ਲਾਹੌਰ – ਪਾਕਿਸਤਾਨ ਦੇ ਇੱਕ ਤੇਜ਼ ਗੇਂਦਬਾਜ਼ ਨੇ ਮੈਦਾਨ ਵਿੱਚ ਹੀ ਆਪਣੇ ਸਾਥੀ ਖਿਡਾਰੀ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲਾਹੌਰ ਕਲੰਦਰਸ ਲਈ ਖੇਡਣ ਵਾਲੇ ਹਾਰਿਸ ਰਉਫ ਨੇ ਆਪਣੇ ਸਾਥੀ ਕਾਮਰਾਨ ਗੁਲਾਮ ਨੂੰ ਥੱਪੜ ਮਾਰਿਆ ਹੈ। ਪੇਸ਼ਾਵਰ ਜ਼ੁਲਮੀ ਦੇ ਖਿਲਾਫ ਮੈਚ ਵਿੱਚ ਗੁਲਾਮ ਨੇ ਰਊਫ ਦੀ ਗੇਂਦ ‘ਤੇ ਹਜ਼ਰਤੁੱਲਾ ਜ਼ਜ਼ਈ ਦਾ ਕੈਚ ਛੱਡ ਦਿੱਤਾ ਸੀ। ਇਸੇ ਓਵਰ ਦੀ ਆਖਰੀ ਗੇਂਦ ‘ਤੇ ਮੁਹੰਮਦ ਹੈਰਿਸ ਨੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਫਵਾਦ ਅਹਿਮਦ ਨੇ ਇੱਕ ਵਧੀਆ ਕੈਚ ਲੈ ਕੇ ਉਸ ਨੂੰ ਆਊਟ ਕਰ ਦਿੱਤਾ।
ਹਾਰਿਸ ਦੇ ਆਊਟ ਹੋਣ ਤੋਂ ਬਾਅਦ ਲਾਹੌਰ ਕਲੰਦਰਜ਼ ਦੇ ਸਾਰੇ ਖਿਡਾਰੀ ਰਊਫ ਨਾਲ ਜਸ਼ਨ ਮਨਾਉਣ ਪਹੁੰਚੇ। ਉਨ੍ਹਾਂ ਵਿੱਚ ਕਾਮਰਾਨ ਗੁਲਾਮ ਵੀ ਸ਼ਾਮਲ ਸਨ। ਇਸ ਦੌਰਾਨ ਰਊਫ ਨੇ ਉਸ ਨੂੰ ਥੱਪੜ ਮਾਰ ਦਿੱਤਾ। ਹਾਲਾਂਕਿ, ਕਿਸੇ ਵੀ ਖਿਡਾਰੀ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਮੈਚ ਵਿੱਚ ਸਭ ਕੁਝ ਆਮ ਵਾਂਗ ਰਿਹਾ। ਪੀਸੀਬੀ ਨੇ ਵੀ ਇਸ ਮਾਮਲੇ ‘ਤੇ ਰਊਫ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ। ਗੁਲਾਮ ਨੇ ਵੀ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਵਰਨਣਯੋਗ ਹੈ ਕਿ ਪਾਕਿਸਤਾਨ ਸੁਪਰ ਲੀਗ 2022 ਲਗਾਤਾਰ ਵਿਵਾਦਾਂ ਵਿੱਚ ਘਿਰੀ ਹੋਈ ਹੈ। ਪਹਿਲਾਂ ਜੇਮਸ ਫਾਕਨਰ ਨੇ ਇਸ ਲੀਗ ਵਿੱਚ ਖੇਡਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਸਨੂੰ ਪੈਸੇ ਨਹੀਂ ਮਿਲੇ। ਇਸ ਤੋਂ ਬਾਅਦ ਪੀਸੀਬੀ ਨੇ ਦੋਸ਼ ਲਾਇਆ ਕਿ ਫਾਕਨਰ ਨੇ ਸ਼ਰਾਬ ਪੀ ਕੇ ਪਾਕਿਸਤਾਨ ਦੇ ਇੱਕ ਹੋਟਲ ਵਿੱਚ ਭੰਨਤੋੜ ਕੀਤੀ ਸੀ। ਫਾਕਨਰ ਤੋਂ ਇਲਾਵਾ ਐਲੇਕਸ ਹੇਲਸ ਅਤੇ ਪਾਲ ਸਟਰਲਿੰਗ ਵਰਗੇ ਖਿਡਾਰੀ ਵੀ ਇਸ ਲੀਗ ਨੂੰ ਛੱਡ ਚੁੱਕੇ ਹਨ।