Articles

 ਖਾ ਲੈ ਪੁੱਤ, ਖਾ ਲੈ !

ਗੁਰਨਾਮ ਟਰਾਂਟੋ ਦਾ ਰਹਿਣ ਵਾਲਾ ਉੱਘਾ ਟਰਾਂਸਪੋਰਟਰ ਸੀ। ਖਾਣ ਪੀਣ ਦਾ ਸ਼ੌਕੀਨ ਗੁਰਨਾਮ ਯਾਰਾਂ ਦੀ ਮਹਿਫਲ ਵਿੱਚ ਬੈਠ ਕੇ ਸ਼ਰਾਬ ਅਤੇ ਮੀਟ ਮੱਛੀ ਦੀਆਂ ਧੱਜੀਆਂ ਉੱਡਾ ਦਿੰਦਾ ਸੀ। ਕੈਨੇਡਾ ਵਿੱਚ ਟਰੱਕਾਂ ਵਾਲਿਆਂ ਨੂੰ ਸਫਰ ਦੌਰਾਨ ਵੈਸੇ ਵੀ ਬਹੁਤੀ ਵਾਰ ਬਾਹਰੋਂ ਰੈਸਟੋਰੈਂਟਾਂ ਹੋਟਲਾਂ ਤੋਂ ਪੀਜ਼ਾ ਬਰਗਰ ਆਦਿ ਖਾ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਕਸਰਤ ਦਾ ਨਾ ਤਾਂ ਗੁਰਨਾਮ ਨੂੰ ਕੋਈ ਬਹੁਤਾ ਸ਼ੌਂਕ ਸੀ ਤੇ ਨਾ ਹੀ ਉਸ ਕੋਲ ਟਾਈਮ ਸੀ। ਹੌਲੀ ਹੌਲੀ ਮਾੜੀਆਂ ਆਦਤਾਂ ਦਿਲ ‘ਤੇ ਆਪਣਾ ਅਸਰ ਦਿਖਾਉਣ ਲੱਗ ਪਈਆਂ। ਨਾੜੀਆਂ ਵਿੱਚ ਫੈਟ ਜੰਮ ਜਾਣ ਕਾਰਨ ਦਿਲ ਦੇ ਵਾਲਵ ਬੰਦ ਹੋ ਗਏ ਤੇ ਉਪਨ ਹਾਰਟ ਸਰਜਰੀ ਕਰਾਉਣੀ ਪੈ ਗਈ। ਦੋ ਚਾਰ ਮਹੀਨੇ ਅਰਾਮ ਕਰ ਕੇ ਹੌਲੀ ਹੌਲੀ ਉਹ ਤੁਰਨ ਫਿਰਨ ਜੋਗਾ ਹੋ ਗਿਆ। ਵਿਹਲੇ ਪਏ ਨੇ ਸੋਚਿਆ ਕਿ ਅਜੇ ਭਾਰਾ ਕੰਮ ਤਾਂ ਹੁੰਦਾ ਨਹੀਂ, ਚਲੋ ਪੰਜਾਬ ਵੱਲ ਹੀ ਗੇੜਾ ਮਾਰ ਆਈਏ।

ਜਦੋਂ ਉਸ ਨੇ ਆਪਣਾ ਵਿਚਾਰ ਪਤਨੀ ਨਾਲ ਸਾਂਝਾ ਕੀਤਾ ਤਾਂ ਉਹ ਅੱਗੋਂ ਟੁੱਟ ਕੇ ਪਈ, “ਕੁਝ ਤਾਂ ਸ਼ਰਮ ਹਯਾ ਕਰ, ਛੋਟੇ ਛੋਟੇ ਬੱਚੇ ਆ। ਪਹਿਲਾਂ ਹੀ ਅਗਲੇ ਜਹਾਨ ਨੂੰ ਹੱਥ ਲਾ ਕੇ ਮੁੜਿਆ ਆਂ। ਮੈਨੁੰ ਪਤਾ ਪੰਜਾਬ ਜਾ ਕੇ ਤੂੰ ਕਿਹੜੀ ਕੜ੍ਹੀ ਘੋਲਣੀ ਆ, ਨਾ ਤੂੰ ਖਾਣ ਲੱਗੇ ਨੇ ਸੋਚਣਾ ਆ ਤੇ ਨਾ ਪੀਣ ਲੱਗੇ ਨੇ।” ਪਰ ਗੁਰਨਾਮ ਨਾ ਮੰਨਿਆਂ, ਉਸ ਦੇ ਦਿਲ ‘ਤੇ “ਵਤਨ ਸੇ ਚਿੱਠੀ ਆਈ ਹੈ” ਗਾਣੇ ਨੇ ਗਹਿਰਾ ਅਸਰ ਕੀਤਾ ਹੋਇਆ ਸੀ। ਅਖੀਰ ਉਸ ਦੀ ਜ਼ਿਦ ਅੱਗੇ ਹਾਰ ਕੇ ਪਤਨੀ ਨੂੰ ਹਥਿਆਰ ਸੁੱਟਣੇ ਹੀ ਪਏ, ਉਹ ਡੁਸਕਦੀ ਹੋਈ ਬੋਲੀ, “ਚੱਲ ਠੀਕ ਆ, ਤੂੰ ਤਾਂ ਹੁਣ ਵਾਪਸ ਆਉਂਦਾ ਨਹੀਂ ਦੀਹਦਾ ਜਿਊਂਦਾ ਜਾਗਦਾ। ਪਰ ਜਾਣ ਤੋਂ ਪਹਿਲਾਂ ਇੱਕ ਤਾਂ ਸਾਰੀਆਂ ਬੀਮਾ ਪਾਲਸੀਆਂ ਮੈਨੂੰ ਫੜਾ ਦੇ ਤੇ ਨਾਲੇ ਕੁੱਲ ਜਾਇਦਾਦ ਦੀ ਅਟਾਰਨੀ ਮੇਰੇ ਨਾਮ ‘ਤੇ ਕਰ ਦੇ। ਜੇ ਕੋਈ ਭਾਣਾ ਵਾਪਰ ਗਿਆ, ਮੈਂ ਬੱਚਿਆਂ ਨੂੰ ਤਾਂ ਪਾਲ ਲਊਂਗੀ।” ਗੁਰਨਾਮ ਨੇ ਸ਼ੁਕਰ ਮਨਾਇਆ ਤੇ ਪਤਨੀ ਦੀਆਂ ਸਾਰੀਆਂ ਸ਼ਰਤਾਂ ਮੰਨ ਕੇ ਇੰਡੀਅਨ ਏਅਰ ਲਾਈਨਜ਼ ਦੀ ਸਿੱਧੀ ਫਲਾਈਟ ਰਾਹੀਂ 14 ਘੰਟਿਆਂ ਵਿੱਚ ਦਿੱਲੀ ਆਣ ਉੱਤਰਿਆ।

ਅੱਗੇ ਏਅਰਪੋਰਟ ਦੇ ਬਾਹਰ ਉਸ ਦਾ ਛੋਟਾ ਭਰਾ ਚੰਨਾ ਇਨੋਵਾ ਲਈ ਉਡੀਕ ਕਰ ਰਿਹਾ ਸੀ। ਦੋਵੇਂ ਭਰਾ ਧਾਹ  ਕੇ ਮਿਲੇ ਜਿਵੇਂ ਜਨਮਾਂ ਜਨਮਾਤਰਾਂ ਦੇ ਵਿੱਛੜੇ ਹੋਣ ਤੇ ਪਹੀਆਂ ਵਾਲੇ ਵੱਡੇ ਵੱਡੇ ਅਟੈਚੀ ਟੈਕਸੀ ਵਿੱਚ ਰੱਖ ਕੇ ਪੰਜਾਬ ਵੱਲ ਨੂੰ ਹਵਾ ਹੋ ਗਏ। ਦੋ ਕੁ ਘੰਟਿਆਂ ਬਾਅਦ ਡਰਾਈਵਰ ਨੇ ਮੂਰਥਲ, ਫੌਜੀ ਦੇ ਢਾਬੇ ‘ਤੇ ਆਣ ਬਰੇਕ ਮਾਰੀ। ਮੂੰਹ ਹੱਥ ਧੋ ਕੇ ਚੰਨੇ ਨੇ ਦਾਲ ਮਖਣੀ ਤੇ ਆਲੂਆਂ ਦੇ ਪਰੌਂਠਿਆਂ ਦਾ ਆਰਡਰ ਛੱਡ ਦਿੱਤਾ ਤੇ ਨਾਲ ਮੱਖਣ ਦੀ ਟਿੱਕੀ। ਗੁਰਨਾਮ ਤ੍ਰਬਕ ਪਿਆ, “ਉਏ ਚੰਨਿਆਂ ਤੂੰ ਮਾਰਨਾ ਮੈਨੂੰ? ਪਰੌਂਠੇ ਤੇ ਘਿਉ – ਮੱਖਣ ਤਾਂ ਜ਼ਹਿਰ ਨੇ ਮੇਰੇ ਲਈ। ਮੈਨੂੰ ਤਾਂ ਕੋਈ ਉੱਬਲੀ ਚੀਜ ਮੰਗਾ ਦੇ ਜਾਂ ਫਿੱਕੀ ਚਾਹ ਨਾਲ ਬਿਸਕੁਟਾਂ ਦਾ ਪੈਕਟ ਦੇ ਦੇ।” ਚੰਨੇ ਨੇ ਸਵੇਰੇ ਹੀ ਕਾਂ ਦੇ ਸਿਰ ਜਿੰਨੀ ਡੁੰਗੀ ਹੋਈ ਸੀ, “ਉਏ ਛੱਡਿਆ ਕਰ ਵੱਡੇ ਭਾਈ। ਇਹ ਸਾਲੇ ਡਾਕਟਰਾਂ ਨੂੰ ਸਵਾਹ ਪਤਾ ਕੀ ਖਾਣਾ ਤੇ ਕੀ ਪੀਣਾ? ਕਦੇ ਕੋਈ ਮੱਖਣ ਖਾ ਕੇ ਮਰਦਾ ਵੇਖਿਆ ਅੱਜ ਤੱਕ? ਇਹ ਚੀਜਾਂ ਤਾਂ ਸਗੋਂ ਦਿਲ ਨੂੰ ਮਜ਼ਬੂਤੀ ਦਿੰਦੀਆਂ ਨੇ। ਚੱਲ ਸ਼ੇਰ ਬਣ ਕੇ ਇੱਕ ਪਰੌਂਠਾ ਖਾ ਲੈ, ਨਖਰੇ ਨਾ ਕਰ ਬਹੁਤੇ।”  ਗੁਰਨਾਮ ਨੇ ਸੋਚਿਆ ਕਿ ਇਸ ਮੂਰਖ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ। ਉਸ ਨੇ ਚੁੱਪ ਕਰ ਕੇ ਬੁਰਕੀ ਤੋੜ ਕੇ ਮੂੰਹ ਵਿੱਚ ਪਾ ਲਈ। ਚਾਰ ਮਹੀਨਿਆਂ ਤੋਂ ਉੱਬਲੀਆਂ ਸਬਜ਼ੀਆਂ ਖਾ ਕੇ ਅੱਕੇ ਪਏ ਗੈਰੀ ਨੂੰ ਕੜਕ ਕਰਾਰੇ ਪਰੌਂਠਿਆਂ ਦਾ ਸਵਾਦ ਅੰਮ੍ਰਿਤ ਵਰਗਾ ਲੱਗਾ। ਉਹ ਹਾਬੜਿਆਂ ਵਾਂਗ ਤਿੰਨ ਪਰੌਂਠੇ ਅਤੇ ਪਾਈਆਂ ਮੱਖਣ ਵਲੇਟ ਗਿਆ। ਉਸ ਨੇ ਸੋਚਿਆ, “ਚੱਲ ਕੋਈ ਨਹੀਂ, ਇੱਕ ਗੋਲੀ ਵੱਧ ਖਾ ਲਵਾਂਗੇ ਅੱਜ ਬਲੱਡ ਪ੍ਰੈਸ਼ਰ ਦੀ। ਇੱਕ ਦਿਨ ਨਾਲ ਕੀ ਹੁੰਦਾ ਆ?”

ਸ਼ਾਮੀਂ ਛੇ ਕੁ ਵਜੇ ਉਹ ਪਿੰਡ ਪਹੁੰਚ ਗਏ। ਨਹਾ ਧੋ ਕੇ ਵਿਹਲੇ ਹੋਏ ਤਾਂ ਚੰਨਾ ਪਹਿਲੇ ਤੋੜ ਦੀ ਬੋਤਲ ਕੱਢ ਲਿਆਇਆ। “ਚੰਨਿਆਂ ਤੂੰ ਨਹੀਂ ਛੱਡਦਾ ਅੱਜ ਮੈਨੂੰ ਜਿਉੂਂਦਾ। ਮੈਨੂੰ ਤਾਂ ਪਾਣੀ ਵੀ ਮਨ੍ਹਾਂ ਕੀਤਾ ਡਾਕਟਰਾਂ ਨੇ ਬਾਹਰ ਦਾ ਤੇ ਤੂੰ ਬੋਤਲ ਕੱਢੀ ਫਿਰਦੈਂ।”  ਚੰਨਾ ਕੈਨੇਡੀਅਨ ਭਰਾ ਦੇ ਚਾਅ ਵਿੱਚ ਫੁੱਲਿਆ ਨਹੀਂ ਸੀ ਸਮਾਅ ਰਿਹਾ, “ਉਏ ਮੇਰਿਆ ਭੋਲਿਆ ਵੀਰਿਆ, ਇਹ ਸ਼ਰਾਬ ਨਹੀਂ ਚੌਧਵਾਂ ਰਤਨ ਐ। ਰੋਡੂ ਸੇਠ ਦੀ ਹੱਟੀ ਦਾ ਦੇਸੀ ਗੁੜ ਤੇ ਪੰਜਾਹ ਮਸਾਲੇ ਪਾ ਕੇ ਬਣਾਈ ਆ, ਦਵਾਈ ਆ ਨਿਰੀ ਦਵਾਈ। ਨਾਲੇ ਦੇਸੀ ਮੁਰਗਾ ਵੇਖ ਲਾਲ ਕਲਗੀ ਵਾਲਾ ਕਿੰਨਾ ਸਵਾਦ ਬਣਿਆ। ਤੁਪਕਾ ਪਾਣੀ ਨਹੀਂ ਪਾਇਆ, ਸਿਰਫ ਦੇਸੀ ਘਿਉ ‘ਚ ਭੁੰਨਿਆਂ ਆ।”  ਨਾਂਹ ਨੁੱਕਰ ਕਰਦਿਆਂ ਗੁਰਨਾਮ ਤੇ ਚੰਨੇ ਨੇ ਪੌਣੀ ਕੁ ਬੋਤਲ ਖਾਲੀ ਕਰ ਦਿੱਤੀ ਤੇ ਨਾਲੇ ਸਾਰਾ ਪਤੀਲਾ ਚੱਟਮ ਕਰ ਗਏ। ਸਵੇਰੇ ਉੱਠਿਆ ਤਾਂ ਸਰੀਰ ਥੋੜ੍ਹਾ ਢਿੱਲਾ ਜਿਹਾ ਲੱਗਾ। ਅਜੇ ਮੂੰਹ ਹੱਥ ਧੋ ਕੇ ਵਿਹਲਾ ਹੋਇਆ ਈ ਸੀ ਕਿ ਬੇਬੇ ਨੇ ਸਾਗ ਨੂੰ ਦੇਸੀ ਘਿਉ ਦਾ ਤੜਕਾ ਲਾ ਕੇ ਮੱਕੀ ਦੀਆਂ ਰੋਟੀਆਂ ਲਾਹੁਣੀਆਂ ਸ਼ੁਰੂ ਕਰ ਦਿੱਤੀਆਂ। ਗੁਰਨਾਮ ਦੇ ਡੇਲੇ ਬਾਹਰ ਨੂੰ ਆ ਗਏ। ਉਸ ਨੇ ਸੋਚਿਆ ਕਲ੍ਹ ਭਰਾ ਕੋਲੋਂ ਤਾਂ ਬਚ ਗਿਆ, ਅੱਜ ਮਾਤਾ ਨਹੀਂ ਛੱਡਦੀ ਲੱਗਦੀ।

ਉਹ ਕਸਾਈ ਅੱਗੇ ਬੱਝੀ ਬੱਕਰੀ ਵਾਂਗ ਮਿਮਿਆਇਆ, “ਬੇਬੇ ਮੈਂ ਇਹ ਸਭ ਨਹੀਂ ਖਾ ਸਕਦਾ। ਮੈਨੂੰ ਤਾਂ ਖੁਸ਼ਕ ਫੁਲਕਾ ਲਾਹ ਦੇ।” ਮਾਤਾ ਨੇ ਬਹੁਤ ਹੀ ਮੋਹ ਨਾਲ ਉਸ ਦੇ ਸਿਰ ‘ਤੇ ਹੱਥ ਫੇਰਿਆ, “ਹਾਏ ਮੇਰਾ ਕਮਲਾ ਪੁੱਤ। ਘਿਉ ਨਾਲ ਤਾਂ ਪੁੱਤਰਾ ਨਾੜਾਂ ਸਗੋਂ ਨਰਮ ਹੁੰਦੀਆਂ ਨੇ ਤੇ ਦਿਲ ਨੂੰ ਤਾਕਤ ਮਿਲਦੀ ਆ। ਸੁਣਿਆ ਨਹੀਂ, ਸੌ ਚਾਚਾ ਤੇ ਇੱਕ ਪਿਉ, ਸੌ ਦਾਰੂ ਤੇ ਇੱਕ ਘਿਉ। ਖਾ ਲੈ ਮੇਰਾ ਪੂੱਤ, ਖਾ ਲੈ। ਸਿਆਣਿਆਂ ਅੱਗੇ ਬਹੁਤਾ ਨਹੀਂ ਬੋਲੀਦਾ ਹੋਈਦਾ।” ਉਹ ਗੁਰਨਾਮ ਨੂੰ ਘਿਉ ਨਾਲ ਨੁੱਚੜਦੀਆਂ ਚਾਰ ਰੋਟੀਆਂ ਤੇ ਪਾਈਆ ਮੱਖਣ ਪਾ ਕੇ ਸਾਗ ਦਾ ਬਾਟਾ ਖਵਾ ਕੇ ਹੀ ਹਟੀ। ਹੌਲੀ ਹੌਲੀ ਗੁਰਨਾਮ ਨੂੰ ਵੀ ਤਲੀਆਂ ਤੇ ਕਰਾਰੀਆਂ ਚੀਜ਼ਾਂ ਖਾਣ ਦੀ ਆਦਤ ਪੈ ਗਈ। ਪਤਨੀ ਦੀ ਦਿੱਤੀਆਂ ਮੱਤਾਂ ਬੇਵਕੂਫੀਆਂ ਲੱਗਣ ਲੱਗ ਪਈਆਂ। ਉਹ ਰੋਜ਼ਾਨਾ ਮੀਟ, ਸ਼ਰਾਬ ਤੇ ਦੇਸੀ ਘਿਉ ਦੇ ਪਰੌਂਠਿਆਂ ਨੂੰ ਗੇੜਾ ਦੇਣ ਲੱਗਾ। ਬੱਸ ਫਿਰ ਕੀ ਸੀ? ਵੀਹਾਂ ਕੁ ਦਿਨਾਂ ਬਾਅਦ ਹੀ ਡੱਬੇ ਵਿੱਚ ਸੀਲ ਬੰਦ ਹੋ ਕੇ  ਟਰਾਂਟੋ ਪਹੁੰਚ ਗਿਆ। ਉਸ ਦੀ ਲਾਸ਼ ਵੇਖ ਕੇ ਪਤਨੀ ਨੂੰ ਸਮਝ ਨਾ ਆਵੇ ਕਿ ਰੋਵੇ ਜਾਂ ਹੱਸੇ? ਫਿਰ ਹੌਕਾ ਜਿਹਾ ਲੈ ਕੇ ਬੋਲੀ, “ਇਹ ਤਾਂ ਹੋਣਾ ਈ ਸੀ, ਮਰ ਜਾਣਾ ਖੁਦ ਈ ਲੱਕ ਨਾਲ ਮੌਤ ਬੰਨ੍ਹੀਂ ਫਿਰਦਾ ਸੀ।”

Related posts

ਯੂਕਰੇਨ ਅਤੇ ਰੂਸ ਵਿਚਕਾਰ ਸ਼ਾਂਤੀ ਸਮਝੌਤੇ ‘ਤੇ ਸਹਿਮਤੀ ਲਈ 4 ਸ਼ਰਤਾਂ !

admin

ਬਦਲਦੇ ਸਮੇਂ ਵਿੱਚ ਰੰਗ ਬਦਲਣ ਦੀ ਹੋਲੀ !

admin

ਹੁਣ ਰਾਜਧਾਨੀ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਯਤਨ ਸ਼ੁਰੂ !

admin