ਨਵੀਂ ਦਿੱਲੀ – ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਮੰਨਿਆ ਕਿ ਭਾਰਤ ਅਤੇ ਅਮਰੀਕਾ ਦੋਵੇਂ ਖ਼ਾਲਿਸਤਾਨੀ ਖਾੜਕੂ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਕਥਿਤ ਤੌਰ ’ਤੇ ਕਤਲ ਦੀ ਸਾਜ਼ਿਸ਼ ਦੀ ਸਾਂਝੇ ਤੌਰ ’ਤੇ ਜਾਂਚ ਕਰ ਰਹੇ ਹਨ। ਗਰਸੇਟੀ ਨੇ ਕਿਹਾ ਕਿ ਕਿਸੇ ਨੂੰ ਵੀ ਲਛਮਣ ਰੇਖਾ ਪਾਰ ਨਹੀਂ ਕਰਨੀ ਚਾਹੀਦੀ। ਕਿਸੇ ਵੀ ਦੇਸ਼ ਜਾਂ ਸਰਕਾਰੀ ਕਰਮਚਾਰੀ ਨੂੰ ਕਿਸੇ ਵਿਦੇਸ਼ੀ ਨਾਗਰਿਕ ਦੇ ਕਤਲ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ। ਇਹ ਬਿਲਕੱੁਲ ਅਸਵੀਕਾਰਨਯੋਗ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਹੁਣ ਤਕ ਭਾਰਤ ਸਰਕਾਰ ਨੇ ਉਹੀ ਕੀਤਾ ਹੈ ਜੋ ਇਸ ਮਾਮਲੇ ਵਿੱਚ ਕਿਹਾ ਗਿਆ ਹੈ। ਅਸੀਂ ਵੀ ਅਜਿਹਾ ਹੀ ਕੀਤਾ ਹੈ। ਜਦੋਂ ਵੀ ਸਾਡੇ ’ਤੇ ਦੋਸ਼ ਲੱਗੇ ਹਨ, ਅਸੀਂ ਵੀ ਉਨ੍ਹਾਂ ਨੂੰ ਗੰਭੀਰਤਾ ਨਾਲ ਲਿਆ ਹੈ। ਪੰਨੂ ਦੇ ਕਤਲ ਦੀ ਸਾਜ਼ਿਸ਼ ਦੀ ਜਾਂਚ ਲਈ ਭਾਰਤ ਸਰਕਾਰ ਨੇ ਕਮਿਸ਼ਨ ਦਾ ਗਠਨ ਕੀਤਾ ਸੀ। ਗਾਰਸੇਟੀ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਭਾਰਤ ਸਰਕਾਰ ਨੇ ਇਸ ਜਾਂਚ ਕਮਿਸ਼ਨ ਵਿੱਚ ਅਜਿਹੇ ਸੀਨੀਅਰ ਵਿਅਕਤੀਆਂ ਦੀ ਨਿਯੁਕਤੀ ਕੀਤੀ ਹੈ, ਜਿਨ੍ਹਾਂ ਕੋਲ ਬਹੁਤ ਜ਼ਿਆਦਾ ਤਜ਼ਰਬਾ ਹੈ, ਜੋ ਘਰੇਲੂ ਪੱਧਰ ’ਤੇ ਜੁਟੇ ਹੋਏ ਹਨ ਤਾਂ ਕਿ ਕਤਲ ਦੀ ਸਾਜ਼ਿਸ਼ ਦੀਆਂ ਕੋਸ਼ਿਸ਼ਾਂ ਨਾਲ ਸਬੰਧਤ ਸਬੂਤਾਂ ਦਾ ਪਤਾ ਲਗਾਇਆ ਜਾ ਸਕੇ। ਫ਼ਿਰ ਭਾਵੇਂ ਇਸ ਦੀਆਂ ਤਾਰਾਂ ਭਾਰਤ ਸਰਕਾਰ ਨਾਲ ਹੀ ਕਿਉਂ ਨਾ ਜੁੜੀਆਂ ਹੋਣ।ਗਾਰਸੇਟੀ ਨੇ ਕਿਹਾ ਕਿ ਜੇਕਰ ਕੋਈ ਹੋਰ ਦੇਸ਼ ਆਪਣੇ ਕਿਸੇ ਨਾਗਰਿਕ ਦੇ ਕਤਲ ਦੀ ਸਾਜ਼ਿਸ਼ ਦੀ ਕੋਸ਼ਿਸ਼ ਵਿੱਚ ਅਮਰੀਕੀ ਸਾਜ਼ਿਸ਼ ਦੇ ਦੋਸ਼ ਲਗਾਉਂਦਾ ਤਾਂ ਅਸੀਂ ਵੀ ਅਜਿਹਾ ਹੀ ਕਦਮ ਚੁੱਕਦੇ। ਇਸ ਤਰ੍ਹਾਂ ਕਿਸੇ ਵੀ ਦੇਸ਼ ਲਈ ਇੱਕ ਲਕਸ਼ਮਣ ਰੇਖਾ ਹੋਣੀ ਚਾਹੀਦੀ ਹੈ। ਹਾਲਾਂਕਿ, ਗਾਰਸੇਟੀ ਨੇ ਇਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਕਿ ਅਜਿਹੀਆਂ ਘਟਨਾਵਾਂ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ। ਗਾਰਸੇਟੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਅਮਰੀਕੀ ਸਰਕਾਰ ਵਲੋਂ ਵੀ ਅਜਿਹੀ ਹੀ ਜਾਂਚ ਸ਼ੁਰੂ ਕੀਤੀ ਗਈ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਕਿਸੇ ਨਾਗਰਿਕ ਦੇ ਕਤਲ ਦੇ ਕਤਲ ਦੀ ਕੋਸ਼ਿਸ਼ ਦੀ ਕੋਈ ਅਮਰੀਕੀ ਸਾਜ਼ਿਸ਼ ਤਾਂ ਨਹੀਂ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਮਰੀਕਾ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ’ਤੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਅਮਰੀਕੀ ਸੰਘੀ ਵਕੀਲਾਂ ਨੇ ਦੋਸ਼ ਲਗਾਇਆ ਹੈ ਕਿ ਨਿਖਿਲ ਗੁਪਤਾ ਭਾਰਤ ਸਰਕਾਰ ਦੇ ਇੱਕ ਕਰਮਚਾਰੀ ਨਾਲ ਕੰਮ ਕਰ ਰਿਹਾ ਸੀ ਅਤੇ ਨਿਊ ਯੌਰਕ ਸਿਟੀ ਵਿੱਚ ਰਹਿੰਦੇ ਪੰਨੂ ਨੂੰ ਮਾਰਨ ਲਈ ਇੱਕ ਕਾਤਲ ਨੂੰ 100,000 ਅਮਰੀਕੀ ਡਾਲਰ ਦੇਣ ਲਈ ਸਹਿਮਤ ਹੋਇਆ ਸੀ। ਵਰਨਣਯੋਗ ਹੈ ਕਿ ਗੁਰਪਤਵੰਤ ਸਿੰਘ ਪੰਨੂ ਭਾਰਤ ਦਾ ਲੋੜੀਂਦਾ ਖਾੜਕੂ ਹੈ ਜਿਸ ਕੋਲ ਅਮਰੀਕੀ ਅਤੇ ਕੈਨੇਡਾ ਦੀ ਨਾਗਰਿਕਤਾ ਹੈ। ਉਹ ਭਾਰਤ ਨੂੰ ਕਈ ਵਾਰ ਧਮਕੀਆਂ ਦੇ ਚੁੱਕਾ ਹੈ। ਨਿਖਿਲ ਗੁਪਤਾ ਇਸ ਸਮੇਂ ਚੈੱਕ ਗਣਰਾਜ ਦੀ ਜੇਲ੍ਹ ਵਿੱਚ ਬੰਦ ਹੈ। ਅਮਰੀਕੀ ਸਰਕਾਰ ਦੀ ਬੇਨਤੀ ’ਤੇ ਨਿਖਿਲ ਨੂੰ 30 ਜੂਨ ਨੂੰ ਚੈੱਕ ਗਣਰਾਜ ਗ੍ਰਿਫ਼ਤਾਰ ਕੀਤਾ ਗਿਆ ਸੀ।
previous post