ਦੁਬਈ – ਭਾਰਤੀ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਦੱਖਣੀ ਅਫਰੀਕਾ ਖ਼ਿਲਾਫ਼ ਸੈਂਚੁਰੀਅਨ ’ਚ ਪਹਿਲੇ ਟੈਸਟ ’ਚ ਮਿਲੀ 113 ਦੌੜਾਂ ਦੀ ਜਿੱਤ ਵਿਚ ‘ਮੈਨ ਆਫ ਦ ਮੈਚ’ ਪ੍ਰਦਰਸ਼ਨ ਦੀ ਬਦੌਲਤ ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ’ਚ 18 ਰੈਂਕਿੰਗ ਦੇ ਫ਼ਾਇਦੇ ਨਾਲ ਬੱਲਬਾਜ਼ਾਂ ਦੀ ਸੂਚੀ ਵਿਚ 31ਵੇਂ ਸਥਾਨ ’ਤੇ ਪਹੁੰਚ ਗਏ ਹਨ। ਰਾਹੁਲ ਦੀ ਇਸ ਫਾਰਮੈਟ ਵਿਚ ਸਰਬੋਤਮ ਰੈਂਕਿੰਗ ਅੱਠ ਹੈ ਜਿਹੜੀ ਉਨ੍ਹਾਂ ਨਵੰਬਰ 2017 ਵਿਚ ਹਾਸਲ ਕੀਤੀ ਸੀ। ਉਨ੍ਹਾਂ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿਚ 123 ਦੌੜਾਂ ਬਣਾਈਆਂ ਸਨ। ਮਯੰਕ ਅਗਰਵਾਲ ਨੂੰ ਇਕ ਰੈਂਕਿੰਗ ਦਾ ਫ਼ਾਇਦਾ ਹੋਇਆ ਜਦਕਿ ਅਜਿੰਕੇ ਰਹਾਣੇ ਦੋ ਰੈਂਕਿੰਗ ਦੀ ਛਲਾਂਗ ਨਾਲ 25ਵੇਂ ਸਥਾਨ ’ਤੇ ਪਹੁੰਚ ਗਏ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਵੀ ਰੈਂਕਿੰਗ ’ਚ ਉੱਪਰ ਚੜ੍ਹਨ ਵਾਲੇ ਹੋਰ ਭਾਰਤੀ ਹਨ। ਬੁਮਰਾਹ ਮੈਚ ’ਚ ਪੰਜ ਵਿਕਟਾਂ ਹਾਸਲ ਕਰ ਕੇ ਤਿੰਨ ਰੈਂਕਿੰਗ ਉੱਪਰ ਪਹੁੰਚ ਕੇ ਨੌਵੇਂ ਸਥਾਨ ’ਤੇ ਹਨ ਜਦਕਿ ਸ਼ਮੀ ਨੇ ਅੱਠ ਵਿਕਟਾਂ ਹਾਸਲ ਕੀਤੀਆਂ ਜਿਸ ਵਿਚ ਪਹਿਲੀ ਪਾਰੀ ਦੀਆਂ ਪੰਜ ਵਿਕਟਾਂ ਵੀ ਸ਼ਾਮਲ ਹਨ। ਇਸ ਪ੍ਰਦਰਸ਼ਨ ਨਾਲ ਸ਼ਮੀ ਦੋ ਰੈਂਕਿੰਗ ਦੇ ਫ਼ਾਇਦੇ ਨਾਲ 17ਵੇਂ ਸਥਾਨ ’ਤੇ ਪਹੁੰਚ ਗਏ। ਦੱਖਣੀ ਅਫਰੀਕਾ ਲਈ ਕਪਤਾਨ ਅਤੇ ਸਲਾਮੀ ਬੱਲੇਬਾਜ਼ ਡੀਨ ਏਲਗਰ ਦੋ ਰੈਂਕਿੰਗ ਦੇ ਫ਼ਾਇਦੇ ਨਾਲ 14ਵੇਂ ਸਥਾਨ ’ਤੇ ਪਹੁੰਚੇ ਹਨ ਜਿਨ੍ਹਾਂ ਦੂਜੀ ਪਾਰੀ ਵਿਚ 77 ਦੌੜਾਂ ਬਣਾਈਆਂ ਸਨ। ਤੇਂਬ ਬਾਵੁਮਾ 16 ਰੈਂਕਿੰਗ ਦੀ ਛਲਾਂਗ ਲਗਾ ਕੇ 39ਵੇਂ ਸਥਾਨ ’ਤੇ ਪਹੁੰਚ ਗਏ। ਕੈਗਿਸੋ ਰਬਾਦਾ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਇਕ ਸਥਾਨ ਉੱਪਰ ਛੇਵੇਂ ਸਥਾਨ ’ਤੇ ਜਦਕਿ ਉਨ੍ਹਾਂ ਦੇ ਸਾਥੀ ਤੇਜ਼ ਗੇਂਦਬਾਜ਼ ਲੁੰਗੀ ਨਗਿਦੀ 16 ਰੈਂਕਿੰਗ ਦੀ ਛਲਾਂਗ ਨਾਲ 30ਵੇਂ ਸਥਾਨ ’ਤੇ ਪਹੁੰਚ ਗਏ।