ਅੰਮ੍ਰਿਤਸਰ — ਖਾਲਸਾ ਕਾਲਜ ਆਫ ਨਰਸਿੰਗ ਵਿਖੇ ਬੀ. ਐਸ. ਸੀ., ਪੋਸਟ ਬੇਸਿੱਕ ਬੀ. ਐਸ. ਸੀ., ਐਮ. ਐਸ. ਸੀ. ਅਤੇ ਜੀ. ਐਨ. ਐਮ. ਦੇ ਆਊਟਗੋਇੰਗ ਬੈਚਿੱਸ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਰੋਹ ਮੌਕੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ।
ਉਕਤ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ।ਇਸ ਦੌਰਾਨ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਨੇ ਫ਼ਾਇਨਲ ਬੈਚਿੱਸ ਤੇ ਸਮੂੰਹ ਵਿਦਿਆਰਥੀਆਂ ਨੂੰ ਸ਼ੁਭਇੱਛਾਵਾਂ ਦਿੰਦਿਆਂ ਕਿਹਾ ਕਿ ਕਾਲਜ ਅਲੂਮਨੀ ਦੇ ਮੈਂਬਰ ਬਣ ਕੇ ਉਹ ਹਮੇਸ਼ਾ ਹੀ ਸੰਸਥਾ ਦੀ ਵਿਰਾਸਤ ਦਾ ਹਿੱਸਾ ਰਹਿਣਗੇ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਕਾਲਜ ਤੇ ਸਹਿ-ਵਿਦਿਆਰਥੀਆਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਜ਼ਿੰਦਗੀ ’ਚ ਉਚਾਈਆਂ ਨੂੰ ਛੂਹਣ ਲਈ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਨ।
ਉਨ੍ਹਾਂ ਕਿਹਾ ਕਿ ਕੋਈ ਮੰਜਿਲ ਦੂਰ ਨਹੀਂ ਹੁੰਦੀ, ਬੱਸ ਉਸ ਨੂੰ ਹਾਸਲ ਕਰਨ ਲਈ ਇਕ ਜੋਸ਼ ਤੇ ਜਨੂੰਨ ਚਾਹੀਦਾ ਹੈ ਅਤੇ ਜਿੰਨ੍ਹਾਂ ਦੇ ਮਨ ਸਾਫ਼ ਹੁੰਦੇ ਹਨ ਉਹ ਕਦੇ ਵੀ ਅਸਫ਼ਲਤਾ ਦੇ ਨੇੜੇ ਵੀ ਨਹੀਂ ਫੱਟਕਦੇ।ਉਨ੍ਹਾਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਆਪਣੀਆਂ ਸ਼ੁਭਇੱਛਾਵਾਂ ਭੇਟ ਕਰਦਿਆਂ ਦੱਸਿਆ ਕਿ ਪ੍ਰੋਗਰਾਮ ਮੌਕੇ ਵਿਦਿਆਰਥੀਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ। ਜਿਸ ’ਚ ਗਿੱਧਾ, ਡਾਂਸ, ਗੀਤ, ਸਕਿੱਟਾਂ ਆਦਿ ਰਾਹੀਂ ਵਿਦਿਆਰਥੀਆਂ ਨੇ ਆਪਣੇ ਹੁਨਰ ਦਾ ਮੁਜ਼ਾਹਰਾ ਕੀਤਾ।
ਉਨ੍ਹਾਂ ਕਿਹਾ ਕਿ ਉਕਤ ਮੁਕਾਬਲੇ ਦੌਰਾਨ ਵੱਖ-ਵੱਖ ਖੇਡਾਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ।ਜਿਸ ’ਚ ਜੀ. ਐਨ. ਐਮ. ਆਖਰੀ ਸਾਲ ਦੇ ਵਿਨੈ ਨੂੰ ‘ਮਿਸਟਰ ਫੇਅਰਵੈਲ’, ਬੀ. ਐਸ. ਸੀ. ਆਖਰੀ ਸਾਲ ਦੀ ਖੁਸ਼ੀ ਮਹਾਜਨ ਨੂੰ ‘ਮਿਸ ਫੇਅਰਵੈਲ’ ਦਾ ਖਿਤਾਬ ਨਾਲ ਨਿਵਾਜਿਆ ਗਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।