ਅੰਮ੍ਰਿਤਸਰ—ਛਾਤੀ ਦਾ ਕੈਂਸਰ ਇਕ ਗੁੰਝਲਦਾਰ ਬਿਮਾਰੀ ਹੈ, ਪਰ ਜੇਕਰ ਸਮਾਂ ਰਹਿੰਦਿਆਂ ਇਸ ਸਬੰਧੀ ਪਤਾ ਲੱਗ ਜਾਵੇ ਅਤੇ ਇਲਾਜ ਕੀਤਾ ਜਾ ਸਕਦਾ ਹੈ। ਇਸ ਸਬੰਧੀ ਜਾਗਰੂਕਤਾ ਦੀ ਕਮੀ ਹੋਣ ਕਾਰਨ ਅਤੇ ਸਮੇਂ ’ਤੇ ਇਸ ਦੀ ਪਛਾਣ ਨਾ ਹੋਣ ਕਾਰਨ ਮੌਤਾਂ ਦੀ ਤਦਾਦ ਜਿਆਦਾ ਹੁੰਦੀ ਹੈ। ਔਰਤਾਂ ’ਚ ਹੋਣ ਵਾਲੇ ਵੱਖ-ਵੱਖ ਕੈਂਸਰਾਂ ਦੀ ਤੁਲਨਾ ’ਚ ਛਾਤੀ ਦੇ ਕੈਂਸਰ ਦੇ ਮਾਮਲੇ ਨਾ ਸਿਰਫ਼ ਭਾਰਤ ’ਚ ਸਗੋਂ ਵਿਸ਼ਵ ’ਚ ਸਭ ਤੋਂ ਵਧੇਰੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਬਰੈਸਟ ਕੈਂਸਰ ਜਾਗਰੂਕਤਾ ਦਿਵਸ ਮਨਾਉਣ ਸਬੰਧੀ ਪੁੱਜੇ ਮਾਹਿਰ ਔਬਸਟੈਟ੍ਰਿਸ਼ੀਅਨ ਐਂਡ ਗਾਇਨੀਕੋਲੋਜਿਸਟ ਡਾ. ਜਗਪ੍ਰੀਤ ਕੌਰ ਨੇ ਕੀਤਾ।
ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ ਉਕਤ ਪ੍ਰੋਗਰਾਮ ਮੌਕੇ ਡਾ. ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨਾਲ ਛਾਤੀ ਦੇ ਕੈਂਸਰ ਦੀ ਜਾਗਰੂਕਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕੈਂਸਰ ਦੀ ਇਕ ਕਿਸਮ ’ਚ ਬ੍ਰੈਸਟ ਕੈਂਸਰ ਵੀ ਹੈ, ਜਿਹੜਾ ਕਿ ਛਾਤੀ ਦੇ ਸੈੱਲਾਂ ’ਚ ਸੈੱਲਾਂ ਦੇ ਵਿਕਾਸ ਦੇ ਰੂਪ ਵਿੱਚ ਸ਼ੁਰੂ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸਕਿਨ ਤੋਂ ਬਾਅਦ ਛਾਤੀ ਦਾ ਕੈਂਸਰ ਸੰਯੁਕਤ ਰਾਜ ’ਚ ਔਰਤਾਂ ’ਚ ਪਾਇਆ ਜਾਣ ਵਾਲਾ ਸਭ ਤੋਂ ਆਮ ਕੈਂਸਰ ਹੈ।
ਉਨ੍ਹਾਂ ਕਿਹਾ ਕਿ ਇਸ ਰੋਗ ਸਬੰਧੀ ਜਾਗਰੂਕਤਾ ਅਤੇ ਰਿਸਰਚ ਲਈ ਧਨ ਦੇ ਵਿਆਪਕ ਸਮਰਥਨ ਸਦਕਾ ਬਚਣ ਦੀ ਦਰ ਵੱਧ ਅਤੇ ਇਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ।ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵਿਅਕਤੀ ਦੇ ਡੀ. ਐਨ. ਏ. ’ਚ ਬਦਲਾਅ ਆਉਂਦਾ ਹੈ ਤਾਂ ਇਹ ਉਕਤ ਬਿਮਾਰੀ ਜਕੜ੍ਹ ਲੈਂਦੀ ਹੈ।ਉਨ੍ਹਾਂ ਕਿਹਾ ਕਿ ਤਬਦੀਲੀਆਂ ਸਬੰਧੀ ਸਹੀ ਕਾਰਨ ਹਮੇਸ਼ਾਂ ਪਤਾ ਨਹੀਂ ਹੁੰਦਾ ਹੈ। ਪਰ ਅਜਿਹੇ ਕਈ ਕਾਰਕ ਹਨ ਜੋ ਇਸ ਖਤਰਨਾਕ ਬਿਮਾਰੀ ਦੇ ਜੋਖਮ ਨੂੰ ਵਧਾ ਸਕਦੇ ਹਨ।
ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਉਕਤ ਮਾਹਿਰਾ ਵੱਲੋਂ ਵਿਦਿਆਰਥੀਆਂ ਪ੍ਰਦਾਨ ਕੀਤੀ ਗਈ ਜਾਣਕਾਰੀ ਭਵਿੱਖ ’ਚ ਲਾਹੇਵੰਦ ਸਾਬਿਤ ਹੋਵੇਗੀ, ਕਿਉਂਕਿ ਜਿੱਥੇ ਇਸ ਦੌਰਾਨ ਉਨ੍ਹਾਂ ਨੂੰ ਉਕਤ ਬਿਮਾਰੀ ਸਬੰਧੀ ਸਹੀ ਪ੍ਰਦਾਨ ਕੀਤੀ ਗਈ ਹੈ, ਉਥੇ ਸਮਾਜ ਭਲਾਈ ਦੇ ਕਾਰਜਾਂ ’ਚ ਮੋਹਰੀ ਹੋ ਕੇ ਹੋਰਨਾਂ ਲੋਕਾਂ ਨੂੰ ਇਸ ਬਰੈਸਟ ਕੈਂਸਰ ਵਰਗੀ ਬਾਰੇ ਜਾਗਰੂਕ ਕਰਨਗੇ। ਇਸ ਮੌਕੇ ਉਨ੍ਹਾਂ ਉਕਤ ਪ੍ਰੋਗਰਾਮ ਸਬੰਧੀ ਮੈਡੀਕਲ ਸਰਜੀਕਲ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਤਰਨਦੀਪ ਕੌਰ, ਡਾ. ਭਾਵਨਾ ਗੁਪਤਾ, ਨਰਸਿੰਗ ਟਿਊਟ ਜਸਮੀਤ ਕੌਰ, ਅਵਨੀਤ ਕੌਰ, ਵੰਦਨਾ, ਸਾਬਿਆ ਆਦਿ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੌਰਾਨ ਵਿਦਿਆਰਥੀਆ ਵੱਲੋਂ ਬਰੈਸਟ ਕੈਂਸਰ ਜਾਗਰੂਕਤਾ ਕਾਨਟੈਸਟ ’ਚ ਹਿੱਸਾ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਛਾਤੀ ਦੇ ਕੈਂਸਰ ਦੀ ਜਾਣਕਾਰੀ ਸਬੰਧੀ ਸਾਰਥਿਕ ਸਿੱਧ ਹੋਇਆ।ਇਸ ਮੌਕੇ ਸਮੂੰਹ ਸਟਾਫ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।