ਅੰਮ੍ਰਿਤਸਰ – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦੁਆਰਾ ਆਯੋਜਿਤ ‘ਖੇਡਾਂ ਵਤਨ ਪੰਜਾਬ ਦੀਆਂ’ ਖੇਡ ਮੁਕਾਬਲਿਆਂ ’ਚ ਆਪਣੀ ਕਾਬਲੀਅਤ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੋਨ, ਕਾਂਸੀ ਦਾ ਤਗਮਾ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਮੌਕੇ ਸਕੂਲ ਪਿ੍ਰੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਭੇਂਟ ਕਰਦਿਆਂ ਦੱਸਿਆ ਕਿ ਹੋਣਹਾਰ ਵਿਦਿਆਰਥਣਾਂ ਵੱਲੋਂ ਪੰਜਾਬ ਸਰਕਾਰ ਦੁਆਰਾ ਕਰਵਾਏ ਗਏ ਉਕਤ ਖੇਡ ਮੁਕਾਬਲਿਆਂ ’ਚ ਇਨਾਮ ਹਾਸਲ ਕਰਨ ਨਾਲ ਸੰਸਥਾ ਦੀਆਂ ਉਪਲੱਬਧੀਆਂ ’ਚ ਇਕ ਹੋਰ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੂਨੀਅਰ ਵਰਗ ’ਚ ਖੇਡਦਿਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ’ਚ ਭਾਗ ਲੈ ਕੇ ਸਕੂਲ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣ ਸਚਲੀਨ ਕੌਰ, ਸਮਰਦੀਪ ਕੌਰ ਨੇ ਕਿੱਕ ਬਾਕਸਿੰਗ ਮੁਕਾਬਲੇ ’ਚ ਭਾਗ ਲੈਂਦਿਆਂ ਕ੍ਰਮਵਾਰ ਸੋਨੇ ਅਤੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਮਨੁੱਖ ਦੇ ਸਰਵਪੱਖੀ ਵਿਕਾਸ ਲਈ ਸਹਾਈ ਹੁੰਦੀਆਂ ਹਨ, ਉਥੇ ਨਾਲ ਹੀ ਨਾਲ ਸਵੈ-ਸੁਰੱਖਿਆ ਅਤੇ ਆਤਮ-ਵਿਸ਼ਵਾਸ ਵੀ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਪ੍ਰਿੰ: ਗਿੱਲ ਨੇ ਸਿਖਲਾਈ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਕਰਵਾਈ ਸਖ਼ਤ ਮਿਹਨਤ ਅਤੇ ਅਭਿਆਸ ਸਦਕਾ ਵਿਦਿਆਰਥੀ ਸਫ਼ਲਤਾਵਾਂ ਦੀ ਮੰਜ਼ਿਲ ਨੂੰ ਛੂਹ ਰਹੇ ਹਨ। ਇਸ ਮੌਕੇ ਸਮੂੰਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।