ਕੋਲਕਾਤਾ – ਕੋਲਕਾਤਾ ਦੇ ਕਾਂਕੁਰਗਾਛੀ ਦੀ ਇਕ ਦੁਰਗਾ ਪੂਜਾ ਕਮੇਟੀ ਨੇ ਇਸ ਵਾਰ ਆਪਣੀ ਦੁਰਗਾ ਪੂਜਾ ’ਚ ਚੋਣਾਂ ਤੋਂ ਬਾਅਦ ਹਿੰਸਾ ਨੂੰ ਆਪਣਾ ਥੀਮ ਬਣਾਇਆ ਹੈ। ਪੂਜਾ ਪੰਡਾਲ ’ਚ ਅਜੀਬ ਜਿਹਾ ਸੰਨਾਟਾ ਦੇਖਣ ਨੂੰ ਮਿਲ ਰਿਹਾ ਹੈ। ਨਾ ਕੋਈ ਸੰਗੀਤ ਵੱਜ ਰਿਹਾ ਹੈ ਅਤੇ ਨਾ ਹੀ ਕੋਈ ਚਮਕ-ਦਮਕ ਹੈ। ਚੋਣਾਂ ਤੋਂ ਬਾਅਦ ਹਿੰਸਾ ’ਚ ਮਾਰੇ ਗਏ ਲੋਕਾਂ ਦੀਆਂ ਤਸਵੀਰਾਂ ਨਾਲ ਪੂਜਾ ਦੇ ਮੰਡਪ ਨੂੰ ਢੱਕ ਦਿੱਤਾ ਗਿਆ ਹੈ।
ਦਰਅਸਲ, ਇਸ ਪੂਜਾ ਦੇ ਪ੍ਰਬੰਧਕ ਭਾਜਪਾ ਵਰਕਰ ਅਭਿਜੀਤ ਸਰਕਾਰ ਸਨ, ਜਿਨ੍ਹਾਂ ਦੀ 2 ਮਈ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਦਿਨ ਬਦਮਾਸ਼ਾਂ ਨੇ ਹੱਤਿਆ ਕਰ ਦਿੱਤੀ ਸੀ। ਹੱਤਿਆ ਦਾ ਦੋਸ਼ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ’ਤੇ ਲੱਗਾ ਹੈ। ਇਸ ਸਾਲ ਅਭਿਜੀਤ ਦੇ ਭਰਾ ਵਿਸ਼ਵਜੀਤ ਸਰਕਾਰ ਨੇ ਪੂਜਾ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ’ਤੇ ਲਈ ਹੈ। ਪੂਜਾ ਦਾ ਨਾਂ ‘ਸਮ੍ਰਿਤੀ ਪੂਜਾ’ ਰੱਖਿਆ ਗਿਆ ਹੈ। ਅਭਿਜੀਤ ਦੇ ਭਰਾ ਵਿਸ਼ਵਜੀਤ ਅਤੇ ਮਾਂ ਨੇ ਦੁੱਖ ਨਾਲ ਪੂਜਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਪਰਿਵਾਰ ਪੂਜਾ ਜ਼ਰੀਏ ਅਭਿਜੀਤ ਦੀ ਯਾਦ ਨੂੰ ਜ਼ਿੰਦਾ ਰੱਖਣਾ ਚਾਹੁੰਦਾ ਹੈ। ਵਿਸ਼ਵਜੀਤ ਨੇ ਕਿਹਾ ਕਿ ਅਸੀਂ ਲੋਕਾਂ ਨੇ ਚੋਣਾਂ ਤੋਂ ਬਾਅਦ ਦੀ ਹਿੰਸਾ ਦਾ ਸੰਦੇਸ਼ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ। ਇਹ ਸੰਦੇਸ਼ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਸੂਬੇ ਭਰ ’ਚ ਚੋਣਾਂ ਤੋਂ ਬਾਅਦ ਦੀ ਹਿੰਸਾ ਨੂੰ ਅੰਜਾਮ ਦਿੱਤਾ ਹੈ। ਆਪਣੇ ਪਰਿਵਾਰਕ ਮੈਂਬਰਾਂ ਨੂੰ ਲੋਕਾਂ ਤੋਂ ਖੋਹ ਲਿਆ ਹੈ। ਇਹ ਹਿੰਸਾ ’ਚ ਮਾਰੇ ਗਏ ਲੋਕਾਂ ਪ੍ਰਤੀ ਸੱਚੀ ਸ਼ਰਧਾਂਜਲੀ ਵੀ ਹੈ। ਭਾਜਪਾ ਦਾ ਦਾਅਵਾ ਹੈ ਕਿ ਸੂਬੇ ਭਰ ’ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਵਿਚ 40 ਲੋਕਾਂ ਦੀ ਮੌਤ ਹੋਈ ਹੈ।