ਅੰਮ੍ਰਿਤਸਰ – ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਕੇਂਦਰੀ ਬਜਟ ਨੂੰ ਵਿਕਾਸ-ਮੁਖੀ, ਮੱਧ ਵਰਗ ਸਮੇਤ ਸਮੂਹ ਵਰਗਾਂ ਲਈ ਲਾਹੇਵੰਦ ਦੱਸਦਿਆਂ ਕਿਹਾ ਕਿ ਇਹ ਬਜਟ ਚਾਰੇ ਪਾਸੇ ਆਰਥਿਕ ਖੁਸ਼ਹਾਲੀ ’ਚ ਨਵੀਂ ਜਾਨ ਪਾਵੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਆਮਦਨ ਮਿਆਦ ਨੂੰ ਮੌਜੂਦਾ 7 ਲੱਖ ਰੁਪਏ ਤੋਂ ਵਧਾ ਕੇ 12 ਲੱਖ ਰੁਪਏ ਕਰਕੇ ਤਨਖਾਹਦਾਰ ਵਰਗ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਰਾਹਤ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਆਰਥਿਕ ਵਿਕਾਸ ’ਚ ਸਹਾਇਤਾ ਕਰੇਗਾ ਅਤੇ ਸਮਾਜ ਦੇ ਇਕ ਵੱਡੇ ਵਰਗ ਨੂੰ ਵਿੱਤੀ ਬੜ੍ਹਾਵਾ ਦੇਵੇਗਾ।
ਸ: ਛੀਨਾ ਨੇ ਬਜਟ ਦੇ ਰੱਖਿਆ, ਬੁਨਿਆਦੀ ਢਾਂਚੇ, ਉਦਯੋਗ ਅਤੇ ਖੇਤੀਬਾੜੀ ’ਤੇ ਧਿਆਨ ਕੇਂਦਰਿਤ ਕਰਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੈਡੀਕਲ ਸਿੱਖਿਆ ਜੋ ਕਿ ਸਮੇਂ ਦੀ ਲੋੜ ਹੈ, ਨੂੰ ਅਗਲੇ ਕੁਝ ਸਾਲਾਂ ’ਚ ਦੇਸ਼ ਦੇ ਮੈਡੀਕਲ ਕਾਲਜਾਂ ’ਚ 75000 ਤੋਂ ਵੱਧ ਸੀਟਾਂ ਜੋੜਨ ਦੇ ਵੱਡੇ ਟੀਚੇ ਵੀ ਅਲਾਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ’ਚ ਕਿਸਾਨਾਂ ’ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ ਅਤੇ ਕਿਸਾਨਾਂ ਲਈ ਕ੍ਰੈਡਿਟ ਕਾਰਡ ਮਿਆਦ ਨੂੰ ਵਧਾ ਕੇ 5 ਲੱਖ ਰੁਪਏ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਸਲਾਂ ਦੇ ਬੀਮੇ ਤੋਂ ਇਲਾਵਾ ਫਸਲਾਂ ਦੀ ਵਿਭਿੰਨਤਾ ਅਤੇ ਡਿਜੀਟਲ ਮੈਪਿੰਗ ਵੀ ਇੱਕ ਸਲਾਹੁਣਯੋਗ ਕਦਮ ਹੈ।
ਸ: ਛੀਨਾ ਨੇ ਕਿਹਾ ਕਿ ਹੁਨਰ ਵਿਕਾਸ ’ਤੇ ਕੇਂਦ੍ਰਿਤ ਨਵੇਂ ਵਿੱਦਿਅਕ ਪ੍ਰੋਜੈਕਟ ਸ਼ਲਾਘਾਯੋਗ ਹਨ ਅਤੇ ਉਨ੍ਹਾਂ ਨੇ ਸ੍ਰੀ ਮੋਦੀ ਨੂੰ ਇਕ ਦੂਰਦਰਸ਼ੀ ਨੇਤਾ ਦੱਸਦਿਆਂ ਕਿਹਾ ਕਿ ਭਾਰਤ ਨੂੰ ਵਿਕਾਸ ਦੇ ਨਵੇਂ ਰਾਹ ’ਤੇ ਲੈ ਜਾਣਗੇ ਅਤੇ ਬਜਟ ਵੰਡ ਪ੍ਰਧਾਨ ਮੰਤਰੀ ਦੇ ਵਿਕਾਸ ਭਾਰਤ ਦੇ ਸੁਪਨੇ ਦਾ ਸਪੱਸ਼ਟ ਸੂਚਕ ਹਨ। ਉਨ੍ਹਾਂ ਕਿਹਾ ਕਿ ਸਮਾਜ ਦੇ ਗਰੀਬ ਵਰਗ ਅਤੇ ਆਮ ਤੌਰ ’ਤੇ ਔਰਤਾਂ ਲਈ ਕਈ ਯੋਜਨਾਵਾਂ ਹਨ। ਸ: ਛੀਨਾ ਨੇ ਕਿਹਾ ਕਿ ਆਈ. ਟੀ. ਸੇਵਾ ਖੇਤਰ, ਡਿਜੀਟਲ ਸੇਵਾਵਾਂ ਅਤੇ ਆਮ ਤੌਰ ’ਤੇ ਉਦਯੋਗਾਂ ’ਤੇ ਜ਼ੋਰ ਦੇਣ ਨਾਲ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ।