
ਰਣਜੋਤ ਜਦੋਂ ਘਰ ਆਇਆ ਤਾਂ ਉਸ ਦੀ ਕੂਹਣੀ ਦੇ ਕੋਲੋਂ ਲਹੂ ਵਗ ਰਿਹਾ ਸੀ। “ਅੱਜ ਫਿਰ ਕਿਸੇ ਨਾਲ ਲੜ ਕੇ ਆਇਆ ਹੈਂ ” ਉਸ ਦੀ ਮਾਂ ਨੇ ਘੂਰਦੇ ਹੋਏ ਕਿਹਾ। ਰਣਜੋਧ ਬਿਨਾਂ ਕੋਈ ਜਵਾਬ ਦਿੱਤੇ ਹੀ ਆਪਣੇ ਕਮਰੇ ਵਿੱਚ ਚਲਾ ਗਿਆ। ਥੋੜ੍ਹੀ ਦੇਰ ਬਾਅਦ ਹੀ ਮੁਹੱਲੇ ਵਿੱਚ ਰੌਲਾ ਪੈ ਗਿਆ ਕਿ ਰਣਜੋਤ ਨੇ ਮੁਹੱਲੇ ਵਿਚ ਇਕ ਮੁੰਡੇ ਦਾ ਸਿਰ ਪਾੜ ਦਿੱਤਾ ਹੈ। ਇਹ ਗੱਲ ਰਣਜੋਤ ਦੀ ਮਾਂ ਦੇ ਕੰਨਾਂ ਵਿੱਚ ਪੈਂਦਿਆਂ ਹੀ ਉਸ ਦਾ ਤ੍ਰਾਹ ਨਿਕਲ ਗਿਆ। ਉਹ ਭੱਜੀ -ਭੱਜੀ ਰਣਜੋਤ ਦੇ ਕਮਰੇ ਵਿੱਚ ਗਈ ਅਤੇ ਲੜਾਈ ਦਾ ਕਾਰਨ ਪੁੱਛਿਆ ਤਾਂ ਰਣਜੋਤ ਨੇ ਕਿਹਾ ਕਿ ਉਸ ਲੜਕੇ ਨੇ ਰਣਜੋਤ ਦੇ ਕਿਸੇ ਦੋਸਤ ਨੂੰ ਥੱਪੜ ਮਾਰਿਆ ਸੀ, ਜਿਸ ਕਾਰਨ ਜਦ ਉਸ ਨੇ ਉਸ ਲੜਕੇ ਨੂੰ ਧੱਕਾ ਮਾਰਿਆ ਤਾਂ ਉਸ ਲੜਕੇ ਦਾ ਸਿਰ ਪਾਟ ਗਿਆ ਅਤੇ ਇਸੇ ਖਿੱਚਾਧੂਹੀ ਵਿਚ ਉਸਦੀ ਆਪਣੀ ਵੀ ਕੂਹਣੀ ਉੱਤੇ ਸੱਟ ਵੱਜ ਗਈ ਸੀ। ਹੁਣ ਰਣਜੋਤ ਦੀਆਂ ਲੜਾਈਆਂ ਦੀਆਂ ਖ਼ਬਰਾਂ ਆਮ ਹੋ ਗਈਆਂ ਸਨ। ਰੋਜ਼ ਕਿਸੇ ਨਾ ਕਿਸੇ ਗੱਲੋਂ ਉਸ ਦਾ ਉਲਾਂਭਾ ਘਰ ਆਉਂਦਾ ਹੀ ਰਹਿੰਦਾ ਸੀ। ਬੀ. ਏ. ਦੀ ਪੜ੍ਹਾਈ ਤਾਂ ਉਹ ਪਹਿਲਾਂ ਹੀ ਵਿੱਚੇ ਛੱਡ ਚੁੱਕਾ ਸੀ, ਸਿਰ ਤੇ ਬਾਪ ਦਾ ਸਾਇਆ ਨਾ ਹੋਣ ਕਾਰਨ ਉਸ ਨੂੰ ਘਰੇ ਵੀ ਕਿਸੇ ਦਾ ਡਰ ਵੀ ਨਹੀਂ ਸੀ ਅਤੇ ਮਾਂ ਦੀ ਉਹ ਕੋਈ ਸੁਣਦਾ ਨਹੀਂ ਸੀ। ਰਣਜੋਤ ਭਾਵੇਂ ਨਸ਼ਿਆਂ ਤੋਂ ਦੂਰ ਸੀ ਪਰ ਲੜਾਈਆਂ ਝਗੜੇ ਉਸ ਲਈ ਹੁਣ ਆਮ ਜਿਹੀ ਗੱਲ ਸੀ । ਰਣਜੋਤ ਦੀ ਮਾਂ ਨੇ ਕਈ ਵਾਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ , ਕਦੀ ਉਸ ਦੇ ਮਾਮੇ ਨੂੰ ਅਤੇ ਕਦੇ ਉਸ ਦੇ ਚਾਚਿਆਂ ਨੂੰ ਘਰ ਬੁਲਾਇਆ ਪਰ ਰਣਜੋਤ ਤੇ ਸਿਰ ਤੇ ਜੂੰ ਨਾ ਸਰਕਦੀ । ਮੁਹੱਲੇ ਦੇ ਲੜਕੇ ਜਦ ਉਸਨੂੰ ਰਾਣਾ ਉਸਤਾਦ – ਰਾਣਾ ਉਸਤਾਦ ਕਹਿ ਕੇ ਬੁਲਾਉਂਦੇ ਤਾਂ ਉਸਦੀ ਛਾਤੀ ਹੋਰ ਚੌੜੀ ਹੋ ਜਾਂਦੀ। ਰਣਜੋਤ ਦੇ ਦੋਸਤਾਂ ਵੱਲੋਂ ਉਸ ਨੂੰ ਉਸਤਾਦ ਕਹੇ ਜਾਣ ਦਾ ਕਾਰਨ ਇਹ ਵੀ ਸੀ ਕਿ ਉਹ ਬਹੁਤ ਨਿਡਰ ਸੀ। ਉਹ ਕਦੀ ਵੀ ਡਰਦਾ ਨਹੀਂ ਸੀ ਨਾ ਕਿਸੇ ਲੜਾਈ ਤੋਂ ਅਤੇ ਨਾ ਹੀ ਉਸ ਲੜਾਈ ਦੇ ਨਤੀਜੇ ਤੋਂ । ਰਣਜੋਤ ਵੀ ਆਪਣੀ ਨਿਡਰਤਾ ਕਾਰਨ ਖ਼ੁਦ ਤੇ ਮਾਣ ਜਿਹਾ ਮਹਿਸੂਸ ਕਰਦਾ । ਜਵਾਨੀ ਦੇ ਜੋਸ਼ ਵਿੱਚ ਉਹ ਖ਼ੁਦ ਨਹੀਂ ਜਾਣਦਾ ਸੀ ਕਿ ਉਹ ਕਿਸ ਰਸਤੇ ਵੱਲ ਤੁਰਿਆ ਜਾ ਰਿਹਾ ਸੀ ।