Punjab

ਖੇਤੀ ਸੁਧਾਰ ਕਾਨੂੰਨ ਵਾਪਸ ਲੈਣ ਨਾਲ ਪੰਜਾਬ ਦੀ ਸਨਅਤ ਨੂੰ ਲੱਗਣਗੇ ‘ਖੰਭ’

ਲੁਧਿਆਣਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਵਪਾਰੀਆਂ ਦੇ ਚਿਹਰੇ ਖਿੜ ਗਏ ਹਨ। ਉਦਯੋਗਪਤੀਆਂ ਤੇ ਕਾਰੋਬਾਰੀਆਂ ਨੇ ਇਸ ਨੂੰ ਕਾਰੋਬਾਰ ਲਈ ਹਾਂ-ਪੱਖੀ ਪਹਿਲੂ ਦੱਸਿਆ। ਉਨ੍ਹਾਂ ਆਉਣ ਵਾਲੇ ਦਿਨਾਂ ‘ਚ ਕਾਰੋਬਾਰ ਮੁੜ ਲੀਹ ’ਤੇ ਆਉਣ ਦੀ ਉਮੀਦ ਪ੍ਰਗਟਾਈ ਹੈ। ਕਿਸਾਨ ਅੰਦੋਲਨ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ‘ਚ ਦੂਜੇ ਰਾਜਾਂ ਤੋਂ ਵਪਾਰੀਆਂ ਦਾ ਆਉਣਾ-ਜਾਣਾ ਘੱਟ ਗਿਆ ਸੀ। ਇਸ ਦੇ ਨਾਲ ਹੀ ਪੰਜਾਬ ਤੋਂ ਦੂਜੇ ਰਾਜਾਂ ਨੂੰ ਭੇਜੇ ਜਾਣ ਵਾਲੇ ਸਾਮਾਨ ਲਈ ਵੀ ਦੋ-ਚਾਰ ਹੋਣਾ ਪੈ ਰਿਹਾ ਸੀ। ਇਹ ਹੌਜ਼ਰੀ ਦਾ ਸੀਜ਼ਨ ਹੈ ਤੇ ਇਸ ਸਾਲ ਸਰਦੀ ਵੀ ਰਫ਼ਤਾਰ ਫੜ ਰਹੀ ਹੈ। ਇਸ ਕਾਰਨ ਲੁਧਿਆਣਾ ਦੇ ਕਾਰੋਬਾਰੀਆਂ ਦੇ ਚਿਹਰੇ ਖਿੜ ਗਏ ਹਨ। ਇਸ ਸਾਲ ਸਟਾਕ ਕਲੀਅਰੈਂਸ ਹੋਣ ਦੀ ਉਮੀਦ ਹੈ। ਨਾਲ ਹੀ ਜੇਕਰ ਸਾਈਕਲ, ਟਰੈਕਟਰ ਪਾਰਟਸ, ਹੈਂਡਟੂਲ, ਮਸ਼ੀਨਰੀ ਇੰਡਸਟਰੀ ਦੀ ਗੱਲ ਕਰੀਏ ਤਾਂ ਇਸ ਦੀ ਵਿਕਰੀ ‘ਤੇ ਵੀ ਚੰਗਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਨਾਲ ਹੀ ਲੁਧਿਆਣਾ ਦੀਆਂ ਥੋਕ ਮੰਡੀਆਂ ‘ਚ ਪਿਛਲੇ ਕਈ ਮਹੀਨਿਆਂ ਤੋਂ ਚੱਲਿਆ ਕਾਰੋਬਾਰ ਮੁੜ ਲੀਹ ‘ਤੇ ਆ ਸਕਦਾ ਹੈ। ਅਜਿਹੇ ‘ਚ ਕਾਰੋਬਾਰੀਆਂ ‘ਚ ਆਰਥਿਕ ਦ੍ਰਿਸ਼ਟੀ ਤੋਂ ਵੀ ਇਸ ਕਿਸਾਨ-ਅੰਦੋਲਨ ਦੇ ਜਲਦ ਖ਼ਤਮ ਹੋਣ ਨਾਲ ਖੁਸ਼ੀ ਦੀ ਲਹਿਰ ਹੈ। ਨਿਟਵੀਅਰ ਕਲੱਬ ਦੇ ਮੁਖੀ ਦਰਸ਼ਨ ਡਾਵਰ ਅਨੁਸਾਰ ਤਿੰਨੋਂ ਖੇਤੀ ਕਾਨੂੰਨ ਰੱਦ ਹੋਣ ਨਾਲ ਸਭ ਤੋਂ ਜ਼ਿਆਦਾ ਫਾਇਦਾ ਪੰਜਾਬ ਦੇ ਵਪਾਰ ਨੂੰ ਹੋਵੇਗਾ। ਕਿਉਂਕਿ ਇਨ੍ਹਾਂ ਦਿਨਾਂ ‘ਚ ਪੰਜਾਬ ‘ਚ ਦੂਜੇ ਰਾਜਾਂ ਤੋਂ ਆਉਣ ਵਾਲੇ ਵਪਾਰੀਆਂ ਦੀ ਗਿਣਤੀ ਬਹੁਤ ਘੱਟ ਹੋ ਗਈ ਸੀ। ਇਸ ਕਾਰਨ ਇਸ ਸਾਲ ਸਰਦੀਆਂ ਦੀ ਭਵਿੱਖਬਾਣੀ ਸਬੰਧੀ ਪ੍ਰਦਰਸ਼ਨੀਆਂ ਨਹੀਂ ਲੱਗ ਸਕੀਆਂ ਤੇ ਵਪਾਰੀਆਂ ਨੂੰ ਖੁਦ ਟਰੇਡਰਜ਼ ਕੋਲ ਜਾ ਕੇ ਆਰਡਰ ਬੁੱਕ ਕਰਵਾਉਣੇ ਪਏ। ਇਸ ਦੇ ਨਾਲ ਹੀ ਸ਼ਹਿਰ ਦੇ ਥੋਕ ਬਾਜ਼ਾਰਾਂ ‘ਚ ਵੀ ਜੋਸ਼ ਵਧੇਗਾ ਤੇ ਵਿਕਰੀ ਵਧਣ ਨਾਲ ਕਾਰੋਬਾਰ ‘ਚ ਵੀ ਤੇਜ਼ੀ ਆਵੇਗੀ।

Related posts

ਪੰਜਾਬ ਭਰ ਵਿੱਚ ਹੜ੍ਹ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਗੋਇਲ

admin

ਸ਼੍ਰੋਮਣੀ ਅਕਾਲੀ ਦਲ ਵਲੋਂ 33 ਜ਼ਿਲ੍ਹਾ (ਸ਼ਹਿਰੀ ਤੇ ਦਿਹਾਤੀ) ਪ੍ਰਧਾਨ ਨਿਯੁਕਤ !

admin

ਮੁੜ ਉਤਸ਼ਾਹਿਤ ਹੋਣਗੀਆਂ ਬੈਲਗੱਡੀਆਂ ਦੀਆਂ ਦੌੜਾਂ ਤੇ ਪੇਂਡੂ ਰਵਾਇਤੀ ਖੇਡਾਂ: ਚੀਮਾ

admin