ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਏ ਗਏ ਇੰਟਰ ਕਾਲਜ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਕਾਲਜ ਵਿਦਿਆਰਥੀਆਂ ਨੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੂੰ 21-18 ਦੇ ਫ਼ਰਕ ਨਾਲ ਮਾਤ ਦੇ ਕੇ ਉਕਤ ਸਥਾਨ ਨਾਲ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।
ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨੇ ਜੇਤੂ ਵਿਦਿਆਰਥੀਆਂ ਦੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਅਤੇ ਅਸਿਸਟੈਂਟ ਪ੍ਰੋ: ਪਲਵਿੰਦਰ ਸਿੰਘ ਦੁਆਰਾ ਵਿਦਿਆਰਥੀ ਨੂੰ ਕਰਵਾਏ ਸਖ਼ਤ ਅਭਿਆਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਲਜ ਦੀ ਟੀਮ ਨੇ ਉਕਤ ਮੁਕਾਬਲੇ ’ਚ ਲਾਇਲਪੁਰ ਖ਼ਾਲਸਾ ਕਾਲਜ ਨੂੰ 3 ਪੁਆਇੰਟ ਦੇ ਫ਼ਰਕ ਨਾਲ ਹਰਾਇਆ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਕਾਨਪੁਰ (ਯੂ. ਪੀ.) ਵਿਖੇ ਨਾਰਥ ਜੋਨ ਪ੍ਰਤੀਯੋਗ਼ਤਾ ’ਚ 40 ਟੀਮਾਂ ਨੇ ਭਾਗ ਲਿਆ, ਜਿਸ ’ਚ ਚੋਣ ਹੋਣ ਉਪਰੰਤ 9 ਅਪ੍ਰੈਲ ਨੂੰ ਬੇਂਗਲਰੂੰ (ਕਰਨਾਟਕਾ) ਵਿਖੇ ਹੋਣ ਜਾ ਰਹੀ ਆਲ ਇੰਡੀਆ ਚੈਂਪੀਅਨਸ਼ਿਪ ਦਾ ਪਾਟਿਲ ਮਨਦਾਰ ਵਿਜੈ, ਨਦਫ ਅਲਵਾਜ਼ ਹਸਨ, ਨਾਇਕ ਚੁਤਨਿਆ ਪੂਰਨਮ, ਨਿਪਾਨੈ ਸੋਮਨਾਥ ਵਿਨੋਦ, ਪਾਟਿਲ ਦੇਂਵਿੰਦਰਾ ਦਲੀਪ, ਪਾਸਗੁਡੇ ਆਦਰਸ਼ ਬਾਬਾਸੋ, ਮਨੂੰ ਕੁਮਾਰ, ਸੁਨੀਲ, ਪੋਵਾਰ ਆਦਿਤਿਆ, ਮਨਪ੍ਰੀਤ ਅਤੇ ਨਾਇਕ ਪਰਥ ਬਾਲਕ੍ਰਿਸ਼ਨ ਕਾਲਜ ਵਿਦਿਆਰਥੀ ਹਿੱਸਾ ਹੋਣਗੇ।
ਇਸ ਮੌਕੇ ਡਾ. ਕਾਹਲੋਂ ਨੇ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿੱਦਿਅਕ ਪੱਖੋਂ ਵਿਦਿਆਰਥੀਆਂ ਨੂੰ ਮਜ਼ਬੂਤ ਕਰਨ ਦੇ ਨਾਲ‐ਨਾਲ ਖੇਡਾਂ, ਸੱਭਿਆਚਾਰਕ ਤੇ ਹੋਰਨਾਂ ਗਤੀਵਿਧੀਆਂ ’ਚ ਵੀ ਮਾਹਿਰ ਬਣਾਇਆ ਜਾ ਰਿਹਾ ਹੈ ਤਾਂ ਜੋ ਕਿ ਆਉਣ ਵਾਲੇ ਸਮੇਂ ’ਚ ਵਿਦਿਆਰਥੀਆਂ ਦਾ ਭਵਿੱਖ ਉਜਵਲ ਹੋ ਸਕੇ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ’ਚ ਸਿਖ਼ਰਾਂ ਨੂੰ ਛੂਹਣ ਦੀਆਂ ਸ਼ੁਭ ਇਛਾਵਾਂ ਦੇ ਕੇ ਹੌਂਸਲਾ ਅਫ਼ਜਾਈ ਕੀਤੀ।