ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ. ਟੀ. ਰੋਡ ਵਿਖੇ ਅਲੂਮਨੀ ਮੀਟ ਕਰਵਾਈ ਗਈ। ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੇ ਸਹਿਯੋਗ ਨਾਲ ਕਰਵਾਈ ਉਕਤ ਮੀਟ ਦੌਰਾਨ ਕਾਲਜ ਤੋਂ ਪੜ੍ਹ ਕੇ ਜਾ ਚੁੱਕੇ ਵਿਦਿਆਰਥੀਆਂ ਨੇ ਸਾਬਕਾ ਵਾਈਸ ਪ੍ਰਿੰਸੀਪਲ ਅਤੇ ਐਲੂਮਨੀ ਡਾ. ਹਰਪ੍ਰੀਤ ਕੌਰ ਨੂੰ ਐਲੂਮਨੀ ਐਸੋਸੀਏਸ਼ਨ ਵੱਲੋਂ ਵਿਦਾਇਗੀ ਦੇਣ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ।
ਇਸ ਪ੍ਰੋਗਰਾਮ ਦੀ ਸ਼ਰੂਆਤ ’ਚ ਡਾ. ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਐਲੂਮਨੀ ਐਸੋਸੀਏਸ਼ਨ ਦੇ ਵਿਸ਼ੇਸ਼ ਉਪਰਾਲੇ ਦੀ ਸਰਾਹਨਾ ਕੀਤੀ ਅਤੇ ਭਵਿੱਖ ’ਚ ਵੀ ਐਲੂਮਨੀ ਦੇ ਸਹਿਯੋਗ ਦੀ ਆਸ ਪ੍ਰਗਟਾਈ। ਇਸ ਮੌਕੇ ਗੁਰੂ ਨਾਨਕ ਨੈਸ਼ਨਲ ਕਾਲਜ ਦੌਰਾਹਾ ਅਸਿਸਟੈਂਟ ਪ੍ਰੋਫੈਸਰ ਡਾ. ਸੋਮਪਾਲ ਹੀਰਾ ਨੇ ਡਾ. ਸੁਰਜੀਤ ਪਾਤਰ ਦੀਆਂ ਕਵਿਤਾਵਾਂ ’ਤੇ ਅਧਾਰਿਤ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਦਾ ਮੰਚਨ ਕੀਤਾ।
ਇਸ ਮੌਕੇ ਪੁੱਜੀਆਂ ਸਮੂਹ ਸਖਸ਼ੀਅਤਾਂ ਨੇ ਕਾਲਜ ਦੌਰਾਨ ਲਈ ਗਈ ਮਿਆਰੀ ਸਿੱਖਿਆ ਅਤੇ ਅਧਿਆਪਕਾਂ ਸਬੰਧੀ ਦੱਸਦਿਆਂ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਡਾ. ਹਰਪ੍ਰੀਤ ਕੌਰ ਨੂੂੰ ਸਨਮਾਨਿਤ ਕੀਤਾ। ਡਾ. ਕੁਮਾਰ ਨੇ ਕਿਹਾ ਕਿ ਪ੍ਰੋਗਰਾਮ ’ਚ ਸ.ਸ.ਸ.ਸ, ਅਜਨਾਲਾ ਸੀਨੀਅਰ ਲੈਕਚਰਾਰ ਸ. ਗੁਰਪ੍ਰੀਤ ਸਿੰਘ ਰਿਆੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੰਡਾਲਾ ਪ੍ਰਿੰਸੀਪਲ ਸ. ਦੀਪ ਇੰਦਰ ਸਿੰਘ, ਸ.ਸ.ਸ.ਸ, ਨੌਸ਼ਹਿਰਾ ਲੈਕਚਰਾਰ ਸ੍ਰੀਮਾਨ ਦੀਪਕ ਸ਼ਰਮਾ, ਡਾ. ਵੰਦਨਾ, ਮਨਦੀਪ ਕੌਰ, ਪ੍ਰਸਿੰਨੀ ਦੇਵੀ ਤੋਂ ਇਲਾਵਾ 50 ਦੇ ਕਰੀਬ ਸਾਬਕਾ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।
ਉਨ੍ਹਾਂ ਕਿਹਾ ਕਿ ਅਲੂਮਨੀ ਮੀਟ ਦਾ ਆਯੋਜਨ ਅਸਿਸਟੈਂਟ ਪ੍ਰੋ: ਡਾ: ਮਨਪ੍ਰੀਤ ਕੌਰ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ’ਚ ਡਾ: ਕੁਮਾਰ ਨੇ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਨਿਰਮਲਜੀਤ ਕੌਰ, ਐਸੋਸੀਏਟ ਪ੍ਰੋ: ਡਾ. ਗੁਰਜੀਤ ਕੌਰ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।