Punjab

ਖਾਲਸਾ ਕਾਲਜ ਦੇ ਅਜਾਇਬ ਘਰ ਵਿਖੇ ਬੈਲਜੀਅਮ ਤੋਂ ‘ਮਾਡਲ ਚਿੰਨ੍ਹ’ ਨੂੰ ਕੀਤਾ ਸਥਾਪਿਤ !

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਡਾ. ਦਵਿੰਦਰ ਸਿੰਘ ਛੀਨਾ ਬੈਲਜ਼ੀਅਮ ਤੋਂ ਲਿਆਂਦੇ ਗਏ ਮਿੱਟੀ ਦੇ ਮਾਡਲ ਨੂੰ ਖਾਲਸਾ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੂੰ ਸੌਂਪਦੇ ਹੋਏ।

ਅੰਮ੍ਰਿਤਸਰ – ਇਤਿਹਾਸਕ ਖਾਲਸਾ ਕਾਲਜ ਦੇ ਸਿੱਖ ਇਤਿਹਾਸ ਖੋਜ ਕੇਂਦਰ ਵਿਖੇ ਵਿਸ਼ਵ ਯੁੱਧਾਂ ਦੌਰਾਨ ਲੜਨ ਵਾਲੇ ਸਿੱਖ ਸੈਨਿਕਾਂ ਦੀ ਯਾਦ ’ਚ ਬੈਲਜੀਅਮ ਤੋਂ ਇਕ ਵਿਲੱਖਣ ‘ਮਿੱਟੀ ਦੇ ਮਾਡਲ ਚਿੰਨ੍ਹ’ ਨੂੰ ਸਥਾਪਿਤ ਕੀਤਾ ਗਿਆ ਹੈ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਦਿਆਰਥੀ ਡਾ. ਦਵਿੰਦਰ ਸਿੰਘ ਛੀਨਾ ਵੱਲੋਂ ਯੂਰਪ ਤੋਂ ਲਿਆਂਦਾ ਗਿਆ ਉਕਤ ਮਾਡਲ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੂੰ ਸੌਂਪਿਆ ਗਿਆ।

ਇਸ ਸਬੰਧੀ ਡਾ. ਛੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਬੈਲਜੀਅਮ ਸ਼ਹਿਰ ਦੀ ਫ਼ੇਰੀ ਦੌਰਾਨ ਈਪਰ ਸ਼ਹਿਰ ਦੇ ਮੇਅਰ ਕੈਟਰੀਨ ਡੇਸੋਮਰ ਨੇ ਉਕਤ ਮਿੱਟੀ (ਕਲੇ) ਦਾ ਮਾਡਲ ਯਾਦਗਾਰ ਵਜੋਂ ਭੇਟ ਕੀਤਾ। ਉਨ੍ਹਾਂ ਕਿਹਾ ਕਿ ਪਹਿਲੇ ਵਿਸ਼ਵ ਯੁੱਧ ਦੇ ਮੈਦਾਨਾਂ ’ਚ ਜਾਨਾਂ ਗੁਆਉਣ ਵਾਲੇ ਬਹਾਦਰ ਸੈਨਿਕਾਂ ਦੀ ਯਾਦ ’ਚ ਬੈਲਜੀਅਮ ਦੇ ਲੋਕਾਂ ਦੁਆਰਾ ਉੱਕਰੇ ਗਏ ਹਜ਼ਾਰਾਂ ’ਚੋਂ ਇਹ ਇਤਿਹਾਸਕ ਯਾਦਗਾਰੀ ਚਿੰਨ੍ਹ ਹੈ। ਉਨ੍ਹਾਂ ਕਿਹਾ ਕਿ ਇਹ ਮਾਡਲ ਉਨ੍ਹਾਂ ਬਹਾਦਰ ਸੈਨਿਕਾਂ ਲਈ ‘ਸਤਿਕਾਰ ਦਾ ਚਿੰਨ੍ਹ’ ਹੈ ਜਿਨ੍ਹਾਂ ਨੇ ਮਨੁੱਖਤਾ ਅਤੇ ਲੋਕਤਾਂਤਰਿਕ ਅਧਿਕਾਰਾਂ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਕਿਹਾ ਕਿ ਉਕਤ ਮਾਡਲ ਜੰਗ ਦੇ ਮੈਦਾਨਾਂ ਦੀ ਉਸ ਮਿੱਟੀ ਤੋਂ ਬਣਿਆ ਜਿੱਥੇ ਸਿਪਾਹੀਆਂ ਨੇ ਖਾਸ ਕਰਕੇ ਸਿੱਖ ਬਹਾਦਰਾਂ ਨੇ ਲੜਾਈ ਲੜੀ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹ ਮਾਡਲ ਵਿਸ਼ਵ-ਪ੍ਰਸਿੱਧ ਬੈਲਜੀਅਨ ਕਲਾਕਾਰ ਕੋਏਨ ਵੈਨਮੇਚੇਲੇਨ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ।

ਡਾ. ਛੀਨਾ ਨੇ ਕਿਹਾ ਕਿ ਮਾਡਲ ਪੱਗ ਬੰਨ੍ਹੇ ਹੋਏ ਇਕ ਸਿੱਖ ਸਿਪਾਹੀ ਦਾ ਪ੍ਰਭਾਵ ਦਿੰਦੀ ਹੈ। ਉਨ੍ਹਾਂ ਕਿਹਾ ਕਿ ਬੈਲਜੀਅਨ ਦੇ ਪ੍ਰਸਿੱਧ ਇਤਿਹਾਸਕਾਰ ਡਾ. ਡੋਮਿਨਿਕ ਡੇਂਡੋਵਨ, ਜੋ 2015 ਅਤੇ 2023 ’ਚ ਦੋ ਵਾਰ ਕਾਲਜ ਆਏ ਸਨ, ਵੀ ਉਸ ਸਮੇਂ ਮੌਜੂਦ ਸਨ ਜਦੋਂ ਉਨ੍ਹਾਂ ਨੂੰ ਮਾਡਲ ਪੇਸ਼ ਕੀਤਾ ਗਿਆ ਸੀ। ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਇਹ ਮਾਡਲ ਪ੍ਰਾਪਤ ਕਰਨਾ ਸਨਮਾਨ ਦੀ ਗੱਲ ਹੈ ਜੋ ਕਿ ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਉਕਤ ਕੇਂਦਰ ਵਿਖੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੂਰਤ ‘ਕਮਿੰਗ ਵਰਲਡ ਰਿਮੈਂਬਰ ਮੀ’ ਦੀ ਸਥਾਪਨਾ ਦਾ ਵੀ ਹਿੱਸਾ ਸੀ, ਜੋ ਕਿ ਯੂਰਪ ’ਚ ਇਕ ਨਵਾਂ ਪ੍ਰੋਜੈਕਟ ਹੈ, ਜਿਸਦਾ ਉਦੇਸ਼ 6,00,000 ਛੋਟੇ ਮਿੱਟੀ ਦੇ ਬੁੱਤ ਤਿਆਰ ਕਰਨਾ ਹੈ, ਜੋ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਬੈਲਜੀਅਮ ਦੀ ਧਰਤੀ ’ਤੇ ਮਾਰੇ ਗਏ ਹਰੇਕ ਸਿਪਾਹੀ ਦਾ ਪ੍ਰਤੀਕ ਹੋਣਗੇ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਵਰਕਸ਼ਾਪਾਂ ਦੇ ਸਹਿਯੋਗ ਸਦਕਾ ਇਹ ਮੂਰਤੀਆਂ ਜਨਤਾ ਦੁਆਰਾ ਬਣਾਈਆਂ ਗਈਆਂ ਸਨ।

ਡਾ. ਰੰਧਾਵਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕੁਝ ਮੂਰਤੀਆਂ ਭਾਰਤ ’ਚ ਉਪਲਬੱਧ ਹਨ। ਉਨ੍ਹਾਂ ਕਿਹਾ ਕਿ ਇਕ ਇਸ ਤਰ੍ਹਾਂ ਦਾ ਚਿੰਨ੍ਹ ਬੈਲਜੀਅਨ ਦੂਤਾਵਾਸ ਅਤੇ ਦਿੱਲੀ ’ਚ ਯੂਨਾਈਟਿਡ ਸਰਵਿਸ ਇੰਸਟੀਚਿਊਸ਼ਨ ਆਫ ਇੰਡੀਆ ਅਤੇ ਚੰਡੀਗੜ੍ਹ ’ਚ ਸਿੱਖਿਆ ਸੀਕਰਜ਼ ਵਿਖੇ ਰੱਖਿਆ ਗਿਆ ਹੈ ਅਤੇ ਹੁਣ ਇਹ ਖ਼ਾਲਸਾ ਕਾਲਜ ’ਚ ਸਥਾਪਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਨ੍ਹਾਂ ਮੂਰਤੀਆਂ ’ਚੋਂ ਇੱਕ ਨੂੰ ਅੱਜ ਕਾਲਜ ਵਿਖੇ ਇਕ ਨਵਾਂ ਘਰ ਮਿਲਿਆ ਹੈ। ਇਸ ਤੋਂ ਪਹਿਲਾਂ ਡਾ. ਛੀਨਾ ਨੇ ਕਿਹਾ ਸੀ ਕਿ ਮੇਅਰ ਡੇਸਕੋਮਰ ਭਾਰਤ ਦੇ ਸਿੱਖਾਂ ਅਤੇ ਸਿੱਖ ਸੈਨਿਕਾਂ ਦੀ ਸ਼ਲਾਘਾ ਕਰਦਿਆਂ ਆਪਣੇ ਦਾਦੇ ਦੀਆਂ ਯਾਦਾਂ ਨੂੰ ਯਾਦ ਕਰਦੇ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਜੰਗਾਂ ’ਚ ਲੜਦੇ ਦੇਖਿਆ ਸੀ।

ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮੇਅਰ ਡੈਸਕੋਮਰ ਦਾ ਸਿੱਖ ਸੈਨਿਕਾਂ ਅਤੇ ਸਿੱਖ ਵਿਰਾਸਤ ਦੀਆਂ ਕੁਰਬਾਨੀਆਂ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਡਾ. ਜਸਵਿੰਦਰ ਸਿੰਘ ਵੀ ਮੌਜੂਦ ਸਨ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin

ਅਹਿੰਸਾ ਦਿਵਸ ਵਜੋਂ 27 ਅਗਸਤ ਨੂੰ ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ !

admin