ਕੈਨੇਡਾ ਦੀ ਸਰਕਾਰ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਇੱਕ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕੀਤਾ ਹੈ। ਨਵੀਂ ਸੂਚੀ ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਗਿਰੋਹ ਵਿਰੁੱਧ ਹੋਰ ਸਖ਼ਤ ਕਾਰਵਾਈ ਕਰਨ ਦਾ ਅਧਿਕਾਰ ਦੇਵੇਗੀ। ਇਸ ਵਿੱਚ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨਾ, ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨਾ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਮੁਕੱਦਮਾ ਚਲਾਉਣਾ ਸ਼ਾਮਲ ਹੈ। ਇਸ ਕਦਮ ਦੇ ਤਹਿਤ ਹੁਣ ਕਿਸੇ ਵੀ ਕੈਨੇਡੀਅਨ ਨਾਗਰਿਕ ਲਈ ਗਿਰੋਹ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਜਾਂ ਕੰਮ ਕਰਨਾ ਇੱਕ ਅਪਰਾਧ ਮੰਨਿਆ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਭਾਰਤੀ ਪ੍ਰਵਾਸੀਆਂ ਨੂੰ ਧਮਕੀਆਂ ਅਤੇ ਜਬਰਦਸਤੀ ਤੋਂ ਬਚਾਉਣ ਵਿੱਚ ਮਦਦ ਕਰੇਗਾ। ਇਹ ਫੈਸਲਾ ਕੰਜ਼ਰਵੇਟਿਵ ਅਤੇ ਐਨਡੀਪੀ ਨੇਤਾਵਾਂ ਦੀਆਂ ਮੰਗਾਂ ਤੋਂ ਬਾਅਦ ਲਿਆ ਗਿਆ ਹੈ। ਕੈਨੇਡੀਅਨ ਸਰਕਾਰ ਨੇ ਕਿਹਾ ਹੈ ਕਿ ਇਹ ਕਦਮ ਨਾ ਸਿਰਫ਼ ਅਪਰਾਧ ਨੂੰ ਰੋਕੇਗਾ ਬਲਕਿ ਭਾਰਤੀ ਪ੍ਰਵਾਸੀਆਂ ਨੂੰ ਸੁਰੱਖਿਆ ਦੀ ਭਾਵਨਾ ਵੀ ਪ੍ਰਦਾਨ ਕਰੇਗਾ।
ਬਿਸ਼ਨੋਈ ਗੈਂਗ ਭਾਰਤ ਤੋਂ ਕੰਮ ਕਰਦਾ ਹੈ ਅਤੇ ਇਸ ਦੇ ਮੁਖੀ ਲਾਰੈਂਸ ਬਿਸ਼ਨੋਈ ਉਪਰ ਜੇਲ੍ਹ ਤੋਂ ਮੋਬਾਈਲ ਫੋਨ ਰਾਹੀਂ ਗਿਰੋਹ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਦਾ ਦੋਸ਼ ਹੈ। ਕੈਨੇਡੀਅਨ ਸਰਕਾਰ ਵਲੋਂ ਮੀਡੀਆ ਨੂੰ ਜਾਰੀ ਪੈ੍ਰਸ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਇਹ ਗਿਰੋਹ ਕਤਲ, ਗੋਲੀਬਾਰੀ, ਅੱਗਜ਼ਨੀ ਅਤੇ ਜਬਰਦਸਤੀ ਵਿੱਚ ਸ਼ਾਮਲ ਹੈ, ਖਾਸ ਤੌਰ ‘ਤੇ ਭਾਰਤੀ ਮੂਲ ਦੇ ਲੋਕਾਂ, ਉਨ੍ਹਾਂ ਦੇ ਕਾਰੋਬਾਰਾਂ ਅਤੇ ਸੱਭਿਆਚਾਰਕ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਜੇਕਰ ਕੋਈ ਕੈਨੇਡੀਅਨ ਨਾਗਰਿਕ ਸਿੱਧੇ ਜਾਂ ਅਸਿੱਧੇ ਤੌਰ ‘ਤੇ ਗਿਰੋਹ ਦਾ ਸਮਰਥਨ ਕਰਦਾ ਹੈ ਜਾਂ ਇਸ ਦੀਆਂ ਜਾਇਦਾਦਾਂ ਨਾਲ ਨਜਿੱਠਦਾ ਹੈ ਤਾਂ ਹੁਣ ਇਹ ਇੱਕ ਅਪਰਾਧ ਹੋਵੇਗਾ।
ਪਿਛਲੇ ਸਾਲ ਰੌਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਭਾਰਤ ਬਿਸ਼ਨੋਈ ਗਿਰੋਹ ਨੂੰ ਕੈਨੇਡਾ ਵਿੱਚ ਕਤਲ ਅਤੇ ਜਬਰੀ ਵਸੂਲੀ ਕਰਨ ਲਈ ਵਰਤ ਰਿਹਾ ਹੈ, ਖਾਸ ਕਰਕੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜੋ ਖਾਲਿਸਤਾਨ ਦੀ ਮੰਗ ਦਾ ਸਮਰਥਨ ਕਰਦੇ ਹਨ। ਹਾਲਾਂਕਿ, ਨਵੀਂ ਦਿੱਲੀ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਉਹ ਗਿਰੋਹ ਦੀਆਂ ਆਰਥਿਕ ਗਤੀਵਿਧੀਆਂ ਨੂੰ ਰੋਕਣ ਲਈ ਕੈਨੇਡਾ ਨਾਲ ਕੰਮ ਕਰ ਰਹੀ ਹੈ।