ਕਪੂਰਥਲਾ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ’ਤੇ ਗੁਰਦੁਆਰਾ ਸ੍ਰੀ ਹੱਟ ਸਾਹਿਬ ’ਚ ਨਤਮਸਤਕ ਹੋਣ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਦਾ ਸਵਾਗਤ ਕੀਤਾ। ਸਿੱਧੂ ਨੇ ਕਿਹਾ ਕਿ ਜੇਕਰ ਕੋਈ ਗਲਤੀ ਦਾ ਅਹਿਸਾਸ ਕਰਦਾ ਹੈ ਤਾਂ ਉਸ ਦੀ ਸ਼ਲਾਘਾ ਕਰਨੀ ਬਣਦੀ ਹੈ। ਬਾਬੇ ਦੇ ਜਨਮ ਦਿਨ ’ਤੇ ਆਪਣੀ ਗਲਤੀ ਦਾ ਅਹਿਸਾਸ ਕੀਤਾ ਤਾਂ ਫਿਰ ਪੰਜਾਬ ਮਾਫ਼ ਕਰੇ।ਸਿੱਧੂ ਨੇ ਕਿਹਾ ਕਿ ਹਰ ਗੱਲ ’ਤੇ ਜੇਕਰ ਰਾਜਨੀਤੀ ਕੀਤੀ ਜਾਵੇ ਤਾਂ ਇਹ ਸਹੀ ਨਹੀਂ ਹੈ। ਕਰਤਾਰਪੁਰ ਕਾਰਡੋਰ ਖੁੱਲ੍ਹਿਆ ਤਾਂ ਉਹ ਵੀ ਚੰਗੀ ਗੱਲ ਹੈ। ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਪਰਤ ਆਏ ਤਾਂ ਉਸ ਨੂੰ ਭੁੱਲਿਆ ਨਹੀਂ ਕਹਿਣਾ ਚਾਹੀਦਾ। ਸਾਡੇ ਕਿਸਾਨ ਜੇਕਰ ਘਰ ਪਰਤਦੇ ਹਨ ਤਾਂ ਉਸ ਲਈ ਧੰਨਵਾਦ ਹੈ।ਵਿਧਾਇਕ ਨਵਜੋਤ ਸਿੰਘ ਚੀਮਾ ਨਾਲ ਗੁਰਦੁਆਰਾ ਸਾਹਿਬ ’ਚ ਸਜਦਾ ਕਰਨ ਆਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਇਕ ਨਵਾਂ ਅਧਿਆਏ ਸ਼ੁਰੂ ਹੋਣ ਵਾਲਾ ਹੈ। ਇਸ ਜਿੱਤ ਦਾ ਕੋਈ ਵੀ ਸਿਹਰਾ ਲੈਣ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਇਸ ਸਾਰੀ ਜਿੱਤ ਦਾ ਸਿਹਰਾ ਸਿਰਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਤਿਆਗ੍ਰਹਿ ਨੂੰ ਜਾਂਦਾ ਹੈ। ਇਹ ਹੱਕ ਸੱਚ ਦਾ ਰਾਹ ਸੀ। ਲੱਖ ਕੋਸ਼ਿਸ਼ਾਂ ਕੀਤੀਆਂ ਗਈਆਂ ਬਦਨਾਮ ਕਰਨ ਦੀਆਂ, ਪਰ ਕਿਸਾਨ ਅੜੇ ਰਹੇ, ਖੜ੍ਹੇ ਰਹੇ ਅਤੇ ਸੱਚ ’ਤੇ ਪਹਿਰਾ ਦਿੱਤਾ ਅਤੇ ਸੱਚਾਈ ਦੀ ਜਿੱਤ ਹੋਈ ਹੈ।ਸਿੱਧੂ ਨੇ ਕਿਹਾ ਕਿ ਜੇਕਰ ਕੋਈ ਧਰਮ ਦੇ ਰਾਹ ’ਤੇ ਚੱਲਦਾ ਹੈ ਤਾਂ ਫਿਰ ਉਸ ਨੂੰ ਕੋਈ ਹਰਾ ਨਹੀਂ ਸਕਦਾ। ਬਾਬੇ ਨਾਨਕ ਨੇ 17 ਸਾਲ ਖ਼ੁਦ ਖੇਤੀ ਕੀਤੀ। ਅੱਜ ਦੁਨੀਆ ਦਾ ਸਭ ਤੋਂ ਵੱਡਾ ਸੱਭਿਆਚਾਰ ਵਰਕ ਕਲਚਰ ਹੈ। ਇਹ ਬਾਬੇ ਨਾਨਕ ਦੀ ਹੀ ਨਜ਼ਰ-ਏ-ਅਨਾਇਤ ਹੈ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਕਿੰਨੀਆਂ ਖੁਸ਼ੀਆਂ ਮਿਲੀਆਂ ਹਨ। 650 ਸ਼ਹਾਦਤਾਂ ਦੇਣ ਵਾਲੇ ਸੰਯੁਕਤ ਕਿਸਾਨ ਮੋਰਚੇ ਦੇ ਅਣਥੱਕ ਯਤਨਾਂ ਨਾਲ ਇਹ ਸੰਭਵ ਹੋਇਆ ਹੈ। ਉਨ੍ਹਾਂ ਨੇ ਬਹੁੱਤ ਵੱਡੀ ਸਮਾਜਿਕ ਤੇ ਸੋਸ਼ਲ ਮੂਵਮੈਂਟ ਨੂੰ ਖੜ੍ਹਾ ਕੀਤਾ। ਬਾਬਾ ਜੀ ਆਪਸੀ ਭਾਈਚਾਰੇ ਦੀ ਗੱਲ ਕਹਿੰਦੇ ਹਨ।
previous post