ਅਲਮਾਟੀ – ਰੂਸੀ ਫ਼ੌਜ ਦੀ ਦਖ਼ਲ ਦੇ ਬਾਵਜੂਦ ਕਜ਼ਾਕਿਸਤਾਨ ਦੇ ਹਾਲਾਤ ਕਾਬੂ ’ਚ ਨਹੀਂ ਆਏ। ਸ਼ੁੱਕਰਵਾਰ ਨੂੰ ਰਾਸ਼ਟਰਪਤੀ ਕਾਸਿਮ-ਜੋਮਾਰਟ ਟੋਕਾਯੇਵ ਨੇ ਹਿੰਸਾ ’ਚ ਸ਼ਾਮਲ ਲੋਕਾਂ ਨੂੰ ਬਿਨਾਂ ਚਿਤਾਵਨੀ ਦੇ ਗੋਲ਼ੀ ਮਾਰਨ ਦੇ ਹੁਕਮ ਸਰੱਖਿਆ ਬਲਾਂ ਨੂੰ ਦਿੱਤੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਹਿੰਸਾ ਭੜਕਾ ਰਹੇ ਲੋਕ ਵਿਦੇਸ਼ ਤੋਂ ਟ੍ਰੇਨਿੰਗ ਲੈਣ ਵਾਲੇ ਅੱਤਵਾਦੀ ਹਨ, ਇਸ ਲਈ ਉਨ੍ਹਾਂ ’ਤੇ ਕਿਸੇ ਵੀ ਤਰ੍ਹਾਂ ਦਾ ਤਰਸ ਨਹੀਂ ਕੀਤਾ ਜਾਵੇਗਾ। ਲਿਕਵਿਫਫਾਈਡ ਪੈਟਰੋਲੀਅਮ ਗੈਸ (ਐੱਲਪੀਜੀ) ਦੀਆਂ ਕੀਮਤਾਂ ’ਚ ਵਾਧੇ ਦੇ ਵਿਰੋਧ ’ਚ ਸ਼ੁਰੂ ਹੋਈ ਹਿੰਸਾ ’ਚ ਹਫ਼ਤੇ ਭਰ ’ਚ 18 ਸੁਰੱਖਿਆ ਮੁਲਾਜ਼ਮਾਂ ਸਮੇਤ 100 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਪੁਲਿਸ ਨੇ ਹਿੰਸਾ ’ਚ ਸ਼ਾਮਲ ਲਗਪਗ ਚਾਰ ਹਜ਼ਾਰ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਰੂਸੀ ਕਮਾਂਡੋ ਦੇ ਉਤਰਨ ਦੇ ਬਾਵਜੂਦ ਦੇਸ਼ ਦੇ ਮੁੱਖ ਸ਼ਹਿਰ ਅਲਮਾਟੀ ’ਚ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਹਿੰਸਾ ਜਾਰੀ ਰਹੀ, ਅੱਗਜ਼ਨੀ ਤੇ ਗੋਲ਼ੀਬਾਰੀ ਹੁੰਦੀ ਰਹੀ। ਰੂਸ ਦੀ ਅਗਵਾਈ ਵਾਲੇ ਮਿੱਤਰ ਦੇਸ਼ਾਂ ਦੇ ਸੰਗਠਨ ਵੱਲੋਂ 2500 ਫ਼ੌਜੀ ਕਜ਼ਾਕਿਸਤਾਨ ਭੇਜੇ ਗਏ ਹਨ। ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ 70 ਤੋਂ ਜ਼ਿਆਦਾ ਜਹਾਜ਼ ਕਜ਼ਾਕਿਸਤਾਨ ਸਰਕਾਰ ਦੀ ਮਦਦ ਲਈ ਲਗਾਤਾਰ ਸਰਗਰਮ ਹਨ। ਹਿੰਸਾ ਦੀ ਸਥਿਤੀ ਖ਼ਤਮ ਕਰ ਕੇ ਸ਼ਾਂਤੀ ਕਾਇਮ ਕਰਨ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਰਾਸ਼ਟਰਪਤੀ ਟੋਕਾਯੇਵ ਨੇ ਸਖ਼ਤ ਰੁਖ਼ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਅੱਤਵਾਦੀ ਹਥਿਆਰ ਸੁੱਟ ਕੇ ਆਤਮ-ਸਮਰਪਣ ਕਰਨ, ਨਹੀਂ ਤਾਂ ਸੁਰੱਖਿਆ ਬਲ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਰਨ ਤੋਂ ਬਾਅਦ ਹੀ ਰੁਕਣਗੇ। ਟੋਕਾਯੇਵ ਨੇ ਸਾਫ ਕੀਤਾ ਹੈ ਕਿ ਰੂਸੀ ਫ਼ੌਜੀ ਹਿੰਸਾਗ੍ਰਸਤ ਇਲਾਕਿਆਂ ’ਚ ਸਿੱਧੀ ਕਾਰਵਾਈ ਨਹੀਂ ਕਰ ਰਹੇ, ਉਹ ਕਜ਼ਾਕਿਸਤਾਨ ਦੇ ਫ਼ੌਜੀਆਂ ਨਾਲ ਸਹਿਯੋਗ ਕਰ ਰਹੇ ਹਨ।ਕਜ਼ਾਕਿਸਤਾਨ ਨਾ ਸਿਰਫ ਭਾਰਤ ਦਾ ਮਿੱਤਰ ਦੇਸ਼ ਹੈ ਬਲਕਿ ਉੱਥੇ ਵੱਡੀ ਗਿਣਤੀ ’ਚ ਭਾਰਤੀ ਵੀ ਰਹਿ ਰਹੇ ਹਨ। ਨੂਰ ਸੁਲਤਾਨ ’ਚ ਸਥਿਤ ਭਾਰਤੀ ਦੂਤਘਰ ਹਾਲਾਤ ’ਤੇ ਨਜ਼ਰ ਰੱਖ ਰਿਹਾ ਹੈ। ਉੱਥੇ ਜਾਰੀ ਹਿੰਸਾ ਦੇ ਕਾਰਨ ਸਬੰਧੀ ਇਸ ਲਈ ਵੀ ਸਵਾਲ ਹਨ ਕਿਉਂਕਿ ਐੱਲਪੀਜੀ ਦੀ ਕੀਮਤ ’ਚ ਵਾਧੇ ਖ਼ਿਲਾਫ਼ ਸ਼ੁਰੂ ਹੋਇਆ ਅੰਦੋਲਨ ਕੁਝ ਹੀ ਘੰਟਿਆਂ ਬਾਅਦ ਸਰਕਾਰ ਦੇ ਵਿਰੋਧ ’ਚ ਤਬਦੀਲ ਹੋ ਗਿਆ ਤੇ ਪ੍ਰਦਰਸ਼ਨਕਾਰੀ ਹਿੰਸਾ ’ਤੇ ਉਤਰ ਆਏ। ਹਿੰਸਾ ਦਾ ਦੌਰ ਅਲਮਾਟੀ, ਰਾਜਧਾਨੀ ਨੂਰ ਸੁਲਤਾਨ ਤੇ ਹੋਰ ਮੁੱਖ ਸ਼ਹਿਰਾਂ ’ਚ ਜਾਰੀ ਹੈ। ਲਗਪਗ ਦੋ ਕਰੋੜ ਦੀ ਆਬਾਦੀ ਵਾਲੇ ਇਸ ਸਾਬਕਾ ਸੋਵੀਅਤ ਦੇਸ਼ ’ਚ ਜ਼ਿਆਦਾਤਰ ਲੋਕ ਇਨ੍ਹਾਂ ਸ਼ਹਿਰਾਂ ’ਚ ਰਹਿੰਦੇ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਦੇ ਵ੍ਹਾਈਟ ਹਾਊਸ ਦਫ਼ਤਰ ਦੇ ਬੁਲਾਰੇ ਜੇਨ ਪਾਸਕੀ ਨੇ ਕਿਹਾ ਕਿ ਕਜ਼ਾਕਿਸਤਾਨ ’ਚ ਰੂਸੀ ਫ਼ੌਜ ਦੀ ਤਾਇਨਾਤੀ ’ਤੇ ਅਮਰੀਕਾ ਦੀ ਨਜ਼ਰ ਹੈ। ਉਹ ਉੱਥੇ ਮਨੁੱਖੀ ਅਧਿਕਾਰਾਂ ਦੀ ਸਥਿਤੀ ’ਤੇ ਗੌਰ ਕਰ ਰਿਹਾ ਹੈ। ਦੱਸਣਯੋਗ ਹੈ ਕਿ ਕਜ਼ਾਕਿਸਤਾਨ ਤੇਲ ਤੇ ਯੂਰੇਨੀਅਮ ਦਾ ਮੁੱਖ ਉਤਪਾਦਕ ਦੇਸ਼ ਹੈ। ਹਫ਼ਤੇ ਭਰ ਤੋਂ ਜਾਰੀ ਹਿੰਸਾ ਕਾਰਨ ਉਸ ਦਾ ਤੇਲ ਉਤਪਾਦਨ ਘੱਟ ਹੋਇਆ ਹੈ।