ਯੂਜੀਨ – ਓਲੰਪਿਕ ਚੈਂਪੀਅਨ ਨੇਜ਼ਾ ਸੁੱਟ ਅਥਲੀਟ ਨੀਰਜ ਚੋਪੜਾ ਨੇ ਪਹਿਲੀ ਹੀ ਕੋਸ਼ਿਸ਼ ਵਿਚ 88.39 ਮੀਟਰ ਦੀ ਥ੍ਰੋਅ ਸੁੱਟ ਕੇ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਜਦਕਿ ਰੋਹਿਤ ਯਾਦਵ ਨੇ ਵੀ ਫਾਈਨਲ ਵਿਚ ਪੁੱਜ ਕੇ ਭਾਰਤ ਲਈ ਨਵਾਂ ਇਤਿਹਾਸ ਰਚ ਦਿੱਤਾ। ਮੈਡਲ ਦੇ ਮੁੱਖ ਦਾਅਵੇਦਾਰ ਨੀਰਜ ਨੇ ਗਰੁੱਪ-ਏ ਕੁਆਲੀਫਿਕੇਸ਼ਨ ਵਿਚ ਸ਼ੁਰੂਆਤ ਕੀਤੀ ਤੇ 88.39 ਮੀਟਰ ਦਾ ਥ੍ਰੋਅ ਕੀਤਾ। ਇਹ ਉਨ੍ਹਾਂ ਦੇ ਕਰੀਅਰ ਦਾ ਤੀਜਾ ਸਰਬੋਤਮ ਥ੍ਰੋਅ ਸੀ। ਉਹ ਪਿਛਲੀ ਵਾਰ ਦੇ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਤੋਂ ਬਾਅਦ ਦੂਜੇ ਸਥਾਨ ‘ਤੇ ਰਹੇ। ਪੀਟਰਸ ਨੇ ਗਰੁੱਪ-ਬੀ ਵਿਚ 89.91 ਮੀਟਰ ਦਾ ਥ੍ਰੋਅ ਸੁੱਟਿਆ। ਨੀਰਜ ਦਾ ਕੁਆਲੀਫਿਕੇਸ਼ਨ ਗੇੜ ਕੁਝ ਮਿੰਟ ਹੀ ਚੱਲਿਆ ਕਿਉਂਕਿ ਆਪਣੇ ਆਪ ਕੁਆਲੀਫਿਕੇਸ਼ਨ ਮਾਰਕ ਪਹਿਲੀ ਹੀ ਕੋਸ਼ਿਸ਼ ਵਿਚ ਹਾਸਲ ਕਰਨ ਨਾਲ ਉਨ੍ਹਾਂ ਨੂੰ ਬਾਕੀ ਦੋ ਥ੍ਰੋਅ ਸੁੱਟਣੇ ਨਹੀਂ ਪਏ। ਜ਼ਿਕਰਯੋਗ ਹੈ ਕਿ ਹਰ ਪ੍ਰਤੀਯੋਗੀ ਨੂੰ ਤਿੰਨ ਮੌਕੇ ਮਿਲਦੇ ਹਨ।
ਰੋਹਿਤ ਨੇ ਗਰੁੱਪ-ਬੀ ਵਿਚ 80.42 ਮੀਟਰ ਦਾ ਥ੍ਰੋਅ ਸੁੱਟਿਆ। ਉਹ ਗਰੁੱਪ-ਬੀ ਵਿਚ ਛੇਵੇਂ ਸਥਾਨ ‘ਤੇ ਕੁੱਲ 11ਵੇਂ ਸਥਾਨ ‘ਤੇ ਰਹੇ। ਉਨ੍ਹਾਂ ਦਾ ਦੂਜਾ ਥ੍ਰੋਅ ਫਾਊਲ ਰਿਹਾ ਤੇ ਆਖ਼ਰੀ ਕੋਸ਼ਿਸ਼ ਵਿਚ 77.32 ਮੀਟਰ ਦਾ ਥ੍ਰੋਅ ਹੀ ਸੁੱਟ ਸਕੇ। ਉਨ੍ਹਾਂ ਦਾ ਸੈਸ਼ਨ ਦਾ ਸਰਬੋਤਮ ਪ੍ਰਦਰਸ਼ਨ 82.54 ਮੀਟਰ ਹੈ। ਇਹ ਪ੍ਰਦਰਸ਼ਨ ਉਨ੍ਹਾਂ ਨੇ ਰਾਸ਼ਟਰੀ ਇੰਟਰ ਸਟੇਟ ਚੈਂਪੀਅਨਸ਼ਿਪ ਦੌਰਾਨ ਕੀਤਾ ਸੀ ਜਿੱਥੇ ਉਨ੍ਹਾਂ ਨੂੰ ਪਿਛਲੇ ਮਹੀਨੇ ਸਿਲਵਰ ਮੈਡਲ ਮਿਲਿਆ ਸੀ। ਮੈਡਲ ਦਾ ਮੁਕਾਬਲਾ ਐਤਵਾਰ ਨੂੰ ਹੋਵੇਗਾ।
ਦੋਵਾਂ ਕੁਆਲੀਫਿਕੇਸ਼ਨ ਗਰੁੱਪਾਂ ਤੋਂ 83.50 ਮੀਟਰ ਦਾ ਅੜਿੱਕਾ ਪਾਰ ਕਰਨ ਵਾਲੇ ਜਾਂ ਸਿਖਰਲੇ 12 ਖਿਡਾਰੀ ਫਾਈਨਲ ਵਿਚ ਪੁੱਜੇ ਹਨ। ਨੀਰਜ ਦਾ ਸਰਬੋਤਮ ਨਿੱਜੀ ਪ੍ਰਦਰਸ਼ਨ 89.94 ਮੀਟਰ ਹੈ। ਉਨ੍ਹਾਂ ਨੇ ਲੰਡਨ ਵਿਸ਼ਵ ਚੈਂਪੀਅਨਸ਼ਿਪ 2017 ਵਿਚ ਹਿੱਸਾ ਲਿਆ ਸੀ ਪਰ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ ਸਨ। ਦੋਹਾ ਵਿਚ 2019 ਵਿਸ਼ਵ ਚੈਂਪੀਅਨਸ਼ਿਪ ਵਿਚ ਉਹ ਕੂਹਣੀ ਦੇ ਆਪ੍ਰਰੇਸ਼ਨ ਕਾਰਨ ਨਹੀਂ ਖੇਡ ਸਕੇ ਸਨ। ਨੀਰਜ ਨੇ ਇਸ ਸੈਸ਼ਨ ਵਿਚ ਦੋ ਵਾਰ ਪੀਟਰਸ ਨੂੰ ਹਰਾਇਆ ਹੈ ਜਦਕਿ ਪੀਟਰਸ ਡਾਇਮੰਡ ਲੀਗ ਵਿਚ ਜੇਤੂ ਰਹੇ ਸਨ। ਪੀਟਰਸ ਤਿੰਨ ਵਾਰ 90 ਮੀਟਰ ਤੋਂ ਵੱਧ ਦਾ ਥ੍ਰੋਅ ਸੁੱਟ ਚੁੱਕੇ ਹਨ।