ਚੰਡੀਗੜ੍ਹ – ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਚੁਣੌਤੀਆਂ ਸਬੰਧੀ ਆਪਣੀ ਚਿੰਤਾ ਨੂੰ ਇੱਕ ਵਾਰ ਦੁਹਰਾਉਂਦਿਆਂ ਹੋਇਆ, ਲੁਧਿਆਣਾ ਕੋਰਟ ਕੰਪਲੈਕਸ ਚ ਬਲਾਸਟ ਦੀ ਨਿੰਦਾ ਕੀਤੀ ਹੈ, ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ।ਕੈਪਟਨ ਅਮਰਿੰਦਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਜਿਥੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉੱਥੇ ਹੀ ਜ਼ਖ਼ਮੀ ਲੋਕਾਂ ਦੀ ਸਿਹਤ ਵਿੱਚ ਜਲਦ ਸੁਧਾਰ ਦੀ ਕਾਮਨਾ ਕੀਤੀ ਹੈ।ਕੈਪਟਨ ਅਮਰਿੰਦਰ ਨੇ ਉਮੀਦ ਪ੍ਰਗਟਾਈ ਹੈ ਕਿ ਪੰਜਾਬ ਪੁਲੀਸ ਅਤੇ ਹੋਰ ਸੁਰੱਖਿਆ ਏਜੰਸੀਆਂ ਨਜ਼ਦੀਕੀ ਤਾਲਮੇਲ ਨਾਲ ਬਲਾਸਟ ਦੀ ਜਾਂਚ ਕਰਨਗੀਆਂ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਹੈ ਕਿ ਪੰਜਾਬ ਸਰਕਾਰ ਤੇ ਖਾਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਦਾ ਭਟਕਾਉਣ ਦੀ ਰਣਨੀਤੀ ਤੇ ਕੰਮ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਬਲਾਸਟ, ਬੇਅਦਬੀ ਦੀਆਂ ਘਟਨਾਵਾਂ ਅਤੇ ਇਕ ਅਕਾਲੀ ਆਗੂ ਵਿਰੁਧ ਕੇਸ ਦਰਜ ਕਰਨ ਵਿਚਾਲੇ ਲਿੰਕ ਸਥਾਪਤ ਕਰਦਿਆਂ ਹੋਇਆਂ ਨਤੀਜਿਆਂ ਤੇ ਪਹੁੰਚਣਾ ਨਾ ਸਿਰਫ਼ ਮੰਦਭਾਗਾ ਹੈ, ਬਲਕਿ ਬਹੁਤ ਹੀ ਗ਼ੈਰ ਜ਼ਿੰਮੇਵਾਰਾਨਾ ਰਵੱਈਆ ਹੈ। ਮੁੱਖ ਮੰਤਰੀ ਨੂੰ ਤੱਥਾਂ ਦੇ ਆਧਾਰ ਤੇ ਬੋਲਣਾ ਚਾਹੀਦਾ ਹੈ, ਨਾ ਕਿ ਸਿਆਸੀ ਬਿਆਨਬਾਜ਼ੀ ਕਰਨੀ ਚਾਹੀਦੀ ਹੈ, ਜੋ ਅਸਲੀ ਗੁਨਾਹਗਾਰਾਂ ਨੂੰ ਬਚਣ ਦਾ ਰਾਹ ਦਿੰਦੀ ਹੈ।ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਲਗਾਤਾਰ ਹਥਿਆਰਾਂ ਅਤੇ ਗੋਲਾ ਬਰੂਦ ਦੀ ਤਸਕਰੀ ਵਲ ਸਰਕਾਰ ਦਾ ਧਿਆਨ ਖਿੱਚ ਰਹੇ ਸਨ। ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਲਗਾਤਾਰ ਇਸਨੂੰ ਨਕਾਰਦੀ ਰਹੀ। ਇਹ ਪੰਜਾਬ ਦੀ ਸ਼ਾਂਤੀ ਤੇ ਸੁਰੱਖਿਆ ਲਈ ਗੰਭੀਰ ਖਤਰਾ ਹੈ ਅਤੇ ਅਜਿਹੀਆਂ ਘਟਨਾਵਾਂ ਉਸ ਵੱਲ ਇਸ਼ਾਰਾ ਕਰਦੀਆਂ ਹਨ, ਜਿਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਨਾ ਕਿ ਲੀਪਾ ਪੋਤੀ ਕਰਨੀ ਚਾਹੀਦੀ ਹੈ, ਜਿਵੇਂ ਸਰਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।