ਮਾਨਸਾ – ਬਾਲੀਵੁੱਡ ਦੇ ਫ਼ਿਲਮੀ ਸੀਨ ਵਾਂਗ ਬਰਨਾਲਾ ਜੇਲ੍ਹ ਦੇ ਇਕ ਕੈਦੀ ਨੇ ਮਾਨਸਾ ਮਾਣਯੋਗ ਅਦਾਲਤ ’ਚ ਪੇਸ਼ ਹੋ ਕੇ ਜੱਜ ਕੋਲ ਇਸ ਗੱਲ ਦੀ ਗੁਹਾਰ ਲਗਾਈ ਕਿ ਬਰਨਾਲਾ ਜੇਲ੍ਹ ਸੁਪਰਡੈਂਟ ਨੇ ਗਰਮ ਲੋਹੇ ਦੇ ਸਰੀਏ ਨਾਲ ਉਸਦੀ ਪਿੱਠ ’ਤੇ ‘ਅੱਤਵਾਦੀ’ ਲਿੱਖ ਦਿੱਤਾ ਹੈ। ਉਸਦੇ ਇਸ ਬਿਆਨ ਨਾਲ ਬਰਨਾਲਾ ਪ੍ਰਸ਼ਾਸਨ ਨੂੰ ਜਿੱਥੇ ਹੱਥਾਂ ਪੈਰਾਂ ਦੀ ਪੈ ਗਈ, ਉੱਥੇ ਹੀ ਸੋਸ਼ਲ ਮੀਡੀਆ ’ਤੇ ਉਸਦੀ ਵਾਇਰਲ ਤਸਵੀਰ ਨੇ ਵੀ ਜ਼ਿਲ੍ਹਾ ਬਰਨਾਲਾ ’ਚ ਤਰਥੱਲੀ ਮਚਾ ਦਿੱਤੀ। ਹੋਇਆ ਇੰਝ ਕਿ ਬਰਨਾਲਾ ਜੇਲ੍ਹ ਦੇ ਕੈਦੀ ਕਰਮਜੀਤ ਸਿੰਘ ਵਾਸੀ ਵੱਲ੍ਹਮਗੜ੍ਹ ਜ਼ਿਲ੍ਹਾ ਪਟਿਆਲਾ ਭਾਵੇਂ ਪਿਛਲੇ ਤਿੰਨ ਮਹੀਨਿਆਂ ਤੋਂ ਧੂਰੀ ਕਤਲ ਕੇਸ ਮਾਮਲੇ ’ਚ ਧਾਰਾ 302 ਤਹਿਤ ਕੈਦ ਕੱਟ ਰਿਹਾ ਹੈ। ਪਰ ਉਹ ਮਾਨਸਾ ਮਾਣਯੋਗ ਅਦਾਲਤ ’ਚ ਕਿਸੇ ਹੋਰ ਮਾਮਲੇ ਦੀ ਪੇਸ਼ੀ ਭੁਗਤਣ ਗਿਆ ਸੀ। ਪਰ ਜਦੋਂ ਉਸਨੇ ਜੱਜ ਸਾਹਮਣੇ ਆਪਣੇ ਬਦਨ ਤੋਂ ਕੱਪੜੇ ਉਤਾਰ ਪਿੱਠ ਦਿਖਾਈ ਤਾਂ ਜੱਜ ਵੀ ਹੱਕਾ ਬੱਕਾ ਰਹਿ ਗਿਆ ਕਿ ਉਸਦੀ ਪਿੱਠ ’ਤੇ ਜਿੱਥੇ ਮਾਰਕੁੱਟ ਦੇ ਨਿਸ਼ਾਨ ਸਨ, ਉੱਥੇ ਹੀ ਉਸਦੀ ਪਿੱਠ ’ਤੇ ‘ਅੱਤਵਾਦੀ’ ਲਿਖਿਆ ਹੋਇਆ ਸੀ। ਉਸਨੇ ਮਾਨਸਾ ਅਦਾਲਤ ’ਚ ਜੱਜ ਸਾਹਮਣੇ ਇਹ ਦੁਹਾਈਆਂ ਪਾਉਂਦਿਆਂ ਕਿਹਾ ਕਿ ਉਹ ਬਰਨਾਲਾ ਜੇਲ੍ਹ ਅੰਦਰ ਹੋ ਰਹੀਆਂ ਧਾਂਦਲੀਆਂ ਬਾਰੇ ਆਲਾ ਅਫ਼ਸਰਾਂ ਨੂੰ ਚਿੱਠੀਆਂ ਲਿਖਕੇ ਖ਼ੁਲਾਸਾ ਕਰਦਾ ਰਿਹਾ ਹੈ, ਜਿਸਦਾ ਨਤੀਜਾ ਬਰਨਾਲਾ ਜੇਲ੍ਹ ਸੁਪਰਡੈਂਟ ਨੇ ਉਸਦੀ ਬੇਰਹਿਮੀ ਨਾਲ ਮਾਰਕੁੱਟ ਕਰਕੇ ਤੇ ਉਸਦੀ ਪਿੱਠ ’ਤੇ ਲੋਹੇ ਦੇ ਗਰਮ ਸਰੀਏ ਨਾਲ ‘ਅੱਤਵਾਦੀ’ ਲਿੱਖਕੇ ਦਿੱਤਾ ਹੈ। ਕੈਦੀ ਨੇ ਆਪਣੀ ਨਾਲ ਹੋਈ ਜਿਆਦਤੀ ਤੇ ਹਿੰਦੀ ਫ਼ਿਲਮਾਂ ਦੇ ਸੀਨ ਵਾਂਗ ਦਿੱਤੇ ਤਸੀਹਿਆਂ ਦਾ ਇਨਸਾਫ਼ ਮੰਗਿਆ ਹੈ। ਜਿਸ ’ਤੇ ਅਮਲ ਕਾਰਵਾਈ ਕਰਦਿਆਂ ਮਾਨਸਾ ਦੇ ਸੀ.ਜੇ.ਐੱਮ ਦੀ ਅਦਾਲਤ ਨੇ ਸੀ.ਜੇ.ਐਮ-ਕਮ-ਜੁਡੀਸ਼ਿਅਲ ਮੈਜੀਸਟ੍ਰੇਟ ਬਰਨਾਲਾ ਨੂੰ ਮਾਮਲੇ ਦੀ ਜਾਂਚ ਕਰਨ ਤੇ ਜ਼ਿੰਮੇਵਾਰ ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਭਾਂਵੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ, ਪਰ ਦੇਰ ਸ਼ਾਮ ਤੱਕ ਬਰਨਾਲਾ ਦੇ ਪ੍ਰਸ਼ਾਸਨ ਵਲੋਂ ਇਸਦੀ ਉਕਾ ਹੀ ਭਿਣਕ ਨਹੀ ਲੱਗਣ ਦਿੱਤੀ ਗਈ। ਮਾਣਯੋਗ ਅਦਾਲਤ ’ਚ ਤਿਉਹਾਰਾਂ ਦੇ ਮੱਦੇਨਜ਼ਰ ਛੁੱਟੀ ਹੋਣ ਕਰਕੇ ਇਸ ਕੈਦੀ ਦੀ ਸੁਣਵਾਈ ਸੀ.ਜੇ.ਐਮ-ਕਮ-ਜੁਡੀਸ਼ਿਅਲ ਮੈਜੀਸਟ੍ਰੇਟ ਵਲੋਂ ਜਗ ਜਾਹਰ ਨਹੀ ਹੋ ਸਕੀ, ਪਰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਇਸਦੀ ਜਾਂਚ ’ਚ ਜੁਟਿਆ ਹੋਇਆ ਹੈ। ਜਦੋਂ ਇਸ ਮਾਮਲੇ ਸਬੰਧੀ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਿਰਮਲ ਸਿੰਘ ਅਪਰਾਧੀ ਕਿਸਮ ਦਾ ਵਿਅਕਤੀ ਹੈ। ਉਹ ਜਿੱਥੇ ਤਿੰਨ ਮਹੀਨਿਆਂ ਤੋਂ ਕਤਲ ਮਾਮਲੇ ’ਚ ਬਰਨਾਲਾ ਜੇਲ੍ਹ ਆਇਆ ਹੈ, ਉਸੇ ਦਿਨ ਤੋਂ ਹੀ ਉਹ ਇੱਥੇ ਆਪਣਾ ਗਰੁੱਪ ਖੜ੍ਹਾ ਕਰ ਕੇ ਜੇਲ੍ਹ ’ਚ ਕਾਨੂੰਨ ਤੋੜਨ ਦੀਆਂ ਵਿਉਂਤਬੰਦੀਆਂ ਘੜ੍ਹ ਰਿਹਾ ਹੈ। ਇਸ ਤੋਂ ਪਹਿਲਾਂ ਉਹ ਸੰਗਰੂਰ ਜੇਲ੍ਹ ’ਚ ਮੁਲਾਜ਼ਮ ਦੀ ਵਰਦੀ ਨੂੰ ਹੱਥ ਪਾਉਣ ਕਰ ਕੇ ਬਰਨਾਲਾ ਜੇਲ੍ਹ ’ਚ ਤਬਦੀਲ ਹੋਇਆ ਸੀ। ਉਸੇ ਦਿਨ ਤੋਂ ਹੀ ਉਹ ਇੱਥੇ ਆਪਣੇ ਬੈਰਕ ਵਾਲੇ ਹੋਰ ਜੇਲ੍ਹ ’ਚ 40 ਜਣਿਆਂ ਦੇ ਬੈਰਕ ’ਚ ਰੋਜ਼ਮਰਾ ਦੇ ਲੜਾਈ-ਝਗੜਿਆਂ ਤੇ ਗੈਰ-ਕਾਨੂੰਲੀ ਗਤੀਵਿਧੀਆਂ ਕਰ ਰਿਹਾ ਸੀ। ਉਸਦੇ ਬੈਰਕ ’ਚੋਂ ਪਿਛਲੇ ਦਿਨੀਂ ਮੋਬਾਇਲ ਵੀ ਬਰਾਮਦ ਹੋਏ ਹਨ। ਉਹ ਕਿਸੇ ਹੋਰ ਮਾਮਲੇ ’ਚ ਮਾਨਸਾ ਅਦਾਲਤ ’ਚ ਪੇਸ਼ੀ ਭੁਗਤਣ ਗਿਆ ਸੀ, ਜੋ ਉਸਨੇ ਉੱਥੇ ਮੇਰੇ ’ਤੇ ਦੋਸ਼ ਲਾਏ ਹਨ, ਉਹ ਸਾਰੇ ਹੀ ਝੂਠੇ ’ਤੇ ਬੇਬੁਨਿਆਦ ਹਨ।
previous post