ਇੰਗਲੈਂਡ – ਆਸਟਰੇਲੀਆ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਲਿਨ ਅਜੇ ਇੰਗਲੈਂਡ ‘ਚ ਚਲ ਰਹੇ ਟੀ-20 ਬਲਾਸਟ ‘ਚ ਖੇਡ ਰਹੇ ਹਨ। ਨਾਰਥੰਪਟਨਸ਼ਾਇਰ ਲਈ ਖੇਡਣ ਵਾਲੇ ਲਿਨ ਨੇ ਬੀਤੇ ਦਿਨ ਲੀਸੇਸਟਰਸ਼ਾਇਰ ਦੇ ਖ਼ਿਲਾਫ਼ ਖੇਡੇ ਗਏ ਮੈਚ ‘ਚ ਸਿਰਫ 66 ਗੇਂਦਾਂ ‘ਚ 106 ਦੌੜਾਂ ਬਣਾ ਲਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਤਿੰਨ ਛੱਕੇ ਤੇ 12 ਚੌਕੇ ਵੀ ਨਿਕਲੇ। ਉਨ੍ਹਾਂ ਦੀ ਟੀਮ 42 ਦੌੜਾਂ ਨਾਲ ਜੇਤੂ ਰਹੀ।
ਲਿਨ ਨੇ ਬੀਤੇ ਦਿਨੀਂ ਡਰਹਮ ਦੇ ਖ਼ਿਲਾਫ਼ ਵੀ 46 ਗੇਂਦਾਂ ‘ਚ 82 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 8 ਛੱਕੇ ਤੇ ਚਾਰ ਚੌਕੇ ਨਿਕਲੇ ਸਨ। ਇਸੇ ਪਾਰੀ ਦੇ ਦੌਰਾਨ ਕ੍ਰਿਸ ਲਿਨ ਦਾ ਇਕ ਵੱਡਾ ਸ਼ਾਟ ਸਟੇਡੀਅਮ ਦੇ ਪਾਰ ਇਕ ਘਰ ‘ਚ ਜਾ ਡਿੱਗਾ। ਇਸ ਘਟਨਾਕ੍ਰਮ ਬਾਰੇ ਉਦੋਂ ਪਤਾ ਲਗਾ ਜਦੋਂ ਇਕ ਲੜਕੀ ਨੇ ਸੋਸ਼ਲ ਮੀਡੀਆ ‘ਤੇ ਸਿਕਸ ਵਾਲੀ ਗੇਂਦ ਦੇ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ। ਗੇਂਦ ਮਿਡਲੈਂਡਸ ‘ਚ ਵਾਂਟੇਜ ਰੋਡ ਮੈਦਾਨ ਦੇ ਕੋਲ ਇਕ ਘਰ ਦੇ ਪਿੱਛਲੇ ਹਿੱਸੇ ‘ਚ ਡਿੱਗੀ। ਇਸ ਗੇਂਦ ਨੂੰ ਫੜ ਕੇ ਲੜਕੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- ਨਾਰਥੰਪਟਨਸ਼ਾਇਰ ਤੁਹਾਡੀ ਗੇਂਦ ਸਾਡੇ ਕੋਲ ਹੈ।