ਅੰਮ੍ਰਿਤਸਰ – ਖਾਲਸਾ ਕਾਲਜ ਦੇ ਫ਼ੈਸ਼ਨ ਡਿਜਾਈਨਿੰਗ ਵਿਭਾਗ ਵੱਲੋਂ 2 ਰੋਜ਼ਾ ਦੀਵਾਲੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਏ. ਕੇ. ਕਾਹਲੋਂ ਦੇ ਸਹਿਯੋਗ ਨਾਲ ‘ਦ ਐਨਲਾਟੀਨਿੰਗ ਦੀਆਜ਼-2024’ ਵਿਸ਼ੇ ’ਤੇ ਅਧਾਰਿਤ ਉਕਤ ਪ੍ਰਦਰਸ਼ਨੀ ਦੌਰਾਨ ਵਿਦਿਆਰਥਣਾਂ ਨੇ ਆਪਣੇ ਹੁਨਰ ਦਾ ਸ਼ਾਨਦਾਰ ਮੁਜ਼ਾਹਰਾ ਕਰਦਿਆਂ ਆਪਣੇ ਹੱਥੀਂ ਤਿਆਰ ਕੀਤੀਆਂ ਵੱਖ-ਵੱਖ ਤਰ੍ਹਾਂ ਦੀਆਂ ਵਸਤੂਆਂ ਨੂੰ ਪੇਸ਼ ਕੀਤਾ।
ਇਸ ਮੌਕੇ ਪ੍ਰਿੰ: ਡਾ. ਕਾਹਲੋਂ ਨੇ ਵਿਭਾਗ ਮੁੱਖੀ ਪ੍ਰੋ: ਜਸਮੀਤ ਕੌਰ ਨਾਲ ਮਿਲ ਕੇ ਲਿਟਲ ਫ਼ਲਾਵਰ ਸਕੂਲ, ਹਰਸ਼ਾ ਛੀਨਾ ਦੇ ਡਾਇਰੈਕਟਰ ਸ੍ਰੀਮਤੀ ਤਜਿੰਦਰ ਕੌਰ ਛੀਨਾ ਦਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ’ਤੇ ਸਵਾਗਤ ਕਰਦਿਆਂ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ। ਇਸ ਮੌਕੇ ਸ੍ਰੀਮਤੀ ਛੀਨਾ ਨੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ ਵੱਖ-ਵੱਖ ਤਰ੍ਹਾਂ ਦੇ ਸਾਜੋ-ਸਮਾਨ ’ਚ ਦੀਵੇ, ਚਾਦਰਾਂ, ਦੀਵਾਲੀ ਦੀਆਂ ਸਜ਼ਾਵਟਾਂ ਦਾ ਸਮਾਨ, ਸਾੜੀਆਂ, ਦੁੱਪਟੇ, ਕਾਸਮੈਟਿਕ ਸਮਾਨ, ਨੇਲ ਆਰਟ, ਮਹਿੰਦੀ, ਰੰਗੋਲੀ ਆਦਿ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਅਜਿਹੇ ਮੁਹਾਰਤ ਪ੍ਰਾਪਤ ਕਿੱਤਾਮੁੱਖੀ ਕਾਰਜਾਂ ਦਾ ਹਿੱਸਾ ਬਣਨਾ ਚਾਹੀਦਾ ਹੈ, ਕਿਉਂਕਿ ਅਜਿਹੇ ਕੰਮ ਭਵਿੱਖ ’ਚ ਇਕ ਅਲੱਗ ਆਮਦਨ ਦਾ ਸਰੋਤ ਬਣ ਕੇ ਉਭਰਦੇ ਹਨ।
ਇਸ ਮੌਕੇ ਪ੍ਰੋ: ਜਸਮੀਤ ਕੌਰ ਨੇ ਕਿਹਾ ਕਿ ਉਕਤ ਪ੍ਰੋਗਰਾਮ ਮੌਕੇ ਹੋਰਨਾਂ ਵਿਭਾਗਾਂ ਦੇ ਮੁੱਖੀ, ਅਧਿਆਪਕ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪ੍ਰਿੰ: ਡਾ. ਕਾਹਲੋਂ ਦੇ ਸਹਿਯੋਗ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀਆਂ ਦੇ ਕੰਮ ਕਰਨ ਦੀ ਰੁਚੀ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਰਮਿੰਦਰ ਕੌਰ, ਡਾ. ਹਰਵਿੰਦਰ ਕੌਰ, ਪ੍ਰੋ: ਜਸਪ੍ਰੀਤ ਕੌਰ, ਡਾ. ਰਣਦੀਪ ਕੌਰ ਬੱਲ, ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।