ਆਸਟਰੇਲੀਆ- ਨਿਊ ਸਾਊਥ ਵੇਲਜ਼ ਵਿਚਲੇ ਕੇਂਪਬੈਲਟਾਊਨ ਹਸਪਤਾਲ ਦਾ ਨਵੀਨੀਕਰਣ ਰਾਜ ਸਰਕਾਰ ਨੇ 632 ਮਿਲੀਅਨ ਡਾਲਰ ਲਗਾ ਕੇ ਕੀਤਾ ਹੈ ਅਤੇ ਇਸ ਨਿਵੇਸ਼ ਸਦਕਾ ਇੱਥੇ ਹੁਣ ਇੱਕ 12 ਮੰਜ਼ਿਲਾ ਇਮਾਰਤ ਬਣ ਕੇ ਤਿਆਰ ਬਰ ਤਿਆਰ ਖੜ੍ਹੀ ਹੈ। ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਅਤੇ ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਇਸ ਨਵੀਂ ਇਮਾਰਤ ਦਾ ਦੌਰਾ ਕੀਤਾ ਅਤੇ ਸਿਡਨੀ ਦੇ ਦੱਖਣੀ-ਪੱਛਮੀ ਖੇਤਰਾਂ ਦੇ ਹਸਪਤਾਲਾਂ ਵਿੱਚ ਅਗਲੇ ਮਹੀਨੇ ਤੋਂ ਜਨਤਕ ਸੇਵਾ ਲਈ ਤਿਆਰ ਕੀਤੀਆਂ ਗਈਆਂ 264 ਨਰਸਾਂ ਅਤੇ ਮਿਡਵਾਈਫਾਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਇਹ ਇਮਾਰਤ ਇਸ ਖੇਤਰ ਵਿੱਚ ਡਿਵੈਲਪਮੈਂਟ ਦਾ ਇੱਕ ਵੱਡਾ ਮਾਈਲਸਟੋਨ ਬਣ ਕੇ ਉਭਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਨਿਰਮਾਣ ਨਾਲ ਹੁਣ ਸਥਾਨਕ ਕੈਂਪਬੈਲਟਾਊਨ ਹਸਪਤਾਲ ਅੰਦਰ 50% ਤੋਂ ਵੀ ਜ਼ਿਆਦਾ ਵਾਧੂ ਬਿਸਤਰਿਆਂ ਦੀ ਸਹੂਲਤ ਮਰੀਜ਼ਾਂ ਲਈ ਬਣਾਈ ਗਈ ਹੈ। ਇਸ ਹਸਪਤਾਲ ਦੀ ਉਸਾਰੀ ਲਈ 700 ਸਿੱਧੇ ਤੌਰ ’ਤੇ ਰੋਜ਼ਗਾਰ ਸਥਾਪਤ ਹੋਏ ਹਨ ਅਤੇ ਇਸ ਨਾਲ ਰਾਜ ਸਰਕਾਰ ਦੀ ਅਰਥ-ਵਿਵਸਥਾ ਨੂੰ ਕੋਵਿਡ-19 ਵਿਚਲੀ ਮੰਦੀ ਦੀ ਮਾਰ ਵਿੱਚੋਂ ਉਭਰਨ ਦਾ ਸਹੀ ਰਸਤਾ ਵੀ ਮਿਲਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਸ ਨਵੀਂ ਇਮਾਰਤ ਅੰਦਰ ਜਿਹੜਾ ਨਵਾਂ ਜੱਚਾ-ਬੱਚਾ ਵਿਭਾਗ (ਮੈਟਰਨਿਟੀ ਹੋਮ) ਬਣਨਾ ਹੈ ਉਸ ਦੀ ਸਮਰੱਥਾ ਵੀ ਪਹਿਲਾਂ ਨਾਲੋਂ ਦੁੱਗਣੀ ਹੋਵੇਗੀ ਅਤੇ ਇਸ ਵਿੱਚ ਨਵੀਆਂ ਸੁਵਿਧਾਵਾਂ ਦੇ ਨਾਲ ਨਾਲ ਦਿਮਾਗੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦੇ ਸਮਾਧਾਨ ਦੇ ਵੀ ਹੀਲੇ ਵਸੀਲੇ ਹੋਣਗੇ।
ਇਸ ਹਸਪਤਾਲ ਦੇ ਦੂਸਰੇ ਪੜਾਅ ਦੀ ਉਸਾਰੀ ਅਧੀਨ ਇੱਥੇ ਜਿਹੜੀਆਂ ਨਵੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਉਹ ਇਸ ਪ੍ਰਕਾਰ ਹਨ: ਕਲਾ ਅਤੇ ਸਭਿਆਚਾਰ ਨਾਲ ਸਜਾਇਆ ਗਿਆ ਡਿਜੀਟਲ ਆਪ੍ਰੇਸ਼ਨ ਥਿਏਟਰ ਅਤੇ ਰਿਕਵਰੀ ਵਾਲੇ ਕਮਰੇ; ਦੰਦਾਂ ਅਤੇ ਮੂੰਹ ਆਦਿ ਦੀਆਂ ਸਮੱਸਿਆਵਾਂ ਲਈ ਨਵੇਂ ਵਿਭਾਗ; ਆਈ.ਸੀ.ਯੂ. ਵਿਚਲੇ ਦੁਗਣੀ ਮਾਤਰਾ ਵਿੱਚ ਬੈਡ; ਕੈਂਸਰ ਦੇ ਇਲਾਜ ਲਈ ਸੈਂਟਰ; ਜੱਚਾ-ਬੱਚਾ ਵਿਭਾਗ ਵਿੱਚ ਦੁੱਗਣੇ ਬੈਡ; ਆਧੁਨਿਕ ਤਕਨੀਕਾਂ ਨਾਲ ਲੈਸ ਰੇਡੀਆਲੋਜੀ ਵਿਭਾਗ ਅਤੇ ਦਿਮਾਗੀ ਸਿਹਤ ਸਬੰਧੀ ਨਵੇਂ ਅਤੇ ਆਧੁਨਿਕ ਤਕਨੀਕਾਂ ਵਾਲੇ ਇਲਾਜਾਂ ਨਾਲ ਲੈਸ ਨਵੇਂ ਵਿਭਾਗ ਆਦਿ ਸ਼ਾਮਿਲ ਹੋਣਗੇ। ਕੈਮਡਨ ਖੇਤਰ ਦੇ ਐਮ.ਪੀ. ਪੀਟਰ ਸਿਡਗਰੀਵਜ਼ ਅਤੇ ਵੋਲੋਨਡਿਲੀ ਤੋਂ ਐਮ.ਪੀ. ਨੈਥੇਨੀਅਲ ਸਮਿਥ ਨੇ ਸਰਕਾਰ ਦੇ ਇਸ ਪ੍ਰਾਜੈਕਟ ਅਤੇ ਖੇਤਰ ਵਿਚਲੀ ਕਾਇਕਲਪ ਵਾਸਤੇ ਸਰਕਾਰ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਪ੍ਰਾਜੈਕਟ ਛੇਤੀ ਹੀ ਲੋਕਾਂ ਦੀ ਸੇਵਾ ਲਈ ਖੋਲ੍ਹ ਦਿੱਤਾ ਜਾਵੇਗਾ।