ਸ੍ਰੀ ਅਨੰਦਪੁਰ ਸਾਹਿਬ – ਕੇਂਦਰ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਾਵੇ। ਇਹ ਮੰਗ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਇਸਤਰੀ ਅਕਾਲੀ ਦਲ ਦੀ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤੀ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੰਨ 1925 ਤੋਂ ਲੈ ਕੇ ਹਰ ਪੰਜ ਸਾਲ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਸਨ ਪਰ ਸੰਨ 1966 ਵਿਚ ਜਦੋਂ ਪੰਜਾਬ, ਹਿਮਾਚਲ, ਹਰਿਆਣਾ,
ਚੰਡੀਗੜ੍ਹ ਵੱਖਰੇ ਹੋ ਗਏ ਤਾਂ ਇਹ ਕੇਂਦਰ ਦਾ ਮੁੱਦਾ ਬਣ ਗਿਆ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਉਣ ਦੀ ਤਾਕਤ ਕੇਂਦਰ ਸਰਕਾਰ ਦੇ ਕੋਲ ਚਲੀ ਗਈ ਤੇ ਇਹ ਨੈਸ਼ਨਲ ਮੁੱਦਾ ਬਣ ਗਿਆ। ਹੁਣ ਇਹ ਚੋਣ ਭਾਰਤ ਸਰਕਾਰ ਨੇ ਕਰਾਉਣੀ ਹੁੰਦੀ ਹੈ ਤੇ ਅਸੀਂ ਹਰ ਵਾਰ ਲਿਖ ਕੇ ਭੇਜਦੇ ਹਾਂ ਕਿ ਸਰਕਾਰ ਤੁਰੰਤ ਚੋਣ ਕਰਾਵੇ। ਹੁਣ ਵੀ ਸ਼੍ਰੋਮਣੀ ਕਮੇਟੀ ਚੋਣਾਂ ਦਾ ਸਮਾਂ 5 ਸਾਲ ਦੀ ਜਗ੍ਹਾ 11 ਸਾਲ ਹੋ ਚੁੱਕਾ ਹੈ ਤੇ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਤੁਰੰਤ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਹੈ ਤੇ ਲੋਕਾਂ ਨੇ ਚੁਣ ਕੇ ਮੈਂਬਰ ਭੇਜਣੇ ਹੁੰਦੇ ਹਨ। ਜੇਕਰ ਕੋਈ ਮੈਂਬਰ ਗਲਤ ਚੁਣਿਆ ਜਾਵੇ ਤਾਂ ਲੋਕਾਂ ਨੂੰ ਹੱਕ ਹੈ ਕਿ ਦੁਬਾਰਾ ਚੋਣਾਂ ਦੋਰਾਨ ਆਪਣੀ ਮਰਜੀ ਦਾ ਮੈਂਬਰ ਚੁਣ ਕੇ ਗੁਰੂ ਘਰ ਦੇ ਪ੍ਰਬੰਧ ਲਈ ਭੇਜਿਆ ਜਾਵੇ।
ਪੰਜਾਬ ਦੇ ਹਾਲਾਤਾਂ ਬਾਰੇ ਬੋਲਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥੀਤੀ ਬੁਰੀ ਤਰਾਂ ਵਿਗੜ ਚੁੱਕੀ ਹੈ। ਸਾਰੇ ਪੰਜਾਬ ਵਿਚ ਰੋਜ਼ਾਨਾ ਕੋਈ ਨਾ ਕੋਈ ਕਤਲ, ਡਾਕੇ, ਫਿਰੌਤੀਆਂ ਵਾਲੇ ਹਾਲਾਤ ਬਣੇ ਹੋਏ ਹਨ, ਇਹ ਸਿੱਧ ਕਰਦਾ ਹੈ ਕਿ ਸਰਕਾਰ ਅਨਾੜੀ ਹੈ ਤੇ ਤਜ਼ਰਬੇਕਾਰਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਤੇ ਵਿਕਾਸ ਬਹੁਤ ਖਰਾਬ ਹੋ ਚੁੱਕੇ ਹਨ ਤੇ ਪੰਜਾਬ ਵਾਸੀ ਇਸ ਦਾ ਸੰਤਾਪ ਭੁਗਤ ਰਹੇ ਹਨ। ਕੇਂਦਰ ਸਰਕਾਰ ਦੀ ਈਡੀ ਵਲੋਂ ਰਾਹੁਲ ਗਾਂਧੀ ਤੋਂ ਕੀਤੀ ਜਾ ਰਹੀ ਪੁੱਛਗਿੱਛ ਸਬੰਧੀ ਗਰਮ ਖਿਆਲੀ ਆਗੂ ਸਿਮਰਨਜੀਤ ਸਿੰਘ ਮਾਨ ਵਲੋਂ ਰਾਹੁਲ ਗਾਂਧੀ ਦੇ ਹੱਕ ਵਿਚ ਕੀਤੀ ਗਈ ਬਿਆਨਬਾਜੀ ਬਾਰੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਥ ਦੇ ਨਾਮ ‘ਤੇ ਵੋਟਾਂ ਮੰਗਣ ਵਾਲੇ ਮਾਨ ਸਾਹਿਬ ਨੂੰ ਉਨ੍ਹਾਂ ਦੇ ਹੱਕ ‘ਚ ਨਹੀ ਬੋਲਣਾ ਚਾਹੀਦਾ ਜਿਨ੍ਹਾਂ ਨੇ ਪੰਥ ਦੀ ਨਸਲਕੁਸ਼ੀ ਕੀਤੀ ਹੋਵੇ।
ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁਲੇਵਾਲਾ ਰਾਠਾ, ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਪਰਮਜੀਤ ਕੌਰ ਲਾਂਡਰਾ, ਮੈਨੇਜਰ ਗੁਰਦੀਪ ਸਿੰਘ ਕੰਗ, ਖਾਲਸਾ ਕਾਲਜ ਦੇ ਪ੍ਰਿੰਸੀਪਲ ਜਸਬੀਰ ਸਿੰਘ, ਦਵਿੰਦਰ ਸਿੰਘ ਢਿੱਲੋਂ, ਜਗਨੰਦਨ ਸਿੰਘ ਆਦਿ ਹਾਜ਼ਰ ਸਨ।
