ਅੰਮ੍ਰਿਤਸਰ – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਮੁੱਕੇਬਾਜ ਵਿਦਿਆਰਥੀ ਲੜਕਿਆਂ ਨੇ ਜ਼ਿਲ੍ਹਾ ਪੱਧਰ ’ਤੇ ਤਿੰਨੇ ਵਰਗਾਂ ’ਚ ਜਿੱਤਾਂ ਪ੍ਰਾਪਤ ਕੀਤੀਆਂ ਹਨ। ਸਕੂਲ ਵਿਦਿਆਰਥੀਆਂ ਨੇ ਉਮਰ ਵਰਗ 14, 17 ਅਤੇ 19 ਸਾਲ ’ਚ ਲਗਾਤਾਰ ਪਿਛਲੇ 25 ਸਾਲਾਂ ਤੋਂ ਬਾਕਸਿੰਗ ’ਚ ਜੇਤੂ ਰਹਿ ਕੇ ਸਕੂਲ ਦੀ ਸਰਦਾਰੀ ਨੂੰ ਕਾਇਮ ਰੱਖਿਆ ਹੈ।
ਇਸ ਸਬੰਧੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸਕੂਲ ਖੇਡ ਮੁਖੀ ਸ: ਰਣਕੀਰਤ ਸਿੰਘ ਸੰਧੂ ਦੀ ਮੌਜ਼ੂਦਗੀ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਬਾਕਸਿੰਗ ਹਾਲ ਵਿਖੇ ਸੈਸ਼ਨ 2025—26 ਦੇ ਲਗਾਤਾਰ 3 ਦਿਨ ਜ਼ਿਲ੍ਹਾ ਪੱਧਰੀ ਸਕੂਲ ਬਾਕਸਿੰਗ ਟੂਰਨਾਮੈਂਟ ਚੱਲਿਆ ਅਤੇ ਇਨ੍ਹਾਂ ਮੁਕਾਬਲਿਆਂ ’ਚੋਂ ਜ਼ਿਲ੍ਹੇ ਦੇ ਵੱਖ—ਵੱਖ ਸਕੂਲਾਂ ਤੋਂ ਆਏ ਬਾਕਸਿੰਗ ਖਿਡਾਰੀਆਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਗਵਰਨਿੰਗ ਕੌਂਸਲ ਅਤੇ ਸਕੂਲ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਬਾਕਸਿੰਗ ਕੋਚ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਉਕਤ ਵਰਗ ’ਚ ਬਾਕਸਿੰਗ ਦੇ ਖਿਡਾਰੀਆਂ ਲਗਾਤਾਰ ਪਿਛਲੇ 25 ਸਾਲਾਂ ਤੋਂ ਜੇਤੂ ਰਹਿ ਕੇ ਸਕੂਲ ਦੀ ਸਰਦਾਰੀ ਨੂੰ ਕਾਇਮ ਰੱਖਿਆ ਹੈ।ਇਸ ਮੌਕੇ ਰਾਜਬਿੰਦਰ ਸਿੰਘ ਸੰਧੂ ਅਤੇ ਸ਼ਰਨਜੀਤ ਸਿੰਘ ਭੰਗੂ ਵੀ ਹਾਜ਼ਰ ਸਨ।