ਰੋਮ (ਇਟਲੀ) – ਇਟਲੀ ਵਿੱਚ ਬੀਤੇ ਦਿਨੀਂ ਕੰਮ ਦੌਰਾਨ ਬਾਂਹ ਵੱਢੇ ਜਾਣ ਕਾਰਨ ਅਤੇ ਸਹੀ ਸਮੇਂ ’ਤੇ ਹਸਪਤਾਲ ਨਾ ਪਹੁੰਚਾਉਣ ਕਾਰਨ ਮਾਰੇ ਗਏ ਪੰਜਾਬੀ ਸਤਨਾਮ ਸਿੰਘ ਦਾ ਮੁੱਦਾ ਬਹੁਤ ਗਰਮਾਇਆ ਰਿਹਾ ਹੈ। ਜਿਸ ਖਿਲਾਫ ਲੋਕ ਸੜਕਾਂ ’ਤੇ ਉਤਰ ਸਨ ਅਤੇ ਦੋ ਰੋਸ ਮੁਜ਼ਾਹਰੇ ਹੋ ਚੁੱਕੇ ਹਨ। ਜਿਸ ਦੇ ਨਤੀਜੇ ਵਜੋਂ ਸਤਨਾਮ ਸਿੰਘ ਦਾ ਸ਼ੋਸ਼ਣ ਕਰਨ ਵਾਲੇ ਉਸ ਮਾਲਕ ਨੂੰ ਗਿ੍ਰਫਤਾਰ ਕਰਕੇ ਸਲਾਖਾਂ ਦੇ ਪਿੱਛੇ ਕਰ ਦਿੱਤਾ ਗਿਆ ਹੈ। ਬੀਤੀ 6 ਜੁਲਾਈ ਨੂੰ ਕਿਰਤੀਆਂ ਦੀ ਸਿਰਮੌਰ ਜਥੇਬੰਦੀ ਸੀਜੀਆਈ ਐਲ ਵੱਲੋਂ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਸੀ। ਇਸ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੈਡਮ ਹਰਦੀਪ ਕੌਰ ਲਾਉਰਾ ਨੇ ਦੱਸਿਆ ਕਿ 6 ਜੁਲਾਈ ਨੂੰ ਉਹਨਾਂ ਦੀ ਜਥੇਬੰਦੀ ਦੇ ਸੱਦੇ ’ਤੇ ਇਟਲੀ ਭਰ ਤੋਂ ਉਹਨਾਂ ਦੀ ਜਥੇਬੰਦੀ ਦੇ ਵਰਕਰ ਅਤੇ ਵੱਖ-ਵੱਖ ਸ਼ਹਿਰਾਂ ਤੋਂ ਪੰਜਾਬੀ ਭਾਈਚਾਰੇ ਅਤੇ ਹੋਰ ਭਾਈਚਾਰਿਆਂ ਦੇ ਲੋਕ ਇਸ ਵਿਸ਼ਾਲ ਇਕੱਠ ਵਿੱਚ ਸ਼ਾਮਿਲ ਹੋਏ। ਜਿਸ ਵਿੱਚ ਕਿ ਉਹਨਾਂ ਦੀ ਜਥੇਬੰਦੀ ਵੱਲੋਂ ਵੱਖ-ਵੱਖ ਬੁਲਾਰਿਆਂ ਨੇ ਕਿਰਤੀਆਂ ਦੇ ਹੋ ਰਹੇ ਸ਼ੋਸ਼ਣ ਦੀ ਬਹੁਤ ਹੀ ਡੂੰਘੇ ਲਫਜ਼ਾਂ ਨਾਲ ਨਿੰਦਿਆ ਕੀਤੀ। ਇਹ ਇਕੱਠ ਕਿਰਤੀਆਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਅਤੇ ਇਟਲੀ ਵਿੱਚ ਕਿਸੇ ਵੀ ਤਰ੍ਹਾਂ ਦਾ ਕੰਮ ਕਰ ਰਹੇ ਕੱਚੇ ਬੰਦਿਆਂ ਨੂੰ ਪੱਕੇ ਕਰਵਾਉਣ ਲਈ ਇਮੀਗਰੇਸ਼ਨ ਖੋਲਣ ਲਈ ਅਤੇ ਸਰਕਾਰ ਤੱਕ ਇਹ ਗੱਲ ਪਹੁੰਚਾਉਣ ਲਈ ਕੀਤਾ ਗਿਆ ਸੀ ਤਾਂ ਜੋ ਇਟਾਲੀਅਨ ਸਰਕਾਰ ਛੇਤੀ ਤੋਂ ਛੇਤੀ ਇਮੀਗ੍ਰੇਸ਼ਨ ਖੋਲ੍ਹ ਕੇ ਇਹਨਾਂ ਕੱਚੇ ਬੰਦਿਆਂ ਨੂੰ ਪੱਕਿਆਂ ਕਰੇ ਅਤੇ ਉਹਨਾਂ ਨੂੰ ਕੰਮਾਂ ’ਤੇ ਅਜਿਹੇ ਸ਼ੋਸ਼ਣ ਦਾ ਸ਼ਿਕਾਰ ਨਾ ਹੋਣਾ ਪਵੇ। ਉਹਨਾਂ ਨੂੰ ਸਿਹਤ ਰਹਿਣ-ਸਹਿਣ ਜਿਹੀਆਂ ਹੋਰ ਸਾਰੀਆਂ ਬੁਨਿਆਦੀ ਸਹੂਲਤਾਂ ਸਹੂਲਤਾਂ ਮਿਲ ਸਕਣ। ਉਹਨਾਂ ਨੇ ਇਸ ਇਕੱਠ ਵਿੱਚ ਦੂਰੋਂ ਨੇੜਿਓਂ ਪਹੁੰਚ ਕੇ ਇੱਕਜੁਟਤਾ ਦਾ ਸਬੂਤ ਦੇਣ ਲਈ ਸਾਰੇ ਭਾਰਤੀ ਭਾਈਚਾਰੇ ਅਤੇ ਹੋਰ ਭਾਈਚਾਰਿਆਂ ਦਾ ਵੀ ਆਪਣੀ ਸੰਸਥਾ ਵੱਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਕਿਰਤੀਆਂ ਦੇ ਹੱਕ ਵਿੱਚ ਹੋਰ ਰਹੇ ਇਹਨਾਂ ਪ੍ਰਦਰਸ਼ਨਾਂ ਵਿੱਚ ਉਹ ਅੱਗੇ ਤੋਂ ਵੀ ਉਹਨਾਂ ਦੀ ਸੰਸਥਾ ਦਾ ਸਾਥ ਦੇਣਗੇ।