ਅਹਿਮਦਾਬਾਦ – ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸ਼ਨਿਚਰਵਾਰ ਨੂੰ ਅਹਿਮਦਾਬਾਦ ’ਚ ਰੋਡ ਸ਼ੋਅ ਕਰਨਗੇ। ‘ਆਪ’ ਦੇ ਦੋਵੇਂ ਆਗੂ ਦੋ ਦਿਨ ਦੇ ਗੁਜਰਾਤ ਦੌਰੇ ’ਤੇ ਪਹੁੰਚ ਰਹੇ ਹਨ। ਗੁਜਰਾਤ ’ਚ ਦਸੰਬਰ ’ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ। ਗੁਜਰਾਤ ’ਚ ‘ਆਪ’ ਦੇ ਜਨਰਲ ਸਕੱਤਰ ਮਨੋਜ ਸੋਰਾਠੀਆ ਨੇ ਕਿਹਾ ਕਿ ਦੋ ਕਿਲੋਮੀਟਰ ਦੇ ਰੋਡ ਸ਼ੋਅ ਨੂੰ ਤਿਰੰਗਾ ਯਾਤਰਾ ਦਾ ਨਾਂ ਦਿੱਤਾ ਗਿਆ ਹੈ। ਇਸ ’ਚ ਅਹਿਮਦਾਬਾਦ ਦਾ ਨਿਕੋਲ ਤੇ ਬਾਪੂਨਗਰ ਇਲਾਕਾ ਸ਼ਾਮਲ ਹੋਵੇਗਾ। ਪੂਰੇ ਸੂਬੇ ਦੇ ਪਾਰਟੀ ਦੇ ਸਾਰੇ ਪ੍ਰਮੁੱਖ ਆਗੂਆਂ ਸਮੇਤ ਕਰੀਬ 50,000 ਲੋਕ ਇਸ ’ਚ ਹਿੱਸਾ ਲੈਣਗੇ। ਕੁਝ ਦਿਨ ਪਹਿਲਾਂ ਕੇਜਰੀਵਾਲ ਦੀ ਦਿੱਲੀ ’ਚ ਰਿਹਾਇਸ਼ ਦੇ ਬਾਹਰ ਵਿਰੋਧ ਤੇ ਤੋੜਭੰਨ ਨੂੰ ਦੇਖਦਿਆਂ ‘ਆਪ’ ਦੀ ਗੁਜਰਾਤ ਇਕਾਈ ਨੇ ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਸੰਜੈ ਸ੍ਰੀਵਾਸਤਵ ਨੂੰ ਦੋਵਾਂ ਆਗੂਆਂ ਦੀ ਸੁਰੱਖਿਆ ਲਈ ਵਧੇਰੇ ਪ੍ਰਬੰਧ ਕਰਨ ਲਈ ਕਿਹਾ ਹੈ। ਗੁਜਰਾਤ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੂੰ ਭਾਰਤੀ ਟ੍ਰਾਈਬਲ ਪਾਰਟੀ (ਬੀਟੀਪੀ) ਦਾ ਸਾਥ ਮਿਲ ਸਕਦਾ ਹੈ। ਬੀਟੀਪੀ ਦੇ ਪ੍ਰਧਾਨ ਤੇ ਵਿਧਾਇਕ ਮਹੇਸ਼ ਬਸਾਵਾ ਨੇ ਅਰਵਿੰਦ ਕੇਜਰੀਵਾਲ ਨਾਲ ਮੁੁਲਾਕਾਤ ਕੀਤੀ ਹੈ। ‘ਆਪ’ ਆਗੂ ਗੋਪਾਲ ਇਟਾਲੀਆ ਤੇ ਈਸ਼ੂਦਾਨ ਗੜਵੀ ਨੇ ਪਿਛਲੇ ਦਿਨੀਂ ਬੀਟੀਪੀ ਦੇ ਕੌਮੀ ਪ੍ਰਧਾਨ ਤੇ ਵਿਧਾਇਕ ਛੋਟੂਪਾਈ ਬਸਾਵਾ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚ ਕੇ ਮੁਲਾਕਾਤ ਕੀਤੀ ਸੀ।