Punjab

ਖੂਨ ਦਾਨ ਸਮਾਜ ਪ੍ਰਤੀ ਸੱਚੀ ਪ੍ਰਤੀਬੱਧਤਾ ਨੂੰ ਦਰਸਾਉਂਦਾ : ਪ੍ਰੋ-ਚਾਂਸਲਰ ਛੀਨਾ

ਲਸਾ ਕਾਲਜ ਫ਼ਾਰ ਵੂਮੈਨ ਵਿਖੇ ਸ: ਰਜਿੰਦਰ ਮੋਹਨ ਸਿੰਘ ਛੀਨਾ ਖੂਨ ਦਾਨ ਕੈਂਪ ਦਾ ਰੀਬਨ ਕੱਟ ਕੇ ਅਗਾਜ਼ ਕਰਦੇ ਹੋਏ ਨਾਲ ਡਾ. ਸੁਰਿੰਦਰ ਕੌਰ, ਡਾ. ਖੁਸ਼ਵਿੰਦਰ ਕੁਮਾਰ, ਡਾ. ਕੰਵਲਜੀਤ ਸਿੰਘ ਅਤੇ ਹੋਰ ਸਟਾਫ਼। 

ਅੰਮ੍ਰਿਤਸਰ – ਖੂਨ ਦਾਨ ਕਰਨ ਦੇ ਨਾਲ ਕਈ ਅਨਮੋਲ ਜਿੰਦੜੀਆਂ ਬਚਾਈਆਂ ਜਾ ਸਕਦੀਆਂ ਹਨ ਅਤੇ ਕਤਰਾ ਕਤਰਾ ਇਕੱਠਾ ਕਰ ਕੇ ਕੀਤਾ ਗਿਆ ਖੂਨ ਜ਼ਰੂਰਤਮੰਦ ਮਰੀਜ਼ਾਂ ਲਈ ਵਰਦਾਨ ਸਿੱਧ ਹੁੰਦਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਰੈਡ ਕਰਾਂਸ ਕਲੱਬ, ਰੋਟਰੈਕਟ ਕਲੱਬ, ਐੱਨ. ਸੀ. ਸੀ. ਐੱਨ. ਐੱਸ. ਐੱਸ. ਅਤੇ ਰੈਡ ਰੀਬਨ ਕਲੱਬ ਦੇ ਯਤਨਾਂ ਸਦਕਾ ਕੇਅਰ ਟੂਡੇ (ਦਾ ਇੰਡੀਆ ਟੂਡੇ ਗਰੁੱਪ) ਅਤੇ ਐਲਜੀ ਇਲੈਕਟ੍ਰਾਨਿਕਸ ਗਰੁੱਪ ਦੇ ਸਹਿਯੋਗ ਨਾਲ ਲਗਾਏ ਗਏ ਖੂਨਦਾਨ ਕੈਂਪ ਦਾ ਰੀਬਨ ਕੱਟ ਕੇ ਉਦਘਾਟਨ ਕਰਨ ਉਪਰੰਤ ਕੀਤਾ।

ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦੀ ਅਗਵਾਈ ਹੇਠ ਆਯੋਜਿਤ ਉਕਤ ਕੈਂਪ ਮੌਕੇ 50 ਤੋਂ ਵਧੇਰੇ ਸਟਾਫ਼ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਖੂਨ ਦਾਨ ਕੀਤਾ। ਇਸ ਮੌਕੇ ਸ: ਛੀਨਾ ਨੇ ਕਿਹਾ ਕਿ  ਮਨੁੱਖਤਾ ਦੀ ਸੇਵਾ ਕਰਨ ਦੇ ਮਕਸਦ ਤਹਿਤ ਅੱਜ ਕਾਲਜ ਵੱਲੋਂ ਉਕਤ ਕੈਂਪ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਖ਼ੂਨ ਦਾਨ ਕਰਨਾ ਇਕ ਪੁੰਨ ਦਾ ਕਾਰਜ ਹੈ ਜੋ ਸਾਡੀ ਸਮਾਜ ਪ੍ਰਤੀ ਸੱਚੀ ਪ੍ਰਤੀਬੱਧਤਾ ਨੂੰ ਵੀ ਦਰਸਾਉਂਦਾ ਹੈ।

ਸ: ਛੀਨਾ ਨੇ ਖ਼ੂਨਦਾਨੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਖ਼ੂਨ ਦਾਨ ਕਰਨ ਨਾਲ ਸਰੀਰ ’ਤੇ ਕਿਸੇ ਤਰ੍ਹਾਂ ਦਾ ਕੋਈ ਗ਼ਲਤ ਪ੍ਰਭਾਵ ਨਹੀਂ ਪੈਂਦਾ ਹੈ, ਇਸ ਲਈ ਹਰੇਕ ਵਿਅਕਤੀ ਨੂੰ ਇਸ ਦਾ ਹਿੱਸਾ ਬਣਨਾ ਚਾਹੀਦਾ ਹੈ ਅਤੇ ਕਿਸੇ ਤਰ੍ਹਾਂ ਨਾਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ।  ਉਨ੍ਹਾਂ ਨੇ ਇਸ ਕੋਸ਼ਿਸ਼ ਲਈ ਸਮੂਹ ਕਾਲਜ ਸਟਾਫ਼ ਦੀ ਸ਼ਲਾਘਾ ਵੀ ਕੀਤੀ।

ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਕੈਂਪ ਦਾ ਮੁੱਖ ਉਦੇਸ਼ ਐਮਰਜੈਂਸੀ ਦੇ ਸਮੇਂ ’ਚ ਸੁਰੱਖਿਅਤ ਖੂਨ ਦੀ ਲੋੜ ਲਈ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਸ: ਛੀਨਾ ਨੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਡਾ. ਸੁਰਿੰਦਰ ਕੌਰ ਨਾਲ ਮਿਲ ਕੇ ਸੇਵਾ ਦਾਨੀਆਂ ਨੂੰ ਰਿਫਰੈਸ਼ਮੈਂਟ ਅਤੇ ਸਰਟੀਫ਼ਿਕੇਟ ਵੀ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਦਾਨੀਆਂ ਦਾ ਖ਼ੂਨ ਜੋ ਕਿ ਵੱਖ-ਵੱਖ ਬਿਮਾਰੀ ਤੋਂ ਪੀੜਤ ਅਤੇ ਘਟਨਾਵਾਂ ਦੌਰਾਨ ਜਖ਼ਮੀ ਹੋਏ ਵਿਅਕਤੀਆਂ ਦੀ ਸਹੂਲਤ ਲਈ ਇਕੱਠਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਕੈਂਪ ’ਚ ਲੜਕੀਆਂ ਨੇ ਖੂਨ ਦਾਨ ਕਰਨ ’ਚ ਵਧੇਰੇ ਜੋਸ਼ ਵਿਖਾਇਆ ਅਤੇ ਕਈ ਵਿਦਿਆਰਥਣਾਂ ਪਹਿਲੀ ਵਾਰ ਖੂਨ ਦਾਨ ਦਾ ਹਿੱਸਾ ਬਣੀਆਂ ਹਨ।

ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਕੈਂਪ ’ਚ ਕਾਲਜ ਦੇ ਉਕਤ ਸਮੂੰਹ ਕਲੱਬ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ ਅਤੇ ਇਸ ਕੈਂਪ ’ਚ ਸਿਵਲ ਹਸਪਤਾਲ ਦੀ ਟੀਮ ਨੇ ਵੀ ਆਪਣਾ ਮਹੱਤਵਪੂਰਨ ਰੋਲ ਅਦਾ ਕੀਤਾ। ਉਨ੍ਹਾਂ ਕਿਹਾ ਕਿ ਕੈਂਪ ਮੌਕੇ ਵਿਦਿਆਰਥੀਆਂ ’ਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ 50 ਤੋਂ ਵਧੇਰੇ ਖੂਨਦਾਨੀਆਂ ਨੇ ਸਮਾਜ ਸੇਵਾ ’ਚ ਅਹਿਮ ਯੋਗਦਾਨ ਪਾਇਆ। ਇਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਐਗਜੈਮੀਨੇਸ਼ਨ ਕੰਟਰੋਲਰ ਡਾ. ਕੰਵਲਜੀਤ ਸਿੰਘ, ਅੰਡਰ ਸੈਕਟਰੀ ਡੀ. ਐੱਸ. ਰਟੌਲ, ਸ੍ਰੀਮਤੀ ਰਵਿੰਦਰ ਕੌਰ, ਡਾ. ਜਸਵਿੰਦਰ ਸਿੰਘ ਆਦਿ ਸਟਾਫ਼ ਸਮੇਤ ਹੋਰ ਵਿਦਿਆਰਥੀ ਹਾਜ਼ਰ ਸਨ।

Related posts

ਰਵਾਇਤੀ ਪਾਰਟੀਆਂ ਮੇਰੇ ਨਾਲ ਈਰਖਾ ਕਰਦੀਆਂ: ਭਗਵੰਤ ਸਿੰਘ ਮਾਨ

admin

ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ !

admin

ਭਾਕਿਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਸਮੇਤ ਸੈਂਕੜੇ ਕਿਸਾਨ ਆਗੂ ਤੇ ਵਰਕਰ ਗ੍ਰਿਫਤਾਰ !

admin