ਮੈਲਬੌਰਨ – ਆਸਟ੍ਰੇਲੀਆ ਵਿਚ ਕਰੋਨਾ ਵਾਇਰਸ ਵੈਕਸੀਨ ਮੁਹਿੰਮ ਆਪਣੇ ਸ਼ੁਰੂਆਤੀ ਦੌਰ ਦੇ ਵਿਚ ਹੀ ਪਹਿਲਾਂ ਤੋਂ ਨਿਧਾਰਤ ਯੋਜਨਾਬੱਧ ਤਰੀਕੇ ਨਾਲ ਅੱਗੇ ਨਹੀਂ ਵੱਧ ਰਿਹਾ ਹੈ, ਇਸ ਸਬੰਧੀ ਫੈਡਰਲ ਸਰਕਾਰ ਅਤੇ ਸੂਬਾ ਸਰਕਾਰਾਂ ਵਿਚਕਾਰ ਵੀ ਜਨਤਕ ਲੜੀ ਟੁੱਟ ਗਈ ਹੈ। ਐਨ. ਐਸ. ਡਬਲਿਊ ਅਤੇ ਕੁਈਨਜ਼ਲੈਂਡ ਦੇ ਪ੍ਰੀਮੀਅਰਾਂ ਨੇ ਟੀਕਾਕਰਨ ਨੂੰ ਸਟਾਕ ਕਰਨ ਦੇ ਦੋਸ਼ਾਂ ਦੇ ਖਿਲਾਫ, ਇਕ ਹੋਰ ਕੋਵਿਡ-19 ਲਹਿਰ ਅਤੇ ਵੈਕਸੀਨ ਰੋਲਆਊਟ ਵਿਚ ਦੇਰੀ ਦੀ ਜਾਂਚ ਆਦਿ ਨੇ ਮੁਹਿੰਮ ਨੂੰ ਪਿੱਛੇ ਧੱਕ ਦਿੱਤਾ ਹੈ। ਮਾਰਚ ਦੇ ਅੰਤ ਤੱਕ 4 ਮਿਲੀਅਨ ਖੁਰਾਕਾਂ ਦੇਣ ਦੇ ਸ਼ੁਰੂਆਤੀ ਟੀਚੇ ਦੇ ਬਾਵਜੂਦ ਫਿਲਹਾਲ 8 ਲੱਖ ਲੋਕਾਂ ਨੂੰ ਵੈਕਸੀਨ ਦੇਣ ਦਾ ਟੀਚਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਪਰ ਸਿਹਤ ਮੰਤਰੀ ਗ੍ਰੇਗ ਹੰਟ ਦਾ ਕਹਿਣਾ ਹੈ ਕਿ ਮੁਲਕ ਅਕਤੂਬਰ ਤੱਕ ਸਭ ਨੂੰ ਵੈਕਸੀਨ ਦੇਣ ਦੇ ਟੀਚੇ ਨੂੰ ਪ੍ਰਾਪਤ ਕਰ ਲਵੇਗਾ।
ਵਰਣਨਯੋਗ ਹੈ ਕਿ ਦੋ ਫੈਡਰਲ ਮੰਤਰੀਆਂ ਨੇ ਐਨ. ਐਸ. ਡਬਲਿਊ ਅਤੇ ਕੁਈਨਜ਼ਲੈਂਡ ਦੇ ਟੀਕਾਕਰਨ ਦੀ ਮੱਧਮ ਗਤੀ ਅਤੇ ਵੈਕਸੀਨ ਨੂੰ ਭੰਡਾਰਨ ਕਰਨ ਦੀ ਆਲੋਚਨਾ ਕੀਤੀ ਸੀ। ਦੂਜੇ ਪਾਸੇ ਫੈਡਰਲ ਸੈਰ ਸਪਾਟਾ ਮੰਤਰੀ ਡੈਨ ਤੇਹਾਨ ਨੇ ਕਿਹਾ ਸੀ ਕਿ ਫਿਲਹਾਲ ਵੈਕਸੀਨ ਦੇ ਨਾਲ-ਨਾਲ ਸਾਡਾ ਸਭ ਤੋਂ ਵੱਡਾ ਮਸਲਾ ਇਹ ਯਕੀਨੀ ਬਨਾਉਣਾ ਹੈ ਕਿ ਸੂਬਿਆਂ ਅਤੇ ਹੋਰ ਖੇਤਰਾਂ ਵਿਚ ਵੈਕਸੀਨ ਦੀ ਸਪਲਾਈ ਯਕੀਨੀ ਹੋਵੇ। ਅਜਿਹਾ ਮੀਡੀਆ ਵਿਚ ਲੀਕ ਹੋਏ ਡਾਟਾ ਤੋਂ ਪਤਾ ਲੱਗਿਆ ਹੈ ਕਿ ਐਨ. ਐਸ. ਡਬਲਿਊ ਨੇ ਪ੍ਰਾਪਤ ਹੋਈਆਂ ਕੇਵਲ ਅੱਧੀਆਂ ਖੁਰਾਕਾਂ ਦਾ ਪ੍ਰਬੰਧਨ ਕੀਤਾ ਜਦਕਿ ਬਾਕੀ ਨੂੰ ਸਟਾਕ ਕਰ ਲਿਆ ਗਿਆ।
ਪਰ ਐਨ. ਐਸ. ਡਬਲਿਊ ਪ੍ਰੀਮੀਅਰ ਗਲੇਡਿਸ ਬੇਰੇਜ਼ਕਿਲੀਅਨ ਦਾ ਕਹਿਣਾ ਹੈ ਕਿ ਇਹ ਰਿਪੋਰਟ ਸਹੀ ਨਹੀਂ ਹੈ ਅਤੇ ਉਹਨਾਂ ਦੀ ਸਰਕਾਰ ਵੈਕਸੀਨੇਸ਼ਨ ਨੂੰ ਗਤੀ ਦੇਣਾ ਚਾਹੁੰਦੀ ਹੈ।
ਇਸੇ ਵਿਚਕਾਰ ਕੁਈਨਜ਼ਲੈਂਡ ਦੀ ਪ੍ਰੀਮੀਅਰ ਅਨਾਸਤਾਸੀਆ ਪਲਾਸਜੁਕੁਕ ਚਾਹੁੰਦੇ ਹਨ ਕਿ ਫੈਡਰਲ ਅਧਿਕਾਰੀ ਹਰੇਕ ਸੂਬੇ ਅਤੇ ਖੇਤਰ ਨੂੰ ਦਿੱਤੀ ਵੈਕਸੀਨ ਅਤੇ ਸਪਲਾਈ ਲਈ ਰੋਜ਼ਾਨਾ ਅੰਕੜੇ ਪ੍ਰਕਾਸ਼ਿਤ ਕਰਨ ਤਾਂ ਜੋ ਇਸ ਸਬੰਧੀ ਪੂਰੀ ਪਾਰਦਰਸ਼ਤਾ ਬਣੀ ਰਹੇ। ਉਹਨਾਂ ਕਿਹਾ ਕਿ ਅਸੀਂ ਹਰ ਦਿਨ ਆਪਣੇ ਅੰਕੜੇ ਦਿੰਦੇ ਹਾਂ ਅਤੇ ਫੈਡਰਲ ਸਰਕਾਰ ਨੂੰ ਵੀ ਆਪਣੇ ਅੰਕੜੇ ਹਰਰੋਜ਼ ਅੱਪਡੇਟ ਕਰਨੇ ਚਾਹੀਦੇ ਹਨ।
ਆਰ. ਐਮ. ਆਈ. ਟੀ. ਦੇ ਪ੍ਰੋਫੈਸਰ ਮੈਗਡੇਲੇਨਾ ਪਲੇਬੰਸਕੀ ਦਾ ਕਹਿਣਾ ਹੈ ਕਿ ਕੌਮਾਂਤਰੀ ਵੈਕਸੀਨ ਸਪਲਾਈ ਵਿਚ ਅਕਸਰ ਇਕ ਮਹੀਨੇ ਦਾ ਸਮਾਂ ਲੱਗਿਆ ਸੀ ਅਤੇ ਸਪਲਾਈ ਦੀ ਸੀਰੀਜ਼ ਦੇ ਮੁੱਦਿਆਂ ਨਾਲ ਵੀ ਨਿਪਟਿਆ ਜਾਣਾ ਚਾਹੀਦਾ ਹੈ। ਉਹਨਾਂ ਨੂੰ ਆਸਟ੍ਰੇਲੀਆ ਦੇ ਪ੍ਰੋਗਰਾਮ ਤੋਂ ਵੀ ਇਹੀ ਉਮੀਦ ਹੈ।
ਬੇਸ਼ੱਕ ਫੈਡਰਲ ਸਰਕਾਰ ਕਰੋਨਾ ਵੈਕਸੀਨ ‘ਤੇ ਆਪਣੀਆਂ ਪ੍ਰਾਪਤੀਆਂ ਬਾਰੇ ਦੱਸ ਰਹੀ ਹੈ, ਪਰ ਇਸਦੇ ਬਾਵਜੂਦ ਆਪਣੇ ਟਾਰਗੇਟ ਤੋਂ ਪਿੱਛੇ ਹੈ। ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਵੈਕਸੀਨ ਰੋਲਆਊਟ ਤੋਂ ਪਿੱਛਾਂਹ ਹੋਣ ਦੇ ਬਾਵਜੂਦ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਹੇ ਹਨ। ਪ੍ਰਧਾਨ ਮੰਤਰੀ ਨੇ ਮੈਲਬੌਰਨ ਦੇ ਸੀ ਐਸ ਐਲ ਪਲਾਂਟ ਦਾ ਦੌਰਾ ਕੀਤਾ ਜਿੱਥੇ ਐਸਟ੍ਰਾਜੇਨੇਕਾ ਵੈਕਸੀਨ ਦੀਆਂ 50 ਮਿਲੀਅਨ ਖੁਰਾਕਾਂ ਦਾ ਉਤਪਾਦਨ ਕੀਤਾ ਜਾਵੇਗਾ। ਮੌਰਿਸਨ ਨੇ ਕਿਹਾ ਕਿ ਸਰਕਾਰ ਨੇ ਫਰਵਰੀ ਵਿਚ ਦਵਾਈ ਦੀ ਸਪਲਾਈ ਆਰੰਭ ਕਰਨ ਦੇ ਟੀਚੇ ਨੂੰ ਪੂਰਾ ਕੀਤਾ ਹੈ।
ਸਰਕਾਰ ਦੇ ਦਾਅਵਿਆਂ ਦੇ ਬਾਵਜੂਦ 4 ਮਿਲੀਅਨ ਲੋਕਾਂ ਨੂੰ ਅਪ੍ਰੈਲ ਤੱਕ ਦਵਾਈ ਦੇਣ ਅਤੇ ਅਕਤੂਬਰ ਤੱਕ ਸੌ ਫੀਸਦੀ ਟੀਚਾ ਪੂਰਾ ਕਰ ਲੈਣ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆ ਰਹੀ ਹੈ। ਹੁਣ ਤੱਕ ਸਿਰਫ਼ 312,000 ਦੇ ਕਰੀਬ ਲੋਕਾਂ ਨੂੰ ਹੀ ਆਸਟ੍ਰੇਲੀਆ ਦੇ ਵਿਚ ਕੋਰੋਨਾ ਵੈਕਸੀਨ ਦਿੱਤੀ ਗਈ ਹੈ।
ਫੇਜ਼ 1ਬੀ ਦੇ ਤਹਿਤ 6 ਮਿਲੀਅਨ ਲੋਕਾਂ ਨੂੰ ਵੈਕਸੀਨ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਟੀਚੇ ਦੇ ਅਨੁਸਾਰ 70 ਸਾਲ ਤੋਂ ਉਪਰ ਦੇ ਸਾਰੇ ਲੋਕਾਂ, 55 ਸਾਲ ਤੋਂ ਉਪਰ ਵਾਲੇ ਆਸਟ੍ਰੇਲੀਆ ਦੇ ਮੂਲਵਾਸੀਆਂ ਅਤੇ ਸਿਹਤ ਸਮੱਸਿਆਂ ਵਾਲੇ ਸਾਰੇ ਬੱਚਿਆਂ ਅਤੇ ਜਵਾਨਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾਵੇਗੀ।