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਵਿੱਚ ਪੜ੍ਹਦਿਆਂ ਆਪਣੇ ਬਚਪਨ ਦੇ ਦੋਸਤ ਸ਼ੁੱਭਮਨ ਗਿੱਲ ਦੇ ਨਾਲ ਅੰਡਰ-14 ਵਿੱਚ ਪੰਜਾਬ ਲਈ ਖੇਡਦਿਆਂ ਓਪਨਿੰਗ ਕਰਦਾ ਰਿਹਾ ਹੈ। ਵਿਸ਼ਵ ਪ੍ਰਸਿੱਧ ਕ੍ਰਿਕਟਰ ਯੁਵਰਾਜ ਸਿੰਘ ਨੇ ਕੋਵਿਡ-19 ਦੇ ਲੌਕਡਾਊਨ ਦੌਰਾਨ ਅਭਿਸ਼ੇਕ ਸ਼ਰਮਾ ਨੂੰ ਕੋਚਿੰਗ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦਿਆਂ ਉਸਦੀ ਖੇਡ ਨੂੰ ਖੂਬ ਤਰਾਸਿ਼ਆ ਹੈ।
ਅਭਿਸ਼ੇਕ ਸ਼ਰਮਾ ਦੀ ਧਮਾਕੇਦਾਰ ਪਾਰੀ ਨੇ ਨਾ ਸਿਰਫ਼ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ, ਸਗੋਂ ਉਸਦੇ ਸਲਾਹਕਾਰ ਯੁਵਰਾਜ ਸਿੰਘ ਵੀ ਉਸ ਦੀ ਪਾਰੀ ਦੇ ਇੰਨੇ ਕਾਇਲ ਹੋ ਗਏ ਕਿ ਯੁਵਰਾਜ ਸਿੰਘ ਨੇ ਖੁਸ਼ੀ ਵਿੱਚ ਅਭਿਸ਼ੇਕ ਸ਼ਰਮਾ ਨੂੰ “ਸਰ” ਵੀ ਕਹਿ ਦਿੱਤਾ। ਅਭਿਸ਼ੇਕ ਸ਼ਰਮਾ ਦੀ ਪਾਰੀ ਦੇਖਣ ਤੋਂ ਬਾਅਦ ਯੁਵਰਾਜ ਨੇ ਕਿਹਾ ਹੈ ਕਿ, “ਬੱਲੇ ਨੂੰ ਆਪਣਾ ਕੰਮ ਕਰਨ ਦਿਓ। ਤੁਹਾਡੀ ਖੇਡ ਦੇ ਵਿੱਚ ਹਰ ਰੋਜ਼ ਸੁਧਾਰ ਹੋ ਰਿਹਾ ਹੈ। ਵਧੀਆ ਖੇਡਿਆ, ਸਰ ਅਭਿਸ਼ੇਕ। ਜਾਰੀ ਰੱਖੋ।” ਯੁਵਰਾਜ ਸਿੰਘ ਦੀ ਇਹ ਪੋਸਟ ਵਾਇਰਲ ਹੋ ਰਹੀ ਹੈ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਯੁਵਰਾਜ ਸਿੰਘ ਪੰਜਾਬ ਦੇ ਰਹਿਣ ਵਾਲੇ ਅਭਿਸ਼ੇਕ ਸ਼ਰਮਾ ਨੂੰ ਕ੍ਰਿਕਟਰ ਵਜੋਂ ਨਿਖਾਰਨ ਦੇ ਲਈ ਬਹੁਤ ਵੱਡੇ ਸਿਹਰੇ ਦੇ ਵੱਡੇ ਹੱਕਦਾਰ ਹਨ। ਅਭਿਸ਼ੇਕ ਸ਼ਰਮਾ ਸਿਕਸਰ ਕਿੰਗ ਯੁਵਰਾਜ ਸਿੰਘ ਨੂੰ ਆਪਣਾ ਗੁਰੂ ਮੰਨਦਾ ਹੈ। ਅਭਿਸ਼ੇਕ ਤੋਂ ਇਲਾਵਾ ਯੁਵਰਾਜ ਸਿੰਘ ਨੇ ਸ਼ੁਭਮਨ ਗਿੱਲ ਅਤੇ ਗੁਰਕੀਰਤ ਮਾਨ ਨੂੰ ਵੀ ਸਿਖਲਾਈ ਦਿੱਤੀ ਹੈ। ਦੋ ਸਾਲ ਪਹਿਲਾਂ ਆਈਪੀਐਲ 2024 ਦੌਰਾਨ ਜਦੋਂ ਅਭਿਸ਼ੇਕ ਸ਼ਰਮਾ ਨੇ 28 ਮਾਰਚ ਦੀ ਰਾਤ ਨੂੰ ਮੁੰਬਈ ਇੰਡੀਅਨਜ਼ ਵਿਰੁੱਧ 23 ਗੇਂਦਾਂ ਵਿੱਚ 63 ਦੌੜਾਂ ਬਣਾਈਆਂ ਸਨ ਤਾਂ ਉਸਦੇ ਸਲਾਹਕਾਰ ਅਤੇ ਕ੍ਰਿਕਟਰ ਗੁਰੂ ਯੁਵਰਾਜ ਸਿੰਘ ਨੇ ਮਜ਼ਾਕ ਵਿੱਚ ਉਸਨੂੰ ਚੱਪਲ ਨਾਲ ਮਾਰਨ ਦਾ ਸੁਝਾਅ ਵੀ ਦਿੱਤਾ ਸੀ। ਯੁਵਰਾਜ ਸਿੰਘ ਚਾਹੁੰਦੇ ਸਨ ਕਿ ਅਭਿਸ਼ੇਕ ਸੈਂਕੜਾ ਬਣਾਏ ਪਰ ਉਹ ਹਵਾਈ ਸ਼ੌਟ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਆਊਟ ਹੋ ਗਿਆ ਸੀ। ਹੁਣ ਦੋ ਸਾਲ ਬਾਅਦ ਅਭਿਸ਼ੇਕ ਸ਼ਰਮਾ ਨੇ ਟੂਰਨਾਮੈਂਟ ਦੇ ਇਤਿਹਾਸ ਵਿੱਚ ਆਪਣਾ ਦੂਜਾ ਸੈਂਕੜਾ ਬਣਾਇਆ ਅਤੇ 21 ਅਪ੍ਰੈਲ 2026 ਦੀ ਰਾਤ ਨੂੰ ਅਜੇਤੂ 135 ਦੌੜਾਂ ਬਣਾਈਆਂ। ਯੁਵਰਾਜ ਸਿੰਘ ਦਾ ਨਵਾਂ ਟਵੀਟ ਦਿੱਲੀ ਕੈਪੀਟਲਜ਼ ਵਿਰੁੱਧ 47 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕਰਨ ਤੋਂ ਬਾਅਦ ਵਰਲਡ ਨਿਊਜ਼ ਦੀਆਂ ਸੁਰਖੀਆਂ ਦੇ ਵਿੱਚ ਪੂਰੀ ਤਰ੍ਹਾਂ ਛਾਇਆ ਹੋਇਆ ਹੈ।
ਆਈਪੀਐਲ 2026 ਦੇ 31ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਦਿੱਲੀ ਕੈਪੀਟਲਜ਼ ਵਿਰੁੱਧ ਆਪਣੇ ਧਮਾਕੇਦਾਰ ਸੈਂਕੜੇ ਨਾਲ ਕਈ ਰਿਕਾਰਡ ਤੋੜਦਿਆਂ ਸ਼ਾਨਦਾਰ ਬੱਲੇਬਾਜ਼ੀ ਕਰਕੇ ਸਿਰਫ 68 ਗੇਂਦਾਂ ਵਿੱਚ 198 ਦੇ ਸਟ੍ਰਾਈਕ ਰੇਟ ਨਾਲ ਅਜੇਤੂ 135 ਦੌੜਾਂ ਬਣਾਈਆਂ। ਇੰਨਾ ਹੀ ਨਹੀਂ ਅਭਿਸ਼ੇਕ ਨੇ ਆਪਣੀ ਪਾਰੀ ਵਿੱਚ 10 ਚੌਕੇ ਅਤੇ 10 ਵੱਡੇ ਛੱਕਿਆਂ ਦੇ ਨਾਲ ਕਈ ਨਵੇਂ ਰਿਕਾਰਡਾਂ ਦੀ ਇੱਕ ਝੜੀ ਲਾ ਦਿੱਤੀ।
ਅਭਿਸ਼ੇਕ ਹੁਣ ਆਈਪੀਐਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਸਭ ਤੋਂ ਵੱਧ ਸੈਂਕੜਿਆਂ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਪਹਿਲੇ ਸਥਾਨ ‘ਤੇ ਹੈ। ਉਸ ਤੋਂ ਪਹਿਲਾਂ ਡੇਵਿਡ ਵਾਰਨਰ ਅਤੇ ਹੇਨਰਿਕ ਕਲਾਸੇਨ ਨੇ ਸਨਰਾਈਜ਼ਰਜ਼ ਹੈਦਰਾਬਾਦ ਲਈ ਦੋ-ਦੋ ਸੈਂਕੜੇ ਲਾਏ ਹਨ। ਇਸ ਤੋਂ ਇਲਾਵਾ ਅਭਿਸ਼ੇਕ ਨੇ ਆਈਪੀਐਲ ਇਤਿਹਾਸ ਵਿੱਚ ਪੰਜਵਾਂ ਸਭ ਤੋਂ ਵੱਧ ਸਕੋਰ ਵੀ ਬਣਾਇਆ ਹੈ। ਇਹ ਟੀ-20 ਕ੍ਰਿਕਟ ਵਿੱਚ ਅਭਿਸ਼ੇਕ ਦਾ ਨੌਵਾਂ ਸੈਂਕੜਾ ਹੈ। ਇਸ ਸੈਂਕੜੇ ਦੇ ਨਾਲ ਅਭਿਸ਼ੇਕ ਨੇ ਵਿਰਾਟ ਕੋਹਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਉਹ ਟੀ-20 ਕ੍ਰਿਕਟ ਵਿੱਚ ਸਾਂਝੇ ਤੌਰ ‘ਤੇ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਭਾਰਤ ਦਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਕੋਹਲੀ ਅਤੇ ਅਭਿਸ਼ੇਕ ਨੇ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ ਨੌਂ-ਨੌਂ ਸੈਂਕੜੇ ਲਾਏ ਹਨ। ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਮ ਹੈ ਜਿਸਨੇ ਇਸ ਫਾਰਮੈਟ ਵਿੱਚ 22 ਸੈਂਕੜੇ ਲਗਾਏ ਹਨ।
ਅਭਿਸ਼ੇਕ ਸ਼ਰਮਾ ਨੇ ਟੀ-20 ਸੈਂਕੜਿਆਂ ਲਈ ਕੋਹਲੀ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ:
9: ਅਭਿਸ਼ੇਕ ਸ਼ਰਮਾ (184 ਪਾਰੀਆਂ)
9: ਵਿਰਾਟ ਕੋਹਲੀ (403 ਪਾਰੀਆਂ)
8: ਰੋਹਿਤ ਸ਼ਰਮਾ (454 ਪਾਰੀਆਂ)
7: ਈਸ਼ਾਨ ਕਿਸ਼ਨ (227 ਪਾਰੀਆਂ)
7: ਸੰਜੂ ਸੈਮਸਨ (319 ਪਾਰੀਆਂ)
7: ਕੇਐਲ ਰਾਹੁਲ (231 ਪਾਰੀਆਂ)
ਅਭਿਸ਼ੇਕ ਸ਼ਰਮਾ ਨੇ ਟੀ-20 ਕ੍ਰਿਕਟ ਵਿੱਚ 350 ਛੱਕੇ ਵੀ ਪੂਰੇ ਕੀਤੇ ਹਨ। ਇਹ ਅਭਿਸ਼ੇਕ ਦੀ ਦੂਜੀ ਆਈਪੀਐਲ ਪਾਰੀ ਹੈ ਜਿਸਨੇ ਇੱਕ ਪਾਰੀ ਵਿੱਚ 10 ਛੱਕੇ ਮਾਰੇ ਹਨ। ਇਸ ਸੂਚੀ ਵਿੱਚ ਸਿਰਫ਼ ਕ੍ਰਿਸ ਗੇਲ ਹੀ ਅਭਿਸ਼ੇਕ ਤੋਂ ਅੱਗੇ ਹੈ, ਜਿਸਨੇ ਇੱਕ ਪਾਰੀ ਵਿੱਚ ਚਾਰ ਵਾਰ 10 ਜਾਂ ਵੱਧ ਛੱਕੇ ਮਾਰੇ ਹਨ। ਅਭਿਸ਼ੇਕ ਨੇ ਟੀ-20 ਕ੍ਰਿਕਟ ਵਿੱਚ ਪੰਜਵੀਂ ਵਾਰ ਸ਼੍ਰੇਅਸ ਅਈਅਰ (4) ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਇੱਕ ਪਾਰੀ ਵਿੱਚ ਉਸ ਨੇ 10 ਜਾਂ ਵੱਧ ਛੱਕੇ ਮਾਰੇ ਹਨ।
ਅਭਿਸ਼ੇਕ ਸ਼ਰਮਾ ਨੇ ਭਾਰਤੀ ਬੱਲੇਬਾਜ਼ ਵਿੱਚੋਂ ਸਭ ਤੋਂ ਵੱਧ ਆਈਪੀਐਲ ਪਾਰੀਆਂ ਵਿੱਚ 6+ ਛੱਕੇ ਮਾਰੇ ਹਨ:
9: ਅਭਿਸ਼ੇਕ ਸ਼ਰਮਾ
8: ਸੰਜੂ ਸੈਮਸਨ
6: ਰਿਸ਼ਭ ਪੰਤ
5: ਯੂਸਫ਼ ਪਠਾਨ
5: ਸ਼੍ਰੇਅਸ ਅਈਅਰ
5: ਕੇਐਲ ਰਾਹੁਲ
5: ਸ਼ੁਭਮਨ ਗਿੱਲ
ਕ੍ਰਿਕਟਰ ਅਭਿਸ਼ੇਕ ਸ਼ਰਮਾ ਇੱਕ ਘਰੇਲੂ ਕ੍ਰਿਕਟ ਵਿੱਚ ਪੰਜਾਬ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦਾ ਹੈ। ਉਸਨੇ 25 ਫਰਵਰੀ 2017 ਨੂੰ 2016-17 ਵਿਜੇ ਹਜ਼ਾਰੇ ਟਰਾਫੀ ਵਿੱਚ ਪੰਜਾਬ ਲਈ ਆਪਣਾ ਲਿਸਟ ਏ ਡੈਬਿਊ ਕੀਤਾ। ਉਸਨੇ 6 ਅਕਤੂਬਰ 2017 ਨੂੰ 2017-18 ਰਣਜੀ ਟਰਾਫੀ ਵਿੱਚ ਪੰਜਾਬ ਲਈ ਆਪਣਾ ਪਹਿਲਾ ਦਰਜਾ ਡੈਬਿਊ ਕੀਤਾ ਸੀ। ਦਸੰਬਰ 2017 ਵਿੱਚ ਉਸਨੂੰ ਨਿਊਜ਼ੀਲੈਂਡ ਵਿੱਚ ਹੋਏ 2018 ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਜਨਵਰੀ 2018 ਵਿੱਚ ਉਸਨੂੰ 2018 ਦੀ ਆਈਪੀਐਲ ਨਿਲਾਮੀ ਵਿੱਚ ਦਿੱਲੀ ਡੇਅਰਡੇਵਿਲਜ਼ ਨੇ 55 ਲੱਖ ਰੁਪਏ ਵਿੱਚ ਖ੍ਰੀਦਿਆ ਸੀ। 12 ਮਈ 2018 ਨੂੰ ਉਸਨੇ ਆਈਪੀਐਲ ਵਿੱਚ ਦਿੱਲੀ ਡੇਅਰਡੇਵਿਲਜ਼ ਲਈ ਖੇਡਦੇ ਹੋਏ ਆਪਣਾ ਟੀ-20 ਡੈਬਿਊ ਕੀਤਾ। ਫਰਵਰੀ 2022 ਵਿੱਚ ਉਸਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ ਖਰੀਦਿਆ। 2022 ਦੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਵੀ ਉਸਨੇ 14 ਮੈਚ ਖੇਡੇ ਅਤੇ ਕੁੱਲ 426 ਦੌੜਾਂ ਬਣਾਈਆਂ ਸਨ।
