ਅੰਮ੍ਰਿਤਸਰ – ਖਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੈਸਮੈਂਟ ਸੈਲ ਵੱਲੋਂ ਕਰਵਾਈ ਗਈ ਪਲੇਸਮੈਂਟ ਦੌਰਾਨ ਕਾਮਰਸ ਅਤੇ ਮੈਡੀਕਲ ਕਲਾਸਾਂ ਦੇ 15 ਕਾਬਲ ਵਿਦਿਆਰਥੀ ਏ. ਓ. ਐੱਸ. ਸੀ. ਟੈਕਨਾਲੋਜਿਸ ’ਚ ਚੁਣੇ ਗਏ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਏ. ਕੇ. ਕਾਹਲੋਂ ਦੇ ਸਹਿਯੋਗ ਨਾਲ ਕਰਵਾਈ ਗਈ ਉਕਤ ਪਲੇਸਮੈਂਟ ਡਰਾਇਵ ਦੀ ਸ਼ੁਰੂਆਤ ਏ. ਓ. ਐੱਸ. ਸੀ. ਟੀਮ ਵੱਲੋਂ ਇਕ ਪ੍ਰੀ-ਪਲੇਸਮੈਂਟ ਗੱਲਬਾਤ ਨਾਲ ਹੋਈ ਜਿਸ ’ਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੰਪਨੀ ਦੇ ਸੱਭਿਆਚਾਰ ਅਤੇ ਵਿਜ਼ਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਇਸ ਸਬੰਧੀ ਡਾ. ਕਾਹਲੋਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਲੇਸਮੈਂਟ ਪ੍ਰੀਕ੍ਰਿਆ ’ਚ 50 ਤੋਂ ਵਧੇਰੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ’ਚੋਂ 15 ਵਿਦਿਆਰਥੀਆਂ ਨੇ ਫਾਇਨਲ ਰਾਊਂਡ ਪਾਸ ਕੀਤਾ ਅਤੇ ਨਿਯੁਕਤੀ ਪੱਤਰ ਪ੍ਰਾਪਤ ਕੀਤੇ। ਉਨ੍ਹਾਂ ਕਿਹਾ ਕਿ ਚੁਣੇ ਗਏ ਵਿਦਿਆਰਥੀ ਪ੍ਰਬੰਧਨ ਸਿਖਿਆਰਥੀ, ਪ੍ਰਬੰਕੀ ਕਾਰਜਕਾਰੀ, ਡੇਟਾ ਐਨਾਲਿਸਟ ਅਤੇ ਟੀਮ ਲੀਡਰ ਵਜੋਂ ਕੰਮ ਕਰਨਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪਲੇਸਮੈਂਟ ਟੀਮ ਦੀ ਸਮਰਪਿਤ ਮਿਹਨਤ ਅਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਕਤ ਪ੍ਰਾਪਤੀ ਕਾਲਜ ਦੀ ਮਿਆਰੀ ਸਿੱਖਿਆ ਅਤੇ ਕੈਰੀਅਰ ਦੇ ਮੌਕੇ ਪ੍ਰਦਾਨ ਕਰਨ ਦੀ ਵਚਨਬੱਧਤਾ ਦਾ ਨਤੀਜਾ ਹੈ।
ਇਸ ਮੌਕੇ ਪਲੇਸਮੈਂਟ ਸੈਲ ਦੇ ਡਾਇਰੈਕਟਰ ਡਾ. ਹਰਭਜਨ ਸਿੰਘ ਰੰਧਾਵਾ ਅਤੇ ਅਸਿਸਟੈਂਟ ਡਾਇਰੈਕਟਰ ਡਾ. ਅਨੂਰੀਤ ਕੌਰ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਹ ਭਵਿੱਖ ’ਚ ਵੀ ਵਿਦਿਆਰਥੀਆਂ ਲਈ ਅਜਿਹੇ ਪਲੇਸਮੈਂਟ ਦੇ ਮੌਕਿਆ ਦਾ ਪ੍ਰਬੰਧ ਕਰਨਗੇ। ਉਨ੍ਹਾਂ ਕਿਹਾ ਕਿ ਪਲੇਸਮੈਂਟ ਡਰਾਇਵ ਨੂੰ ਸਫ਼ਲ ਬਣਾਉਣ ’ਚ ਪ੍ਰੋ. ਸੋਨਾਲੀ ਤੁਲੀ, ਪ੍ਰੋ. ਹਰਿਆਲੀ ਢਿੱਲੋਂ ਅਤੇ ਪ੍ਰੋ. ਰੋਹਿਤ ਕਾਕੜਿਆ ਨੇ ਸਹਿਯੋਗ ਦਿੱਤਾ।