
ਜਦੋਂ ਕਦੀ ਵੀ ਕਿਸੇ ਸੰਸਥਾ ਵਲੋਂ ਸਿੱਖੀ ਨੂੰ ਢਹਿੰਦੀ ਕਲਾ ਵਿਚੋਂ ਉਭਾਰਨ ਦਾ ਰਾਹ ਤਲਾਸ਼ਣ ਲਈ ਸੈਮੀਨਾਰ ਜਾਂ ਕਿਸੇ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਉਸ ਵਿਚ ਪੰਥ-ਦਰਦੀ ਵਿਦਵਾਨ ਤੇ ਬੁਧੀਜੀਵੀ ਬੁਲਾਰਿਆਂ ਵਲੋਂ ਬਹੁਤ ਹੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਦਿਆਂ ਜੋ ਉਸਾਰੂ ਸੁਝਾਵਾਂ ਦਿਤੇ ਜਾਂਦੇ ਹਨ, ਉਨ੍ਹਾਂ ਦੀ ਚਰਚਾ ਕਰਦਿਆਂ ਸੰਸਥਾ ਦੇ ਮੁਖੀਆਂ ਵਲੋਂ ਭਰੋਸਾ ਦੁਆਇਆ ਜਾਂਦਾ ਹੈ ਕਿ ਇਸ ਵਿਚਾਰ-ਚਰਚਾ ਦੌਰਾਨ ਵਿਦਵਾਨ-ਬੁਧੀਜੀਵੀਆਂ ਵਲੋਂ ਦਿੱਤੇ ਗਏ ਸੁਝਾਵਾਂ ਦੀ ਗੰਭੀਰਤਾ ਦੇ ਨਾਲ ਘੋਖ ਕਰ, ਉਸਾਰੂ ਤੇ ਤੁਰੰਤ ਅਮਲ ਵਿਚ ਲਿਆਂਦੇ ਜਾ ਸਕਣ ਵਾਲੇ ਸੁਝਾਵਾਂ ਪੁਰ, ਬਿਨਾਂ ਕਿਸੇ ਦੇਰੀ ਦੇ ਅਮਲ ਸ਼ੁਰੂ ਕਰ ਦਿਤਾ ਜਾਇਗਾ, ਤਾਂ ਧੀਰਜ ਬਝਦਾ ਹੈ ਕਿ ਛੇਤੀ ਹੀ ਸਿੱਖੀ ਅਤੇ ਸਿੱਖਾਂ ਨੂੰ ਢਹਿੰਦੀ ਕਲਾ ਵਿਚੋਂ ਉਭਾਰ, ਚੜ੍ਹਦੀਕਲਾ ਵਿਚ ਲਿਜਾਣ ਲਈ ਉਸਾਰੂ ਤੇ ਪ੍ਰਭਾਵੀ ਜਤਨ ਅਰੰਭ ਹੋ ਜਾਣਗੇ। ਸਿੱਖੀ ਨੂੰ ਜੋ ਢਾਹ ਲਗਦੀ ਵਿਖਾਈ ਦੇ ਰਹੀ ਹੈ, ਉਸਨੂੰ ਠਲ੍ਹ ਪੈ ਜਾਇਗੀ। ਪਰ ਛੇਤੀ ਹੀ ਸਭ ਕੁਝ ਕਾਗ਼ਜ਼ੀ ਕਾਰਵਾਈ ਬਣ ਕੇ ਰਹਿ ਜਾਂਦਾ ਹੈ ‘ਤੇ ਸਭ-ਕੁਝ ਪਹਿਲਾਂ ਵਾਂਗ ਹੀ ਚਲਣ ਲਗਦਾ ਹੈ।
ਇਸੇ ਸੰਬੰਧ ਵਿਚ ਬੀਤੇ ਸਮੇਂ ਵਿਚ ਹੋਏ ਕੁਝ ਅਜਿਹੇ ਸਮਾਗਮਾਂ ਦਾ ਜ਼ਿਕਰ ਕਰਨਾ ਕੁਥਾਉਂ ਨਹੀਂ ਹੋਵੇਗਾ, ਜਿਨ੍ਹਾਂ ਵਿਚ ਕਹਿੰਦੇ-ਕਹਾਉਂਦੇ ਪੰਥਕ ਆਗੂਆਂ ਨੇ ਬੜੇ ਭਰੋਸੇ ਦੁਆਏ ਸਨ, ਕਿ ਉਹ ਪੰਥ ਨੂੰ ਢਹਿੰਦੀ ਕਲਾ ਵਿਚੋਂ ਉਭਾਰਨ ਤੇ ਨੌਜਵਾਨਾਂ ਨੂੰ ਮੁੜ ਸਿੱਖੀ ਵਿਰਸੇ ਨਾਲ ਜੋੜਨ ਪ੍ਰਤੀ ਪੂਰੀ ਤਰ੍ਹਾਂ ਈਮਾਨਦਾਰ ਹਨ।
ਕੁਝ ਵਰ੍ਹੇ ਪਹਿਲਾਂ ਦੇਸ ਦੀ ਰਾਜਧਾਨੀ, ਦਿੱਲੀ ਦੀ ਇਕ ਜਥੇਬੰਦੀ ਵਲੋਂ ਪੰਥਕ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ, ਜਿਸਦਾ ਉਦੇਸ਼ ਸਿੱਖ ਨੌਜਵਾਨਾਂ ਵਿਚ ਸਿੱਖੀ ਵਿਰਸੇ ਨਾਲੋਂ ਟੁਟਣ, ਸਿੱਖੀ-ਸਰੂਪ ਨੂੰ ਤਿਆਗਣ ਅਤੇ ਨਸ਼ਿਆਂ ਦੇ ਸੇਵਨ ਵਲ ਵਧ ਰਹੇ ਉਨ੍ਹਾਂ ਦੇ ਝੁਕਾਅ ਨੂੰ ਠਲ੍ਹ ਪਾ, ਉਨ੍ਹਾਂ ਨੂੰ ਮੁੜ ਸਿੱਖੀ ਵਿਰਸੇ ਨਾਲ ਜੋੜਨ ਦੇ ਉਪਾਅ ਤਲਾਸ਼ਣਾ ਸੀ। ਇਸ ਕਨਵੈਨਸ਼ਨ ਵਿਚ ਵਿਚਾਰ ਪ੍ਰਗਟ ਕਰਨ ਵਾਲੇ ਹਰ ਬੁਲਾਰੇ ਨੇ, ਅਜ ਸਿੱਖੀ ਨੂੰ ਜਿਨ੍ਹਾਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦਿਨ ਪ੍ਰਤੀ ਦਿਨ ਉਨ੍ਹਾਂ ਚੁਨੌਤੀਆਂ ਵਿਚ ਹੋ ਰਹੇ ਵਾਧੇ ਪੁਰ ਚਿੰਤਾ ਪ੍ਰਗਟ ਕੀਤੀ ਅਤੇ ਇਸਦੇ ਲਈ ਧਾਰਮਕ ਜਥੇਬੰਦੀਆਂ ਵਲੋਂ ਧਰਮ ਪ੍ਰਚਾਰ ਪ੍ਰਤੀ ਆਪਣੀ ਜ਼ਿਮੇਂਦਾਰੀ ਈਮਾਨਦਾਰੀ ਨਾਲ ਨਿਭਾਉਣ ਪਖੋਂ ਕੀਤੀ ਜਾ ਰਹੀ ਅਣਗਹਿਲੀ ਨੂੰ ਦੋਸ਼ੀ ਠਹਿਰਾਇਆ।
ਇਸ ਮੌਕੇ ਤੇ ਇਨ੍ਹਾਂ ਵਿਦਵਾਨ ਬੁਲਾਰਿਆਂ ਨੇ, ਇਸ ਸਥਿਤੀ ਨੂੰ ਸੰਭਾਲਣ, ਕੌਮੀ ਪਨੀਰੀ ਨੂੰ ਸਿੱਖੀ ਵਿਰਸੇ ਨਾਲ ਜੋੜੀ ਰਖਣ ਅਤੇ ਵਿਰਸੇ ਨਾਲੋਂ ਟੁਟ, ਭਟਕ ਗਏ ਨੌਜਵਾਨਾਂ ਨੂੰ ਮੁੜ ਵਿਰਸੇ ਨਾਲ ਜੋੜਨ ਲਈ, ਜੋ ਸੁਝਾਉ ਦਿਤੇ, ਉਨ੍ਹਾਂ ਵਿਚੋਂ ਕੁਝ ਮੁਖ ਸੁਝਾਅ ਇਹ ਸਨ : ਹਰ ਇੱਕ ਸਿੰਘ ਸਭਾ ਨਾਲ ਨਰਸਰੀ ਸਕੂਲ ਦੀ ਸਥਾਪਨਾ ਕੀਤੀ ਜਾਏ, ਖਾਲਸਾ ਹੋਸਟਲ ਕਾਇਮ ਕੀਤੇ ਜਾਣ, ਸਿਖ ਆਗੂਆਂ, ਵਿਸ਼ੇਸ਼ ਕਰ, ਧਾਰਮਕ ਸੰਸਥਾਵਾਂ ਦੇ ਪ੍ਰਬੰਧ ਨਾਲ ਸੰਬੰਧਤ ਮੁਖੀਆਂ, ਪ੍ਰਚਾਰਕਾਂ, ਰਾਗੀਆਂ, ਗ੍ਰੰਥੀਆਂ ਤੇ ਸੇਵਾਦਾਰਾਂ ਆਦਿ ਦਾ ਜੀਵਨ-ਆਚਰਣ ਧਾਰਮਕ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਅਨੁਸਾਰ ਢਲਿਆ ਹੋਵੇ। ਗੁਰਧਾਮਾਂ ਵਿਚ ਸਿਖੀ ਦੇ ਬੁਨਿਆਦੀ ਆਦਰਸ਼ਾਂ ਤੇ ਸਿਧਾਂਤਾਂ, ਜੋ ਗੁਰੂ ਸਾਹਿਬ ਦੇ ਉਪਦੇਸ਼ਾਂ ਪੁਰ ਅਧਾਰਿਤ ਹਨ, ਪੁਰ ਦ੍ਰਿੜਤਾ ਨਾਲ ਪਹਿਰਾ ਦਿਤਾ ਜਾਏ।
ਇਨ੍ਹਾਂ ਸੁਝਾਵਾਂ ਨੂੰ ਗੰਭੀਰਤਾ ਨਾਲ ਘੋਖਿਆਂ, ਇਸ ਵਿਚ ਕੋਈ ਸ਼ਕ ਨਹੀਂ ਕਿ ਇਹ ਸੁਝਾਅ ਬਹੁਤ ਹੀ ਉਸਾਰੂ ਹਨ। ਜੇ ਇਨ੍ਹਾਂ ਪੁਰ ਈਮਾਨਦਾਰੀ ਨਾਲ ਅਮਲ ਕੀਤਾ ਜਾਏ ਤਾਂ ਇਸਦੇ ਬਹੁਤ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ। ਇਸਦੇ ਨਾਲ ਹੀ ਇਨ੍ਹਾਂ ਪੁਰ ਅਮਲ ਕਰਨ ਨਾਲ, ਧਾਰਮਕ ਸੰਸਥਾਵਾਂ ਦਾ ਅਕਸ ਤੇ ਸਿੱਖੀ ਦਾ ਭਵਿਖ ਸੰਵਾਰਿਆ ਜਾ ਸਕਦਾ ਹੈ। ਪਰ ਸੁਆਲ ਉਠਦਾ ਹੈ ਕਿ ਬੀਤੇ ਸਮੇਂ ਦੌਰਾਨ, ਕਿਸੇ ਨੇ ਵੀ ਇਥੋਂ ਤਕ ਕਿ ਕਨਵੈਨਸ਼ਨ ਦੀ ਆਯੋਜਕਾਂ ਵਲੋਂ ਵੀ, ਇਨ੍ਹਾਂ ਸੁਝਾਵਾਂ ਵਿਚੋਂ ਕਿਸੇ ਇਕ ਪੁਰ ਵੀ ਅਮਲ ਕਰਨ ਵਲ ਕਦਮ ਵਧਾਇਆ ਗਿਆ ਹੈ?
ਇਸਤੋਂ ਕੁਝ ਹੀ ਸਮੇਂ ਬਾਅਦ ਦਿੱਲੀ ਦੀ ਹੀ ਇੱਕ ਹੋਰ ਸੰਸਥਾ ਨੇ ‘ਗੁਰਦੁਆਰਾ ਪ੍ਰਬੰਧ : ਇਕ ਵਿਸ਼ਲੇਸ਼ਣ’ ਵਿਸ਼ੇ ਪੁਰ ਅਧਾਰਤ ਸੈਮੀਨਾਰ ਦਾ ਆਯੋਜਨ ਕੀਤਾ। ਉਸ ਸੈਮੀਨਾਰ ਵਿਚ ਵੀ ਬੁਧੀਜੀਵੀ-ਬੁਲਾਰਿਆਂ ਨੇ ਗੁਰਦੁਆਰਾ ਪ੍ਰਬੰਧ ਅਤੇ ਧਾਰਮਕ ਸੰਸਥਾਵਾਂ ਵਿਚ ਆ ਰਹੀਆਂ ਬੁਰਿਆਈਆਂ ਲਈ ਮੁਖ ਰੂਪ ਵਿਚ ਇਨ੍ਹਾਂ ਗੁਰਦੁਆਰਾ ਪ੍ਰਬੰਧ ਦੀ ਜ਼ਿਮੇਂਦਾਰੀ ਨਿਭਾਂਦੀਆਂ ਚਲੀਆਂ ਆ ਰਹੀਆਂ ਸੰਸਥਾਵਾਂ ਦੇ ਮੈਂਬਰਾਂ ‘ਤੇ ਪ੍ਰਬੰਧਕਾਂ ਦੀ ਚੋਣ ਲਈ, ਅਪਣਾਈ ਹੋਈ ਪ੍ਰਣਾਲੀ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਇਸ ਗਲ ਤੇ ਜ਼ੋਰ ਦਿਤਾ ਕਿ ਇਸ ਚੋਣ-ਪ੍ਰਣਾਲੀ ਦਾ ਕੋਈ ਹੋਰ ਚੰਗਾ ਪ੍ਰਭਾਵਸ਼ਾਲੀ ਬਦਲ ਲਭਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਸਦਾ ਕਾਰਣ ਇਹ ਦਸਿਆ ਕਿ ਵਰਤਮਾਨ ਚੋਣ-ਪ੍ਰਣਾਲੀ ਪੁਰ ਹੋ ਰਹੇ ਅਮਲ ਰਾਹੀਂ, ਕਈ ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਪੁਰ ਕਾਬਜ਼ ਹੋ ਰਹੇ ਹਨ, ਜਿਨ੍ਹਾਂ ਦਾ ਆਚਰਣ ਸਿੱਖੀ ਦੀਆਂ ਮਾਨਤਾਵਾਂ ਦੇ ਵਿਰੁਧ ਹੁੰਦਾ ਹੈ। ਅਜਿਹੇ ਵਿਅਕਤੀ ਗੁਰਦੁਆਰਾ ਪ੍ਰਬੰਧ ਵਿਚ ਆ, ਮੈਂਬਰੀ ਨੂੰ ਹੀ ਆਪਣੀ ਰੋਜ਼ੀ-ਰੋਟੀ ਦਾ ਸਾਧਨ ਬਣਾ ਲੈਂਦੇ ਹਨ। ਫਲਸਰੂਪ ਧਾਰਮਕ ਸੰਸਥਾਵਾਂ ਵਿਚ ਦਿਨ-ਬ-ਦਿਨ ਭਰਿਸ਼ਟਾਚਾਰ ਦਾ ਵਾਧਾ ਹੋਣ ਲਗਦਾ ਹੈ। ਜਿਸ ਕਾਰਣ ਇਹ ਸੰਸਥਾਵਾਂ ਧਾਰਮਕ ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਪ੍ਰਤੀ ਆਪਣੀ ਜ਼ਿਮੇਂਦਾਰੀ ਨਿਭਾਣ ਵਿਚ ਸਫਲ ਨਹੀਂ ਹੋ ਪਾਂਦੀਆਂ। ਇਸ ਵਿਚ ਕੋਈ ਸ਼ਕ ਨਹੀਂ ਕਿ ਇਸ ਸੋਚ ਵਿਚ ਦੰਮ ਹੈ, ਪਰ ਸੁਆਲ ਉਠਦਾ ਹੈ ਕਿ ਬੀਤੇ ਸਮੇਂ ਵਿਚ ਇਸ ਜਥੇਬੰਦੀ ਨੇ, ਸੈਮੀਨਾਰ ਵਿਚ ਆਏ ਸੁਝਾਅ ਅਨੁਸਾਰ ਵਰਤਮਾਨ ਚੋਣ-ਪ੍ਰਣਾਲੀ ਦਾ ਕੋਈ ਸਾਰਥਕ ਬਦਲ ਲਭਣ ਦਾ ਉਪਰਾਲਾ ਕੀਤਾ ਹੈ ਜਾਂ ਇਹ ਸੁਝਾਅ ਦੇਣ ਵਾਲੇ ਬੁਧੀਜੀਵੀਆਂ ਨੇ ਇਸਦਾ ਕੋਈ ਉਪਯੋਗੀ ਬਦਲ ਪੇਸ਼ ਕੀਤਾ ਹੈ? ਸ਼ਾਇਦ ਨਹੀਂ। ਕੇਵਲ ਇਤਨਾ ਆਖ, ਕਿ ਵਰਤਮਾਨ ਪ੍ਰਣਾਲੀ ਦਾ ਕੋਈ ਬਦਲ ਲਭਿਆ ਜਾਏ ਜਾਂ ਇਹ ਆਖ ਕਿ ਇਸਦੇ ਬਦਲ ਤਾਂ ਕਈ ਹਨ, ਜਿਨ੍ਹਾਂ ਵਿਚੋਂ ਕੋਈ ਚੰਗਾ ਬਦਲ ਅਪਨਾਇਆ ਜਾ ਸਕਦਾ ਹੈ, ਪਲਾ ਕਿਉਂ ਝਾੜ ਲਿਆ ਜਾਂਦਾ ਹੈ? ਕੀ ਅਜਿਹਾ ਕਰ, ਕੌਮ ਨੂੰ ਦੁਬਿਧਾ ਵਿਚ ਪਾਣਾ, ਸਿਖ ਰਾਜਨੀਤੀ ਦੇ ਖਿਡਾਰੀਆਂ ਤੇ ਬੁਧੀਜੀਵੀ-ਵਿਦਵਾਨਾਂ ਦਾ ਸੁਭਾਅ ਨਹੀਂ ਬਣ ਗਿਆ ਹੋਇਆ?
ਇਸੇ ਮੌਕੇ ਤੇ ਕੁਝ ਵਿਦਵਾਨ-ਬੁਧੀਜੀਵੀਆਂ ਨੇ ਆਪਣੀ ਵਿਦਵਤਾ ਦਾ ਸਿੱਕਾ ਬਿਠਾਣ ਲਈ, ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਲਈ ਅਪਨਾਈ ਗਈ ਚੋਣ ਪ੍ਰਣਾਲੀ ਦਾ ਵਿਰੋਧ ਕਰਦਿਆਂ, ਇਹ ਦਲੀਲ ਤਕ ਦੇ ਦਿਤੀ ਕਿ ਨਾ ਤਾਂ ਗੁਰੂ ਨਾਨਕ ਦੇਵ ਜੀ ਨੇ ਗੁਰਗਦੀ ਦੀ ਸੌਂਪਣਾ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕਰਨ ਲਈ ਕਿਸੇ ਤਰ੍ਹਾਂ ਦੇ ਮਤਦਾਨ ਦਾ ਸਹਾਰਾ ਲਿਆ ਸੀ। ਇਸ ਕਰ ਕੇ ਵਰਤਮਾਨ ਵਿਚ ਵੀ ਗੁਰਦੁਆਰਾ ਪ੍ਰਬੰਧਕਾਂ ਦੀ ਚੋਣ ਲਈ ਮਤਦਾਨ ਦਾ ਸਹਾਰਾ ਨਹੀਂ ਲਿਆ ਜਾਣਾ ਚਾਹੀਦਾ। ਇਉਂ ਜਾਪਦਾ ਹੈ, ਜਿਵੇਂ ਇਹ ਦਲੀਲ ਦੇਣ ਵਾਲੇ ਵਿਦਵਾਨ ਬੁਧੀਜੀਵੀ ਅਪ੍ਰਤਖ ਰੂਪ ਵਿਚ ਇਹ ਕਹਿਣਾ ਚਾਹੁੰਦੇ ਸਨ ਕਿ ਇਨ੍ਹਾਂ ਦੀ ਚੋਣ ਦਾ ਅਧਿਕਾਰ ਉਨ੍ਹਾਂ ਨੂੰ ਸੌਂਪ ਦੇਣਾ ਚਾਹੀਦਾ ਹੈ। ਵਿਚਾਰਨ ਵਾਲੀ ਗਲ ਤਾਂ ਇਹ ਹੈ ਕਿ ਕੀ ਉਨ੍ਹਾਂ ਜਾਂ ਕਿਸੇ ਹੋਰ ਵਿਚ ਇਹ ਸਮਰਥਾ ਹੈ ਕਿ ਉਹ ਉਸਤਰ੍ਹਾਂ ਦੀ ਚੋਣ ਕਰ ਸਕੇ, ਜਿਸਤਰ੍ਹਾਂ ਦੀ ਗੁਰੂ ਸਾਹਿਬਾਂ ਨੇ ਕੀਤੀ ਸੀ? ਅਜਕਲ ਦੇ ਵਿਦਵਾਨ-ਬੁਧੀਜੀਵੀਆਂ ਦਾ ਤਾਂ ਇਹ ਸੁਭਾਅ ਬਣ ਚੁਕਾ ਹੈ ਕਿ ਜਿਸ ਢੰਗ ਜਾਂ ਪ੍ਰਣਾਲੀ ਤੇ ਚਲਣ ਦੀ ਸਮਰਥਾ ਨਾ ਹੋਵੇ ਜਾਂ ਉਸਦਾ ਬਦਲ ਤਲਾਸ਼ਣਾ ਉਨ੍ਹਾਂ ਦੇ ਵਸ ਦਾ ਰੋਗ ਨਾ ਹੋਵੇ, ਉਸ ਨੂੰ ਮਾੜਾ ਕਹਿ, ਭੰਡ ਦਿਉ, ਕੌਮ ਭੰਬਲਭੂਸੇ ਵਿਚ ਪੈਂਦੀ ਹੈ ਤਾਂ ਪਈ ਪਵੇ। ਉਨ੍ਹਾਂ ਦੀ ਵਿਦਵਤਾ ਦਾ ਸਿੱਕਾ ਤਾਂ ਬੈਠ ਹੀ ਜਾਂਦਾ ਹੈ ਨਾ। ਚਾਹੀਦਾ ਤਾਂ ਇਹ ਹੈ ਕਿ ਜੇ ਕਿਸੇ ਪ੍ਰਣਾਲੀ ਨੂੰ ਮਾੜਾ ਕਹਿਣ ਦੀ ਹਿੰਮਤ ਕੀਤੀ ਹੈ, ਤਾਂ ਉਸਨਂੂੰ ਸੁਧਾਰਨ ਦੀ ਸਮਰਥਾ ਦਾ ਅਹਿਸਾਸ ਵੀ ਕਰਵਾਇਆ ਜਾਏ। ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਕਈ ਢੰਗ-ਪ੍ਰਣਾਲੀਆਂ ਜਾਂ ਰਸਤੇ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਬਦਲ ਲਭਣਾ ਉਤਨਾ ਆਸਾਨ ਨਹੀਂ ਹੁੰਦਾ, ਜਿਤਨਾ ਕਿ ਉਨ੍ਹਾਂ ਨੂੰ ਮਾੜਾ ਕਹਿ ਦੇਣਾ। ਜੇ ਸੁਚਜਾ ਬਦਲ, ਜਿਸ ਤੇ ਅਮਲ ਕੀਤਾ ਜਾ ਸਕਦਾ ਹੋਵੇ, ਨਜ਼ਰ ਨਾ ਆਏ ਤਾਂ ਸਥਾਪਤ ਪ੍ਰਣਾਲੀ ਨੂੰ ਹੀ ਸੁਧਾਰਣ ਦੀ ਕੌਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਗਲ ਇਤਨੇ ਨਾਲ ਹੀ ਨਹੀਂ ਮੁਕਦੀ ਇਨ੍ਹਾਂ ਦੋਹਾਂ ਸੈਮੀਨਾਰਾਂ ਤੋਂ ਬਾਅਦ ਇਕ ਹੋਰ ਸੰਸਥਾ ਵਲੋਂ ਇਸੇ ਤਰ੍ਹਾਂ ਦਾ ਇਕ ਸੰਮੇਲਨ ਬੁਲਾਏ ਜਾਣ ਦੀ ਰੂਪ-ਰੇਖਾ ਉਲੀਕੀ ਗਈ। ਇਸ ਸੰਮੇਲਨ, ਜਿਸਦਾ ਉਦੇਸ਼ ਵੀ ਸਿੱਖ ਨੌਜਵਾਨਾਂ ਵਿਚ ਵਧ ਰਹੇ ਪਤਤ-ਪੁਣੇ ਅਤੇ ਨਸ਼ਿਆਂ ਵਲ ਝੁਕਾਅ ਨੂੰ ਠਲ੍ਹ ਪਾਣ ਦੇ ਉਪਾਅ ਤਲਾਸ਼ਣਾ ਸੀ, ਦਾ ਏਜੰਡਾ ਤਿਆਰ ਕਰਨ ਲਈ ਮੰਨੇ-ਪ੍ਰਮੰਨੇ ਪਤਵੰਤਿਆਂ ਦੀ ਇਕ ਬੈਠਕ ਸਦੀ ਗਈ। ਜਦੋਂ ਉਨ੍ਹਾਂ ਪਤਵੰਤਿਆਂ ਨੇ ਏਜੰਡਾ ਤਿਆਰ ਕਰ, ਪ੍ਰਬੰਧਕਾਂ ਸਾਹਮਣੇ ਪੇਸ਼ ਕੀਤਾ ਤਾਂ ਪ੍ਰਬੰਧਕਾਂ ਨੂੰ ਇਹ ਵੇਖ, ਹੈਰਾਨੀ ਹੋਈ ਕਿ ਉਸ ਏਜੰਡੇ ਵਿਚ ਇਕ ਵੀ ਅਜਿਹਾ ਮੁੱਦਾ ਨਹੀਂ ਸੀ, ਜੋ ਸੰਮੇਲਨ ਕਿਸੇ ਵੀ ਮੁੱਦੇ ਨਾਲ ਸੰਬੰਧਤ ਹੁੰਦਾ।
…ਅਤੇ ਅੰਤ ਵਿਚ : ਇਨ੍ਹਾਂ ਹਾਲਾਤ ਵਿਚ ਇਉਂ ਜਾਪਦਾ ਹੈ, ਜਿਵੇਂ ਹਰ ਕੋਈ ਸਿੱਖੀ ਵਿਚ ਆਈਆਂ ਕਮਜ਼ੋਰੀਆਂ ਦੀ ਚਰਚਾ ਬੜੇ ਹੀ ਦੁਖ ਭਰੇ ਲਹਿਜੇ ਵਿਚ ਕਰ, ਕੌਮ ਦਾ ਵਿਸ਼ਵਾਸ ਤਾਂ ਜਿਤਣਾ ਚਾਹੁੰਦਾ ਹੈ, ਪਰ ਰਾਜਸੀ ਸੁਆਰਥ ਦੀ ਲਾਲਸਾ ਦਾ ਸ਼ਿਕਾਰ ਹੋਣ ਕਾਰਣ, ਉਹ ਉਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਨ ਪ੍ਰਤੀ ਈਮਾਨਦਾਰ ਨਹੀਂ ਹੋ ਪਾਂਦਾ।