ਵਾਸ਼ਿੰਗਟਨ – ਖੋਜਕਰਤਾਵਾਂ ਨੇ ਸਿਜ਼ੋਫ੍ਰੇਨੀਆ ਦੀ ਗੰਭੀਰਤਾ ਨਾਲ ਜੁੜੇ ਜੀਨ ਵੇਰੀਐਂਟ ਦਾ ਪਤਾ ਲਗਾਇਆ ਹੈ। ਇਕ ਅਧਿਐਨ ਦੌਰਾਨ ਵਿਗਿਆਨੀਆਂ ਨੇ ਪਾਇਆ ਕਿ ਜਿਹੜੇ ਲੋਕ ਇਸ ਬਿਮਾਰੀ ਦੇ ਅਤਿ ਗੰਭੀਰ ਰੂਪ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ’ਚ ਕੁਝ ਜ਼ਿਆਦਾ ਗਿਣਤੀ ’ਚ ਦੁਰਲੱਭ ਮਿਊਟੇਸ਼ਨ ਹੋਏ ਹਨ। ਖੋਜ ਦਾ ਨਤੀਜਾ ਪੀਐੱਨਏਐੱਸ ਨਾਂ ਦੇ ਮੈਗਜ਼ੀਨ ’ਚ ਪ੍ਰਕਾਸ਼ਿਤ ਹੋਇਆ ਹੈ, ਜਿਹੜਾ ਸਿਜ਼ੋਫ੍ਰੇਨੀਆ ਦੀ ਜੈਨੇਟਿਕ ’ਤੇ ਨਵੀਂ ਰੋਸ਼ਨੀ ਪਾਉਂਦਾ ਹੈ ਤੇ ਬਿਮਾਰੀ ਦੇ ਖ਼ਤਰਿਆਂ ਦੀ ਪਛਾਣ ਤੇ ਇਲਾਜ ਦੇ ਤਰੀਕੇ ਦੇ ਵਿਕਾਸ ਦਾ ਰਸਤਾ ਖੁੱਲਦਾ ਹੈ। ਅਮਰੀਕਾ ਦੇ ਬਾਇਲਰ ਕਾਲਜ ਆਫ ਮੈਡੀਸਨ ’ਚ ਮਨੋਵਿਗਿਆਨ ਤੇ ਵਿਵਹਾਰ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਤੇ ਅਧਿਐਨ ਦੇ ਪ੍ਰਮੁੱਖ ਲੇਖਕ ਐਂਥਨੀ ਡਬਲਯੂ ਜੋਘਬੀ ਦੇ ਮੁਤਾਬਕ, ‘ਖੋਜ ਦੇ ਨਤੀਜੇ ਨਿਊਰੋਸਾਈਕ੍ਰਿੇਇਟਕ ਖ਼ਰਾਬੀਆਂ ਦੇ ਜੈਨੇਟਿਕ ਖਤਰਿਆਂ ਦੀ ਪਛਾਣ ਲਈ ਅਸਰਦਾਰ ਰਣਨੀਤੀ ਨੂੰ ਰੇਖਾਂਕਿਤ ਕਰਦੇ ਹਨ। ਸਾਨੂੰ ਉਮੀਦ ਹੈ ਕਿ ਇਹ ਨਤੀਜੇ ਅਸਰਦਾਰ ਇਲਾਜ ਦੀ ਖੋਜ ’ਚ ਮਦਦਗਾਰ ਸਾਬਿਤ ਹੋਣਗੇ।’ ਸਿਜ਼ੋਫ੍ਰੇਨੀਆ ਇਕ ਪੁਰਾਣੀ ਬਿਮਾਰੀ ਜਿਹੜੀ ਦਿਮਾਗ਼ ਦੇ ਕੰਮਾਂ ਨੂੰ ਰੋਕਦੀ ਹੈ। ਇਸ ਨਾਲ ਜੁੜੀਆਂ ਹੋਰ ਪਰੇਸ਼ਾਨੀਆਂ ਪੈਦਾ ਹੁੰਦੀਆਂ ਹਨ। ਇਸ ਦੇ ਜੈਨੇਟਿਕ ਹੋਣ ਦਾ ਖ਼ਤਰਾ 60-80 ਫ਼ੀਸਦੀ ਹੈ। ਅਧਿਐਨ ’ਚ ਵਿਗਿਆਨੀਆਂ ਨੇ ਸਿਜ਼ੋਫ੍ਰੇਨੀਆ ਦੇ 112 ਗੰਭੀਰ ਮਰੀਜ਼ਾਂ ਤੇ ਬਿਮਾਰੀ ਦੇ ਹਲਕੇ ਅਸਰ ਵਾਲੇ 218 ਲੋਕਾਂ ਨੂੰ ਸ਼ਾਮਲ ਕੀਤਾ ਤੇ ਉਨ੍ਹਾਂ ਦੇ ਨਤੀਜਿਆਂ ਦੀ ਤੁਲਨਾ ਕਰੀਬ 5,000 ਅਜਿਹੇ ਲੋਕਾਂ ਨਾਲ ਕੀਤੀ ਗਈ, ਜਿਨ੍ਹਾਂ ’ਚ ਇਹ ਬਿਮਾਰੀ ਕੰਟਰੋਲ ਸੀ। ਇਸ ਦੌਰਾਨ ਵਿਗਿਆਨੀਆਂ ਨੇ ਪਾਇਆ ਕਿ ਸਿਜ਼ੋਫ੍ਰੇਨੀਆ ਦੇ ਗੰਭੀਰ ਮਰੀਜ਼ਾਂ ਦੇ ਜੀਨ ’ਚ ਕਾਫ਼ੀ ਜ਼ਿਆਦਾ ਖਤਰਨਾਕ ਮਿਊਟੇਸ਼ਨ ਹੋਏ ਹਨ। ਗੰਭੀਰ ਮਰੀਜ਼ਾਂ ’ਚ 48 ਫ਼ੀਸਦੀ ਅਜਿਹੇ ਸਨ, ਜਿਨ੍ਹਾਂ ਦੇ ਘਟੋ-ਘੱਟ ਇਕ ਜੀਨ ’ਚ ਦੁਰਲੱਭ ਤੇ ਖ਼ਤਰਨਾਕ ਮਿਊਟੇਸ਼ਨ ਹੋਏ ਹਨ।