ਚੰਡੀਗੜ੍ਹ – ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਦੀ ਆਬਕਾਰੀ ਨੀਤੀ ਦੀ ਤਰਜ਼ ’ਤੇ ਪੰਜਾਬ ਆਬਕਾਰੀ ਨੀਤੀ ਦੀ ਜਾਂਚ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਨੇ ਕੁਝ ਚਹੇਤਿਆਂ ਨੂੰ ਖੁਸ਼ ਕੀਤਾ ਹੈ, ਜਦਕਿ ਸੈਂਕੜੇ ਸਥਾਨਕ ਪੰਜਾਬੀ ਸ਼ਰਾਬ ਕਾਰੋਬਾਰੀਆਂ ਦਾ ਕਾਰੋਬਾਰ ਤਬਾਹ ਕਰ ਦਿੱਤਾ ਹੈ।
ਆਲ ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸੀਬੀਆਈ ਜਾਂਚ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਹਾਏ ਤੋਬਾ ਕਰਨ ਦੀ ਆਲੋਚਨਾ ਕੀਤੀ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਵਿਚ ਮਗਰਮੱਛ ਦੇ ਹੁੰਝੂ ਵਹਾ ਰਿਹਾ ਹੈ ਅਤੇ ਭ੍ਰਿਸ਼ਟਾਚਾਰ ਦੇ ਦੋਸ਼ੀ ਆਪਣੇ ਮੰਤਰੀਆਂ ਨੂੰ ਕਲੀਨ ਚਿੱਟ ਜਾਰੀ ਕਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸੀਬੀਆਈ ਜਾਂਚ ਤੋਂ ਡਰਦੇ ਕਿਉਂ ਹਨ? ਜੇਕਰ ਸੱਚੇ ਹਨ ਤਾਂ ਜਾਂਚ ਕਰਵਾਉਣ।
