ਨਵੀਂ ਦਿੱਲੀ – ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈਸੀਐੱਮਆਰ) ਦੇ ਇਕ ਹਾਲੀਆ ਅਧਿਐਨ ’ਚ ਕੋਵੈਕਸੀਨ ਟੀਕੇ ਦੀਆਂ ਦੋਵੇਂ ਡੋਜ਼ ਲੈਣ ਤੋਂ ਬਾਅਦ ਇਨਫੈਕਸ਼ਨ ਦੇ ਮਾਮਲਿਆਂ ’ਚ ਕੋਰੋਨਾ ਵਾਇਰਸ ਦੇ ਚਿੰਤਾ ਦੇ ਸਵਰੂਪਾਂ ਬੀਟਾ, ਡੈਲਟਾ ਤੇ ਓਮੀਕ੍ਰੋਨ ਖ਼ਿਲਾਫ਼ ਪ੍ਰਤੀਰੱਖਿਆ ਸ਼ਕਤੀ ’ਚ ਕਾਫ਼ੀ ਵਾਧਾ ਦੇਖਿਆ ਗਿਆ। ਕੋਰੋਨਾ ਤੋਂ ਉੱਭਰ ਚੁੱਕੇ ਲੋਕਾਂ ’ਚ ਕੋਵੈਕਸੀਨ ਦੇ ਟੀਕਾਕਰਨ ਤੋਂ ਬਾਅਦ ਪ੍ਰਤੀਰੋਧਕ ਸਮਰੱਥਾ ’ਚ ਵਾਧਾ ਦੇਖਿਆ ਗਿਆ ਪਰ ਇਹ ‘ਬ੍ਰੇਕਥਰੂ’ ਜਾਂ ਉਨ੍ਹਾਂ ਮਾਮਲਿਆਂ ਤੋਂ ਘੱਟ ਸੀ, ਜਿਨ੍ਹਾਂ ਵਿਚ ਟੀਕਾਕਰਨ ਤੋਂ ਬਾਅਦ ਵੀ ਲੋਕਾਂ ਨੂੰ ਕੋਰੋਨਾ ਹੋਇਆ। ‘ਬ੍ਰੇਕਥਰੂ’ ਮਾਮਲੇ ’ਚ ਕੋਈ ਵਿਅਕਤੀ ਪੂਰੀ ਤਰ੍ਹਾਂ ਨਾਲ ਟੀਕਾ ਲੱਗਣ ਤੋਂ ਬਾਅਦ ਘੱਟੋ-ਘੱਟ ਦੋ ਹਫ਼ਤਿਆਂ ਬਾਅਦ ਕੋਰੋਨਾ ਇਨਫੈਕਟਿਡ ਪਾਇਆ ਜਾਂਦਾ ਹੈ। ਹਾਲਾਂਕਿ, ਅਧਿਐਨ ’ਚ ਦੇਖਿਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਕੋਵੈਕਸੀਨ ਦੀਆਂ ਦੋ ਖ਼ੁਰਾਕਾਂ ਲਈਆਂ ਸਨ, ਉਨ੍ਹਾਂ ’ਚ ਇਸ ਟੀਕੇ ਦੀ ਦੂਜੀ ਖ਼ੁਰਾਕ ਦੇ ਤਿੰਨ ਮਹੀਨਿਆਂ ਬਾਅਦ ਕਮਜ਼ੋਰ ਪ੍ਰਤੀਰੱਖਿਆ ਦਾ ਪ੍ਰਦਰਸ਼ਨ ਕਰਨ ਵਾਲੇ ਬਹੁਤ ਘੱਟ ‘ਨਿਊਟ੍ਰਲਾਈਜਿੰਗ ਟਾਈਟਰਸ’ ਸਨ।