ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਨੇ ਭਾਰਤ ਦੇ ਚੋਟੀ ਦੇ ਪ੍ਰਾਈਵੇਟ ਇੰਜੀਨੀਅਰਿੰਗ ਕਾਲਜਾਂ ’ਚ 163ਵਾਂ ਰੈਂਕ ਅਤੇ ਭਾਰਤ ਦੇ ਚੋਟੀ ਦੇ ਉੱਭਰ ਰਹੇ ਪ੍ਰਾਈਵੇਟ ਇੰਜੀਨੀਅਰਿੰਗ ਕਾਲਜਾਂ ’ਚ 52ਵਾਂ ਰੈਂਕ ਪ੍ਰਾਪਤ ਕਰਕੇ ਇਕ ਮਹੱਤਵਪੂਰਨ ਅਕਾਦਮਿਕ ਮੀਲ ਪੱਥਰ ਸਥਾਪਿਤ ਕੀਤਾ ਹੈ। ਉਕਤ ਵੱਕਾਰੀ ਸਥਾਨ ਇੰਡੀਆ ਟੂਡੇ ਦੁਆਰਾ ਕਰਵਾਏ ਗਏ ‘ਸਰਵੇਖਣ-2025’ ਮੁਤਾਬਕ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਪ੍ਰਤੱਖ ਹੋਇਆ ਹੈ।
ਇਸ ਸਬੰਧੀ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀ ਸੰਸਥਾ ਦੀ ਅਕਾਦਮਿਕ ਉੱਤਮਤਾ, ਸੰਪੂਰਨ ਵਿਕਾਸ ਅਤੇ ਕਰੀਅਰ ਤਿਆਰੀ ਸਬੰਧੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਉਨ੍ਹਾਂ ਕਿਹਾ ਕਿ ਉਕਤ ਰੈਂਕਿੰਗ ਇਨਟੇਕ ਕੁਆਲਿਟੀ ਐਂਡ ਗਵਰਨੈਂਸ, ਅਕਾਦਮਿਕ ਉੱਤਮਤਾ, ਬੁਨਿਆਦੀ ਢਾਂਚਾ ਅਤੇ ਰਹਿਣ-ਸਹਿਣ ਦਾ ਤਜਰਬਾ, ਸ਼ਖਸੀਅਤ ਤੇ ਲੀਡਰਸ਼ਿਪ ਵਿਕਾਸ ਅਤੇ ਪਲੇਸਮੈਂਟ ਤੇ ਕਰੀਅਰ ਪ੍ਰਗਤੀ ਆਦਿ ਕਈ ਮੁੱਖ ਮਾਪਦੰਡਾਂ ਦੇ ਆਧਾਰ ’ਤੇ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਫੈਕਲਟੀ, ਵਿਦਿਆਰਥੀਆਂ ਅਤੇ ਸਟਾਫ ਦੇ ਸਮੂਹਿਕ ਸਮਰਪਣ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਕਾਲਜ ਨੇ ਵਿਦਿਆਰਥੀਆਂ ਨੂੰ ਅਸਲ ਜੀਵਨ ਦਾ ਅਨੁਭਵ ਅਤੇ ਅਸਲ ਦੁਨੀਆ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਵੱਖ-ਵੱਖ ਉਦਯੋਗਾਂ ਅਤੇ ਹੋਰ ਅਕਾਦਮਿਕ ਸੰਸਥਾਵਾਂ ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਹਿਯੋਗਾਂ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੀ ਪਲੇਸਮੈਂਟ ਦਰ ਉੱਚੀ ਹੋਈ ਹੈ। ਉਨ੍ਹਾਂ ਕਿਹਾ ਕਿ ਮਾਨਤਾ ਨੇ ਉਭਰ ਰਹੇ ਕਾਲਜ ਸ਼੍ਰੇਣੀ ’ਚ ਇਕ ਭਵਿੱਖ-ਤਿਆਰ ਸੰਸਥਾ ਬਣਾਉਣ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤ ਕੀਤਾ ਹੈ।