ਔਟਵਾ – ਕੈਨੇਡਾ ਦੇ ਰਾਸ਼ਟਰੀ ਰੱਖਿਆ ਮੰਤਰੀ ਬਿਲ ਬਲੇਅਰ ਨੇ ਯੂਕ੍ਰੇਨ ਲਈ ਨਵੀਂ ਫ਼ੌਜੀ ਸਹਾਇਤਾ ਦਾ ਐਲਾਨ ਕੀਤਾ ਹੈ ਸਮਾਚਾਰ ਏਜੰਸੀ ਸ਼ਿਨਹੂਆ ਨੇ ਨੈਸ਼ਨਲ ਡਿਫ਼ੈਂਸ ਦੁਆਰਾ ਜਾਰੀ ਕੀਤੀ ਇੱਕ ਨਿਊਜ਼ ਰੀਲੀਜ਼ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਸ ਸਹਾਇਤਾ ’ਚ ਜ਼ੋਡੀਐਕ ਹਰੀਕੇਨ ਟੈਕਨੌਲੋਜੀਜ਼ ਦੀਆਂ 10 ਮਲਟੀਰੋਲ ਕਿਸ਼ਤੀਆਂ ਸ਼ਾਮਿਲ ਹਨ ਜਿਨ੍ਹਾਂ ਦੀ ਕੀਮਤ ਲਗਭਗ 20 ਮਿਲੀਅਨ ਕੈਨੇਡੀਅਨ ਡਾਲਰ ਹੈ।
ਇਹ ਮਲਟੀ-ਇੰਜਨ ਰਿਜਿਡ ਹਲ ਇਨਫ਼ਲੇਟੇਬਲ ਕਿਸ਼ਤੀਆਂ ਵੱਖ-ਵੱਖ ਸਮੁੰਦਰੀ ਕਾਰਵਾਈਆਂ ’ਚ ਯੂਕ੍ਰੇਨ ਦੀ ਸਹਾਇਤਾ ਕਰਨਗੀਆਂ ਜਿਨ੍ਹਾਂ ’ਚ ਖੋਜ ਅਤੇ ਬਚਾਅ, ਫ਼ੌਜ ਅਤੇ ਮਾਲ ਦੀ ਆਵਾਜਾਈ, ਨਿਗਰਾਨੀ ਅਤੇ ਖੋਜ ਸ਼ਾਮਿਲ ਹਨ। ਰੀਲੀਜ਼ ’ਚ ਕਿਹਾ ਗਿਆ ਕਿ ਹਰੇਕ ਕਿਸ਼ਤੀ ਇੱਕ ਆਧੁਨਿਕ ਸੈਂਸਰ, ਨੈਵੀਗੇਸ਼ਨ ਅਤੇ ਸੰਚਾਰ ਪ੍ਰਣਾਲੀ ਨਾਲ ਆਵੇਗੀ। ਸਿਖਲਾਈ ਨਾਲ ਇਨ੍ਹਾਂ ਕਿਸ਼ਤੀਆਂ ਦੀ ਸਪੁਰਦਗੀ ਬਸੰਤ 2024 ਦੇ ਅਖੀਰ ਤਕ ਪੂਰੀ ਹੋਣ ਦੀ ਉਮੀਦ ਹੈ।
ਬਲੇਅਰ ਨੇ ਅੱਗੇ ਐਲਾਨ ਕੀਤਾ ਕਿ ਅਗਲੇ ਮਹੀਨੇ ਤੋਂ ਯੂਕ੍ਰੇਨ ਦੀਆਂ ਆਰਮਡ ਫ਼ੋਰਸਿਜ਼ ਲਈ ਕੈਨੇਡਾ ਮੌਂਟਰੀਆਲ-ਆਧਾਰਿਤ ਟੌਪ ਏਸਿਜ਼ ਇੰਕ ਰਾਹੀਂ ਡੈਨਮਾਰਕ ਅਤੇ ਫ਼ਰਾਂਸ ਦੇ ਸਿਖਲਾਈ ਪ੍ਰਾਪਤ ਨਾਗਰਿਕ ਇੰਸਟ੍ਰਕਟਰਜ਼, ਜਹਾਜ਼ ਅਤੇ ਸਹਾਇਤਾ ਸਟਾਫ਼ ਪ੍ਰਦਾਨ ਕਰੇਗਾ। ਇਸ ਸਹਾਇਤਾ ਦੀ ਕੀਮਤ ਲਗਭਗ 15 ਮਿਲੀਅਨ ਕੈਨੇਡੀਅਨ ਡਾਲਰ ਹੈ। ਮੰਤਰੀ ਨੇ ਰਿਲੀਜ਼ ’ਚ ਕਿਹਾ ਕਿ ਸਿਖਲਾਈ ਫ਼ਰਵਰੀ 2024 ’ਚ ਸ਼ੁਰੂ ਹੋਵੇਗੀ ਅਤੇ 2025 ਤਕ ਜਾਰੀ ਰਹੇਗੀ। ਫ਼ਰਵਰੀ 2022 ਤੋਂ ਕੈਨੇਡਾ ਨੇ ਯੂਕ੍ਰੇਨ ਨੂੰ 2.4 ਬਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਫ਼ੌਜੀ ਸਹਾਇਤਾ ਲਈ ਵਚਨਬਧਤਾ ਜਤਾਈ ਹੈ। ਇਸ ’ਚ ਲੈਪਰਡ 2 ਮੁੱਖ ਜੰਗੀ ਟੈਂਕ, ਇੱਕ ਬਖ਼ਤਰਬੰਦ ਰਿਕਵਰੀ ਵਾਹਨ, ਬਖ਼ਤਰਬੰਦ ਲੜਾਈ ਸਹਾਇਤਾ ਵਾਹਨ, ਟੈਂਕ ਵਿਰੋਧੀ ਹਥਿਆਰ, ਛੋਟੇ ਹਥਿਆਰ, M777 ਹੋਵਿਟਜ਼ਰ ਅਤੇ ਸੰਬੰਧਿਤ ਅਸਲਾ, ਉੱਚ-ਰੈਜ਼ੋਲਿਊਸ਼ਨ ਡਰੋਨ ਕੈਮਰੇ, ਸਰਦੀਆਂ ਦੇ ਕੱਪੜੇ ਅਤੇ ਹੋਰ ਬਹੁਤ ਕੁੱਝ ਸ਼ਾਮਿਲ ਹੈ।
ਯੂਕ੍ਰੇਨੀ ਜੰਗੀ ਕੈਦੀਆਂ ਨੂੰ ਲਿਜਾ ਰਿਹਾ ਜਹਾਜ਼ ਕਰੈਸ਼
ਰੂਸ ਦਾ ਇੱਕ ਫ਼ੌਜੀ ਟਰਾਂਸਪੋਰਟ ਜਹਾਜ਼ ਯੂਕ੍ਰੇਨ ਦੀ ਸਰਹੱਦ ਨੇੜੇ ਬੈਲਗਰੌਡ ਖੇਤਰ ’ਚ ਹਾਦਸਾਗ੍ਰਸਤ ਹੋ ਗਿਆ ਜਿਸ ’ਚ 65 ਯੂਕ੍ਰੇਨੀ ਜੰਗੀ ਕੈਦੀ, ਚਾਲਕ ਦਲ ਦੇ ਛੇ ਮੈਂਬਰ ਅਤੇ ਤਿੰਨ ਹੋਰ ਲੋਕ ਸਵਾਰ ਸਨ। ਰੂਸ ਦੇ ਰੱਖਿਆ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਜਹਾਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਦੇ ਕਰੀਬ ਹਾਦਸਾਗ੍ਰਸਤ ਹੋਇਆ। ਰੂਸ ਦੇ ਗਵਰਨਰ ਦਾ ਕਹਿਣਾ ਹੈ ਕਿ ਯੂਕ੍ਰੇਨ ਦੀ ਸਰਹੱਦ ਨੇੜੇ ਹਾਦਸਾਗ੍ਰਸਤ ਹੋਏ ਜਹਾਜ਼ ’ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਰੱਖਿਆ ਮੰਤਰਾਲਾ ਨੇ ਕਿਹਾ ਕਿ ਉਸ ਦੇ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਇੱਕ ਵਿਸ਼ੇਸ਼ ਫ਼ੌਜੀ ਕਮਿਸ਼ਨ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਗਿਆ ਹੈ। ਇਸ ਤੋਂ ਪਹਿਲਾਂ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ਲੈਂਸਕੀ ਨੇ ਕਿਹਾ ਸੀ ਕਿ ਇੱਕ ਵੱਡੇ ਰੂਸੀ ਮਿਜ਼ਾਈਲ ਹਮਲੇ ’ਚ 18 ਲੋਕ ਮਾਰੇ ਗਏ ਅਤੇ 130 ਹੋਰ ਜ਼ਖ਼ਮੀ ਹੋਏ ਹਨ। ਯੂਕ੍ਰੇਨ ’ਤੇ ਰੂਸ ਦੇ ਹਮਲੇ ਸ਼ੁਰੂ ਹੋਏ 700 ਦਿਨ ਪੂਰੇ ਹੋ ਗਏ ਹਨ।
