ਕੈਨੇਡਾ ਦੀ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ ਜਿਸ ਨਾਲ ਉੱਥੇ ਕੰਮ ਕਰਨ ਵਾਲੇ ਪ੍ਰਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ, ਇਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਥੇ ਰਹਿੰਦੇ ਭਾਰਤੀਆਂ ਨੂੰ ਵੀ ਫਾਇਦਾ ਹੋਵੇਗਾ।
ਕੈਨੇਡਾ ਸਰਕਾਰ ਨੇ ਵਿਦੇਸ਼ੀ ਕਰਮਚਾਰੀਆਂ ਲਈ ਵਰਕ ਪਰਮਿਟ ਨਾਲ ਸਬੰਧਤ ਨਿਯਮਾਂ ਵਿੱਚ ਬਦਲਾਅ ਕੀਤਾ ਹੈ, ਜੋ ਕਿ ਇਥੇ ਕੰਮ ਕਰਨ ਵਾਲੇ ਲੱਖਾਂ ਲੋਕਾਂ ਲਈ ਇੱਕ ਵੱਡੀ ਰਾਹਤ ਹੈ। ਇਹ ਇੱਕ ਟੰਪਰੇਰੀ ਪਬਲਿਕ ਪਾਲਿਸੀ ਹੈ, ਜਿਸ ਦੇ ਤਹਿਤ ਹੁਣ ਵਿਦੇਸ਼ਾਂ ਤੋਂ ਆਉਣ ਵਾਲੇ ਕਰਮਚਾਰੀ ਵਰਕ ਪਰਮਿਟ ਬਾਰੇ ਫੈਸਲਾ ਆਉਣ ਤੋਂ ਪਹਿਲਾਂ ਹੀ ਇਥੇ ਕੰਮ ਕਰਨਾ ਸ਼ੁਰੂ ਕਰ ਸਕਦੇ ਹਨ। ਹੁਣ ਤੱਕ, ਜੇਕਰ ਕੋਈ ਵਿਦੇਸ਼ੀ ਕਰਮਚਾਰੀ ਆਪਣੀ ਨੌਕਰੀ ਬਦਲਣਾ ਚਾਹੁੰਦਾ ਸੀ, ਤਾਂ ਨਵੀਂ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਨਵਾਂ ਵਰਕ ਪਰਮਿਟ ਲੈਣਾ ਜ਼ਰੂਰੀ ਸੀ। ਇਸ ਦਾ ਮਤਲਬ ਸੀ ਕਿ ਕਰਮਚਾਰੀ ਨੂੰ ਕਈ ਹਫ਼ਤਿਆਂ ਤੱਕ ਬਿਨਾਂ ਕੰਮ ਦੇ ਹੀ ਦਿਨ ਰਹਿਣਾ ਪੈਂਦਾ ਸੀ।
ਕੈਨੇਡਾ ਵਲੋਂ ਨਿਯਮਾਂ ਵਿਚ ਬਦਲਾਅ ਤੋਂ ਬਾਅਦ, ਜਿਨ੍ਹਾਂ ਦੇ ਪੁਰਾਣੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਗਈ ਹੈ ਅਤੇ ਨਵੇਂ ਵਰਕ ਪਰਮਿਟ ਲਈ ਅਰਜ਼ੀ ਦਿੱਤੀ ਹੈ, ਉਹ ਨਵੀਂ ਨੌਕਰੀ ਮਿਲਣ ਪਿੱਛੋਂ ਕੰਮ ਸ਼ੁਰੂ ਕਰ ਸਕਦੇ ਹਨ। ਇਸ ਦੇ ਨਾਲ ਹੀ ਉਹ ਕਰਮਚਾਰੀ ਜੋ ਇਸ ਸਮੇਂ Maintained Status ਉਤੇ ਹਨ, ਯਾਨੀ ਕਿ ਪੁਰਾਣੇ ਵਰਕ ਪਰਮਿਟ ਦੀਆਂ ਸ਼ਰਤਾਂ ‘ਤੇ ਕੰਮ ਕਰ ਰਹੇ ਹਨ, ਉਹ ਵੀ ਹੁਣ ਆਪਣੀ ਨੌਕਰੀ ਅਤੇ ਮਾਲਕ ਨੂੰ ਬਦਲ ਸਕਦੇ ਹਨ। ਇਹ ਨਿਯਮ ਉਨ੍ਹਾਂ ਲੋਕਾਂ ‘ਤੇ ਵੀ ਲਾਗੂ ਹੋਵੇਗਾ ਜਿਨ੍ਹਾਂ ਨੂੰ ਵਰਕ ਪਰਮਿਟ ਤੋਂ ਛੋਟ ਹੈ ਪਰ ਨਵੀਂ ਨੌਕਰੀ ਲਈ ਪਰਮਿਟ ਪ੍ਰਾਪਤ ਕਰਨਾ ਚਾਹੁੰਦੇ ਹਨ। ਇਸ ਲਈ ਇੱਕੋ ਇੱਕ ਸ਼ਰਤ ਇਹ ਹੋਵੇਗੀ ਕਿ ਕਰਮਚਾਰੀ ਨੇ ਆਪਣੇ ਨਵੇਂ ਵਰਕ ਪਰਮਿਟ ਲਈ ਅਰਜ਼ੀ ਦਿੱਤੀ ਹੋਵੇ।
ਭਾਰਤੀ ਵੱਡੀ ਗਿਣਤੀ ਵਿੱਚ ਕੈਨੇਡਾ ਵਿੱਚ ਕੰਮ ਕਰਨ ਜਾਂਦੇ ਹਨ। ਕਈ ਵਾਰ ਕਰਮਚਾਰੀਆਂ ਨੂੰ ਨੌਕਰੀਆਂ ਬਦਲਣੀਆਂ ਪੈਂਦੀਆਂ ਹਨ। ਅਜਿਹੀ ਸਥਿਤੀ ਵਿੱਚ ਪੁਰਾਣੇ ਨਿਯਮਾਂ ਦੇ ਤਹਿਤ ਲੋਕਾਂ ਨੂੰ ਵਰਕ ਪਰਮਿਟ ਲਈ ਹਫ਼ਤਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ, ਜਿਸ ਕਾਰਨ ਉਹ ਕੋਈ ਆਮਦਨ ਨਹੀਂ ਕਮਾ ਸਕਦੇ ਸਨ। ਹੁਣ ਜਿਨ੍ਹਾਂ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ ਅਤੇ ਨਵੀਂ ਨੌਕਰੀ ਦੀ ਭਾਲ ਕਰ ਰਹੇ ਹਨ, ਉਨ੍ਹਾਂ ਨੂੰ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਮੌਜੂਦਾ ਕੰਪਨੀ ਵਿੱਚ ਨਵੀਂ ਭੂਮਿਕਾ ਮਿਲਦੀ ਹੈ ਅਤੇ ਜਿਨ੍ਹਾਂ ਨੂੰ ਬਿਹਤਰ ਕਰੀਅਰ ਵਿਕਲਪ ਮਿਲਦੇ ਹਨ, ਉਹ ਵੀ ਇਸਦਾ ਫਾਇਦਾ ਉਠਾ ਸਕਣਗੇ।
ਇਸ ਮਹੀਨੇ ਅਲਬਰਟਾ ਵਿੱਚ ਹੋਣ ਵਾਲੀ ਜੀ-7 ਲਈ ਕੈਨੇਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਹੈ। ਕੈਨੇਡਾ ਦੀ ਇਸ ਕਾਰਵਾਈ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਵੱਲ ਇੱਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਚੇਤੇ ਰਹੇ ਕਿ ਪਿਛਲੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਖਟਾਸ ਆ ਗਈ ਸੀ। ਹੁਣ ਹਾਲਾਤ ਫਿਰ ਤੋਂ ਸੁਧਰਦੇ ਨਜ਼ਰ ਆ ਰਹੇ ਹਨ। ਇਸੇ ਲਈ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਤੋਂ ਠੀਕ ਪਹਿਲਾਂ ਕੈਨੇਡੀਅਨ ਸਰਕਾਰ ਨੇ ਇੱਕ ਫੈਸਲਾ ਲਿਆ ਹੈ, ਜਿਸ ਨਾਲ ਉੱਥੇ ਕੰਮ ਕਰਨ ਵਾਲੇ ਭਾਰਤੀਆਂ ਨੂੰ ਰਾਹਤ ਮਿਲੇਗੀ।