ਅੰਮ੍ਰਿਤਸਰ – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਮੌਕੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸ੍ਰੀ ਜਪੁ ਜੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕਥਾ ਵਿਚਾਰ ਅਤੇ ਇਲਾਹੀ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ ਗਿਆ।
ਇਸ ਮੌਕੇ ਸ੍ਰੀਮਤੀ ਨਾਗਪਾਲ ਨੇ ਵਿਦਿਆਰਥਣਾਂ ਨੂੰ ਗੁਰੂ ਸਾਹਿਬ ਦੁਆਰਾ ਵਿਖਾਏ ਮਾਰਗ ’ਤੇ ਚੱਲਣ ਪ੍ਰੇਰਿਤ ਕਰਦਿਆਂ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਪੜ੍ਹਾਈ ਕਰਕੇ ਉਜਵੱਲ ਭਵਿੱਖ ਲਈ ਮਿੱਥੇ ਟੀਚੇ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਰੱਬੀ ਗੁਣਾਂ ਨਾਲ ਸੰਚਾਰਿਤ ਹੁੰਦਾ ਹੈ। ਗੁਰੂ ਦਾ ਬਚਨ ਗੁਣਾਂ ਦਾ ਸਾਗਰ ਹੈ ਅਤੇ ਜੀਵ ਉਸ ਸਾਗਰ ਦੀ ਇਕ-ਇਕ ਗੁਣਾਂ ਰੂਪੀ ਬੂੰਦ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਨੇ ਫ਼ਰਮਾਇਆ ਹੈ ਕਿ ਗੁਰੂ ਅਤੇ ਭਗਤ ਦਾ ਅਜਿਹਾ ਰਿਸ਼ਤਾ ਹੈ ਜਿੱਥੇ ਬਾਕੀ ਰਿਸ਼ਤਾ ਨਿਰਾਰਥਕ ਅਨੁਭਵ ਹੋਣ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ’ਚ ਪ੍ਰਭੂ ਦੀ ਮਹਿਮਾ ਦਾ ਹੀ ਗੁਣਗਾਨ ਕੀਤਾ ਹੈ।
ਇਸ ਮੌਕੇ ਸ੍ਰੀਮਤੀ ਨਾਗਪਾਲ ਨੇ ਆਪਣੇ ਸੰਬੋਧਨ ’ਚ ਵਿਦਿਆਰਥਣਾਂ ਨੂੰ ਧਾਰਮਿਕ ਖੇਤਰ ਨਾਲ ਜੁੜਨ ਲਈ ਵੀ ਪੇ੍ਰਰਣਾ ਦਿੱਤੀ। ਇਸ ਮੌਕੇ ਸਮੂੰਹ ਸਕੂਲ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।