Breaking News Punjab

ਖਾਲਸਾ ਕਾਲਜ ਵੂਮੈਨ ਨੇ ਮਨਾਇਆ ਤੀਆਂ ਦਾ ਤਿਉਹਾਰ

ਅੰਮ੍ਰਿਤਸਰ – ਪੰਜਾਬ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਲਈ ਪੂਰੀ ਦੁਨੀਆ ’ਚ ਜਾਣਿਆ ਜਾਂਦਾ ਹੈ, ਜਿੱਥੇ ਪੂਰੇ ਸਾਲ ’ਚ ਆਉਂਦੇ ਹਰੇਕ ਧਰਮ ਤੇ ਵਿਰਸੇ ਨਾਲ ਸਬੰਧਿਤ ਭਾਈਚਾਰੇ ਵੱਲੋਂ ਦਿਨ-ਤਿਉਹਾਰ ਆਪਸ ’ਚ ਰਲ-ਮਿਲ ਸਾਂਝੇ ਤੌਰ ’ਤੇ ਮਨਾਏ ਜਾਂਦੇ ਹਨ। ਪੰਜਾਬੀ ਵਿਰਸਾ ਹਰ ਧਰਮ ਪ੍ਰਤੀ ਸਤਿਕਾਰ ਅਤੇ ਇਕਜੁਟਤਾ ਵਰਗੀ ਦੂਰਅੰਦੇਸ਼ੀ ਸੋਚ ਨੂੰ ਪ੍ਰਤੱਖ ਕਰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਖਾਲਸਾ ਕਾਲਜ ਫ਼ਾਰ ਵੂਮੈਨ ਦੇ ਵਿਹੜੇ ’ਚ ਉਤਸ਼ਾਹ ਅਤੇ ਜੋਸ਼ੋ-ਖਰੋਸ਼ ਨਾਲ ਮਨਾਏ ਗਏ ਤੀਆਂ ਦਾ ਤਿਉਹਾਰ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਲਿਟਲ ਫ਼ਲਾਵਰ ਸਕੂਲ ਦੇ ਐੱਮ. ਡੀ. ਸ੍ਰੀਮਤੀ ਤੇਜਿੰਦਰ ਕੌਰ ਛੀਨਾ ਨੇ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ’ਤੇ ਸ੍ਰੀਮਤੀ ਛੀਨਾ ਅਤੇ ਪ੍ਰਿੰ: ਸੁਰਿੰਦਰ ਕੌਰ ਵੱਲੋਂ ਤੀਜ਼ ਤਿਉਹਾਰ ਦਾ ਰਸਮੀ ਉਦਘਾਟਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਮਨਾਏ ਗਏ ਉਕਤ ਤਿਉਹਾਰ ਮੌਕੇ ਉਨ੍ਹਾਂ ਵੱਲੋਂ ਕਾਲਜ ਸਟਾਫ਼ ਨਾਲ ਗਿੱਧਾ ਤੇ ਬੋਲੀਆਂ ਵੀ ਪਾਈਆਂ ਗਈਆਂ।

ਇਸ ਮੌਕੇ ਸ੍ਰੀਮਤੀ ਛੀਨਾ ਨੇ ਕਿਹਾ ਕਿ ਤਿਉਹਾਰ ਸਾਡੇ ਆਪਸੀ ਸਾਂਝ ਦੇ ਪ੍ਰਤੀਕ ਹੁੰਦੇ ਹਨ ਤੇ ਸਾਨੂੰ ਸਭਨਾਂ ਨੂੰ ਵਿਰਾਸਤ ’ਚ ਮਿਲੇ ਤਿਉਹਾਰ ਰਲ-ਮਿਲ ਕੇ ਮਨਾਉਂਦਿਆਂ ਖੁਸ਼ੀ ਸਾਂਝੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀਆਂ ਦੇ ਦਿਲਾਂ ’ਚ ਬਹੁਤ ਮਹੱਤਵ ਰੱਖਦਾ ਹੈ, ਇਹ ਪ੍ਰੰਪਰਾਗਤ ਤਿਉਹਾਰ ਸਭਨਾਂ ਲਈ ਤੇ ਵਿਸ਼ੇਸ਼ ਤੌਰ ’ਤੇ ਔਰਤਾਂ ਲਈ ਖੁਸ਼ੀ ਅਤੇ ਉਤਸ਼ਾਹ ਭਰਪੂਰ ਹੁੰਦਾ ਹੈ। ਮਾਨਸੂਨ ਆਉਣ ਦੇ ਸ਼ੁਰੂਆਤੀ ਸਮੇਂ ਨੂੰ ਤੀਆਂ ਦਾ ਤਿਉਹਾਰ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਪਹਿਰਾਵੇ ’ਚ ਸਜੀਆਂ ਵਿਦਿਆਰਥਣਾਂ ਤੇ ਸਟਾਫ਼ ਨੇ ਗਿੱਧਾ, ਬੋਲੀਆਂ, ਲੋਕ ਗੀਤ, ਪੀਂਘਾਂ ਝੂਟਣ ਅਤੇ ਮਹਿੰਦੀ ਲਗਾ ਕੇ ਖੁਸ਼ੀ ਨੂੰ ਜਾਹਿਰ ਕੀਤਾ।

ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਸਾਵਣ ਮੌਕੇ ਤੀਆਂ ਦਾ ਤਿਉਹਾਰ ਹਰੇਕ ਸਾਲ ਕਾਲਜ ਦੁਆਰਾ ਬੜ੍ਹੇ ਚਾਅ ਅਤੇ ਉਮੰਗਾਂ ਨਾਲ ਸੰਪੂਰਨ ਸੱਭਿਆਚਾਰਕ ਪਹਿਰਾਵਿਆਂ ’ਚ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੇ ਚਾਨਣ ਪੱਖ ਦੇ ਤੀਜੇ ਦਿਨ ਮਨਾਇਆ ਜਾਂਦਾ ਹੈ, ਜਿਸ ਨੂੰ ‘ਸਾਉਣੀ ਤੀਆਂ’ ਜਾਂ ‘ਹਰਿਆਲੀ ਤੀਆਂ’ ਵੀ ਕਿਹਾ ਜਾਂਦਾ ਹੈ। ਹਾੜ੍ਹ ਮਹੀਨੇ ਦੀ ਤੱਪਦੀ ਗਰਮੀ, ਝੁਲਸਾਉਣ ਵਾਲੀ ਲੂ ਅਤੇ ਖੁਸ਼ਕ ਵਾਤਾਵਰਣ ਤੋਂ ਰਾਹਤ ਦਿਵਾਉਣ ਵਾਲਾ ਸਾਉਣ (ਮੀਂਹ) ਦਾ ਮਹੀਨਾ ਆਪਣੇ ਨਾਲ ਠੰਢੀਆਂ ਹਵਾਵਾਂ, ਮੀਂਹ ਅਤੇ ਹਰਿਆਲੀ ਲੈ ਕੇ ਆਉਂਦਾ ਹੈ। ਇਸ ਸਮੇਂ ਕੁਦਰਤ ਆਪਣੇ ਪੂਰੇ ਜੋਸ਼ ਅਤੇ ਸੁੰਦਰਤਾ ’ਚ ਹੁੰਦੀ ਹੈ ਅਤੇ ਸਮੂਹ ਜੀਵ-ਜੰਤੂ ਕੁਦਰਤ ਦੀ ਇਸ ਭਰਪੂਰਤਾ ਦਾ ਜਸ਼ਨ ਮਨਾਉਂਦੇ ਵੇਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਖੁੱਲ੍ਹੇ ਅਸਮਾਨ ’ਚ ਉੱਡਦੇ ਪੰਛੀ, ਮੋਰਾਂ ਦੀ ਕੂਕਾਂ, ਫਲਾਂ ਨਾਲ ਭਰੇ ਰੁੱਖ, ਫੁੱਲਾਂ ਨਾਲ ਭਰੇ ਬਾਗ ਅਤੇ ਚਾਰੇ ਪਾਸੇ ਹਰਿਆਲੀ ਕੁਦਰਤ ਦੀ ਸੁੰਦਰਤਾ ਅਤੇ ਭਰਪੂਰਤਾ ਦਾ ਆਨੰਦ ਮਾਣਦੇ ਹੋਏ ਇਨਸਾਨ ਇਸ ਤਿਉਹਾਰ ਨੂੰ ਤੀਆਂ ਦੇ ਤਿਉਹਾਰ ਵਜੋਂ ਮਨਾਉਂਦਾ ਹੈ।

ਸ੍ਰੀਮਤੀ ਛੀਨਾ ਨੇ ਕਿਹਾ ਕਿ ਕਾਲਜ ’ਚ ਸਟਾਫ਼, ਵਿਦਿਆਰਥਣਾਂ ਵੱਲੋਂ ਮਹਿੰਦੀ ਅਤੇ ਸ਼ਿੰਗਾਰ ਆਦਿ ਦੀਆਂ ਰਸਮਾਂ ਕੀਤੀਆਂ ਗਈਆਂ। ਫ਼ੈਕਲਟੀ ਮੈਂਬਰਾਂ ਵੱਲੋਂ ਹੁਮਸ ਭਰੇ ਮੌਸਮ ’ਚ ਫੁੱਲਾਂ ਨਾਲ ਸਜਾਈ ਗਈ ਪੀਂਘ ’ਤੇ ਝੂਟੇ ਲੈਂਦਿਆਂ ਸਾਵਣ ਰੁੱਤ ’ਤੇ ਪੂਰੇ ਉਤਸ਼ਾਹ ਤੇ ਜੋਸ਼ੋ-ਖਰੋਸ਼ ਨਾਲ ਬੋਲੀਆਂ ਪਾਈਆਂ ਅਤੇ ਸਾਉਣ ਰੁੱਤ ਦੀ ਖੁਸ਼ੀ ਦਾ ਇਜ਼ਹਾਰ ਕੀਤਾ।  ਇਸ ਮੌੇਕੇ ਸ੍ਰੀਮਤੀ ਛੀਨਾ ਅਤੇ ਪ੍ਰਿੰ: ਸੁਰਿੰਦਰ ਕੌਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਵਿੱਦਿਅਕ ਅਦਾਰਿਆਂ ’ਚ ਵਿਦਿਆਰਥੀਆਂ ਨੇ ਪੰਜਾਬ ਦੀ ਸੱਭਿਅਤਾ ਦੇ ਰੀਤੀ-ਰਿਵਾਜਾਂ ਨੂੰ ਜਿਉਂਦਿਆਂ ਰੱਖਿਆਂ ਹੋਇਆ ਹੈ। ਇਸ ਮੌਕੇ ਵਿਦਿਆਰਥੀਆਂ ਤੇ ਸਟਾਫ਼ ਨੇ ਪੀਂਘਾਂ ਝੂਟਣ, ਇਕ ਦੂਜੇ ’ਤੇ ਹਾਸਰਸ ਵਿਅੰਗ ਕੱਸਣ, ਪੰਜਾਬੀ ਗਾਇਕੀ, ਗਿੱਧਾ-ਬੋਲੀਆਂ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਉਨ੍ਹਾਂ ਪੰਜਾਬੀ ਵਿਰਸੇ ਨੂੰ ਪਿਆਰ ਕਰਨ ਵਾਲੇ ਸਮਾਜ ਸੇਵਕ, ਸੰਸਥਾਵਾਂ, ਕਾਲਜ ਅਤੇ ਸਕੂਲ ਮੁੱਖੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ-ਸਮੇਂ ’ਤੇ ਅਜਿਹੇ ਉਪਰਾਲੇ ਕਰਦੇ ਰਹਿਣ ਤਾਂ ਕਿ ਸਾਡੇ ਰੀਤੀ-ਰਿਵਾਜਾਂ ਨਾਲ ਜੁੜੇ ਹੋਏ ਇਹ ਤਿਉਹਾਰ ਜਿਉਂਦੇ ਰਹਿ ਸਕਣ। ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਸ੍ਰੀਮਤੀ ਛੀਨਾ ਨੂੰ ਫ਼ੁਲਕਾਰੀ, ਗੁਲਦਸਤਾ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਮੈਂਬਰ ਡਾ. ਰਮਿੰਦਰ ਕੌਰ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਡਾ. ਜਤਿੰਦਰ ਕੌਰ, ਸਨੇਹ ਸ਼ਰਮਾ, ਪ੍ਰੋ: ਰਵਿੰਦਰ ਕੌਰ, ਪ੍ਰੋ: ਸੁਮਨ, ਪ੍ਰੋ: ਮਨਵੀਰ ਕੌਰ, ਸ਼ਰੀਨਾ, ਨਵਨੀਤ ਕੌਰ, ਪਿੰਕੀ ਆਦਿ ਸਮੇਤ ਹੋਰ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin

ਅਹਿੰਸਾ ਦਿਵਸ ਵਜੋਂ 27 ਅਗਸਤ ਨੂੰ ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ !

admin