ਅੰਮ੍ਰਿਤਸਰ—ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਮੂੰਹ ਵਿੱਦਿਅਕ ਅਦਾਰਿਆਂ ਵੱਲੋਂ ਜਗਤ ਗੁਰੂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਪਵਿੱਤਰ ਦਿਹਾੜੇ ਦੇ ਸਬੰਧ ’ਚ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਯੂਨੀਵਰਸਿਟੀ ਸਮੂੰਹ ਕਾਲਜਾਂ, ਸਕੂਲਾਂ ਦੇ ਪ੍ਰਿੰਸੀਪਲਾਂ, ਸਟਾਫ਼ ਮੈਂਬਰ ਅਤੇ ਕਰੀਬ 30 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੇ ਨਗਰ ਕੀਰਤਨ ’ਚ ਹਾਜ਼ਰੀ ਭਰ ਕੇ ਇਲਾਹੀ ਨਜ਼ਾਰੇ ਦਾ ਆਨੰਦ ਮਾਣਿਆ।
ਇਸ ਮੌਕੇ ਖਾਲਸਾ ਯੂਨੀਵਰਸਿਟੀ ਦੇ ਪ੍ਰੋ: ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਹਿਜ-ਧਰਮ ਦਾ ਪ੍ਰਚਾਰ ਕਿਸੇ ਇਕ ਥਾਂ ’ਤੇ ਟਿਕ ਕੇ ਕਰਨ ਦੀ ਥਾਂ ਘੁੰਮ ਫਿਰ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਹੋਇਆਂ ਕਰਨਾ ਉਚਿਤ ਹੋਵੇਗਾ।ਜਿਸ ਪਿੱਛੋਂ ਗੁਰੂ ਸਾਹਿਬ ਜੀ ਉਦਾਸੀਆਂ ’ਤੇ ਨਿਕਲ ਪਏ। ਆਪ ਜੀ ਨੇ ਪੂਰਬ, ਪੱਛਮ, ਉੱਤਰ ਅਤੇ ਦੱਖਣ ਚੌਹਾਂ ਦਿਸ਼ਾਵਾਂ ’ਚ ਪੈਂਦੇ ਪ੍ਰਸਿੱਧ ਧਰਮ-ਧਾਮਾਂ ’ਤੇ ਗਏ।ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਵਿਦਵਾਨਾਂ, ਧਾਰਮਿਕ ਮੁਖੀਆਂ, ਪੁਜਾਰੀਆਂ, ਪੀਰਾਂ, ਫ਼ਕੀਰਾਂ ਨਾਲ ਸੰਵਾਦ ਰਚਾਏ ਅਤੇ ਸਭ ਨੂੰ ਸਹੀ ਧਰਮ ਦਾ ਬੋਧ ਕਰਵਾ ਕੇ ਆਪਣਾ ਅਨੁਯਾਈ ਬਣਾਇਆ। ਸ: ਛੀਨਾ ਨੇ ਕਿਹਾ ਕਿ ਗੁਰੂ ਸਾਹਿਬ ਨੇ ਲੋਕਾਂ ਨੂੰ ਵਹਿਮਾਂ ਭਰਮਾਂ, ਕਰਮ ਕਾਂਢਾ, ਜਾਤ ਪਾਤ ਅਤੇ ਊਚ ਨੀਚ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਕੱਢਦਿਆਂ ਸਮੂਹ ਜਗਤ ਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛੱਕੋ ਦਾ ਉਪਦੇਸ਼ ਦਿੱਤਾ।ਇਸ ਮੌਕੇ ਦੇਸ਼—ਵਿਦੇਸ਼ ’ਚ ਵੱਸਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਗੁਰੂ ਸਾਹਿਬ ਜੀ ਦੇ ਭਾਈਚਾਰਕ ਸਾਂਝ ਦੇ ਫ਼ਲਸਫ਼ੇ ਅਤੇ ਸਮਾਜ ਨੂੰ ਸੱਚ ਦੇ ਮਾਰਗ ’ਤੇ ਚੱਲਣ ਤੋਂ ਇਲਾਵਾ ਨਾਮ ਸਿਮਰਨ ਲਈ ਪ੍ਰੇਰਿਤ ਕੀਤਾ।
ਇਸ ਨਗਰ ਕੀਰਤਨ ’ਚ ਵਿਦਿਆਰਥੀਆਂ ‘ਕਲਿ ਤਾਰਣਿ ਗੁਰ ਨਾਨਕ ਆਇਆ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ, ਬੋਲੇ ਸੋ ਨਿਹਾਲ, ਪੰਥ ਕੀ ਜੀਤ’ ਆਦਿ ਗੁਰਬਾਣੀ ਸ਼ਬਦ ਦਾ ਉਚਾਰਣ ਕਰਦੇ ਪੁਤਲੀਘਰ ਚੌਂਕ, ਰੇਲਵੇ ਸਟੇਸ਼ਨ, ਭੰਡਾਰੀ ਪੁੱਲ ਅਤੇ ਹਾਲ ਬਜਾਰ ਵੱਖ-ਵੱਖ ਪੜ੍ਹਾਵਾਂ ਤੋਂ ਹੁੰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਪਹੁੰਚੇ। ਇਸ ਮੌਕੇ ਵਿਦਿਆਰਥੀਆਂ ਨੇ ਗਤਕੇ ਦੇ ਜੌਹਰ ਵੀ ਦਿਖਾਏ।
ਨਗਰ ਕੀਰਤਨ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਲਾਜ਼ਾ ’ਤੇ ਪੁੱਜਣ ਉਪਰੰਤ ਪੰਜ ਪਿਆਰੇ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਵੰਤ ਸਿੰਘ ਵੱਲੋਂ ਅਰਦਾਸ ਕੀਤੀ ਗਈ, ਬਾਅਦ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੈਨੇਜ਼ਰ ਸ: ਭਗਵੰਤ ਸਿੰਘ ਧੰਗੇੜਾ, ਬਲਵਿੰਦਰ ਸਿੰਘ ਮਥਰੇਵਾਲ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਵੱਲੋਂ ਸ: ਛੀਨਾ ਸਮੇਤ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਮਹਿਲ ਸਿੰਘ, ਡੀਨ ਡਾ: ਸੁਰਿੰਦਰ ਕੌਰ, ਰਜਿਸਟਾਰ ਡਾ: ਖੁਸ਼ਵਿੰਦਰ ਕੁਮਾਰ, ਡੀਨ ਡਾ: ਆਰ. ਕੇ. ਧਵਨ, ਡੀਨ ਡਾ: ਕੰਵਲਜੀਤ ਸਿੰਘ, ਕੌਂਸਲ ਦੇ ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਸ: ਰਾਜਬੀਰ ਸਿੰਘ, ਸ: ਪਰਮਜੀਤ ਸਿੰਘ ਬੱਲ ਅਤੇ ਸਮੂਹ ਕਾਲਜਾਂ ਦੇ ਪ੍ਰਿੰਸੀਪਲਜ਼ ਆਦਿ ਦਾ ਸਵਾਗਤ ਕਰਦਿਆਂ ਸਿਰੋਪਾਓ ਭੇਟ ਕੀਤਾ ਗਿਆ।
ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ: ਅਰਵਿੰਦਰ ਕੌਰ ਕਾਹਲੋਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਵਧਾਈ ਦਿੰਦਿਆਂ ਕਿਹਾ ਕਿ ਨਗਰ ਕੀਰਤਨ ’ਚ ਸਾਫ਼-ਸਫ਼ਾਈ ਦੀ ਵਿਵਸਥਾ ਨੂੰ ਦਰੁਸਤ ਰੱਖਣ ਲਈ ਵਿਦਿਆਰਥੀਆਂ ਨੇ ਪੜ੍ਹਾਅ-ਦਰ-ਪੜ੍ਹਾਅ ਚੱਲਦਿਆਂ ਸੇਵਾ ’ਚ ਬਾਖੂਬੀ ਆਪਣਾ ਯੋਗਦਾਨ ਪਾਇਆ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਦੁਆਰਾ ਨਗਰ ਕੀਰਤਨ ਲਈ ਕੀਤੇ ਗਏ ਕਰੜੇ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਲਖਵਿੰਦਰ ਸਿੰਘ ਢਿੱਲੋਂ, ਸ: ਗੁਰਪ੍ਰੀਤ ਸਿੰਘ ਗਿੱਲ, ਮੈਂਬਰ ਡਾ. ਸੁਖਬੀਰ ਕੌਰ ਮਾਹਲ, ਸ੍ਰੀਮਤੀ ਰਮਿੰਦਰ ਕੌਰ, ਸ: ਟੀ. ਪੀ. ਐੱਸ. ਸੰਧੂ, ਸ: ਮੇਜ਼ਰ ਸਿੰਘ ਸੰਧੂ, ਸ: ਬਿਕਰਮਜੀਤ ਸਿੰਘ, ਸ: ਗੁਰਮਹਿੰਦਰ ਸਿੰਘ, ਸ: ਸਰਬਜੀਤ ਸਿੰਘ ਹੁਸ਼ਿਆਰ ਨਗਰ, ਅਤੇ ਪ੍ਰਿੰ: ਮਨਦੀਪ ਕੌਰ, ਡਾਇਰੈਕਟਰ ਡਾ: ਮੰਜ਼ੂ ਬਾਲਾ, ਪ੍ਰਿੰ: ਡਾ: ਅਮਨਪ੍ਰੀਤ ਕੌਰ, ਪ੍ਰਿੰ: ਹਰੀਸ਼ ਕੁਮਾਰੀ, ਪ੍ਰਿੰ: ਸ: ਗੁਰਦੇਵ ਸਿੰਘ, ਡਾਇਰੈਕਟਰ-ਕਮ-ਪ੍ਰਿੰ: ਡਾ: ਜਸਪਾਲ ਸਿੰਘ, ਪ੍ਰਿੰ: ਡਾ: ਇੰਦਰਜੀਤ ਸਿੰਘ ਗੋਗੋਆਣੀ, ਪ੍ਰਿੰ: ਨਾਨਕ ਸਿੰਘ, ਡਾ: ਐੱਸ. ਕੇ. ਨਾਗਪਾਲ, ਪ੍ਰਿੰ: ਏ. ਐੱਸ. ਗਿੱਲ, ਪ੍ਰਿੰ: ਪੁਨੀਤ ਕੌਰ ਨਾਗਪਾਲ, ਪ੍ਰਿੰ: ਨਿਰਮਲਜੀਤ ਕੌਰ, ਪ੍ਰਿੰ: ਗੁਰਿੰਦਰਜੀਤ ਕੌਰ, ਪ੍ਰਿੰ: ਨਿਧੀ ਗੁਪਤਾ, ਅੰਡਰ ਸੈਕਟਰੀ ਸ: ਡੀ. ਐੱਸ. ਰਟੌਲ, ਸ਼੍ਰੋਮਣੀ ਕਮੇਟੀ ਤੋਂ ਸ: ਅੰਮ੍ਰਿਤਪਾਲ ਸਿੰਘ, ਸ: ਰਣਧੀਰ ਸਿੰਘ, ਸ: ਗੁਰਜੋਤ ਸਿੰਘ, ਅਧਿਆਪਕ ਸਾਹਿਬਾਨ, ਗੈਰ ਅਧਿਆਪਨ ਸਟਾਫ ਮੈਂਬਰ ਅਤੇ ਵੱਡੀ ਗਿਣਤੀ ’ਚ ਸਮੂੰਹ ਕਾਲਜ, ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।