Articles

ਗੁਣਾਂ ਦਾ ਖਜ਼ਾਨਾ ਵਹਿੜੇ ਦੀ ਸ਼ਾਨ ਨਿੰਮ ਦਾ ਰੁੱਖ !

ਲੇਖਕ: ਮੇਜਰ ਸਿੰਘ ਨਾਭਾ

ਨਿੰਮ ਦਾ ਦਰੱਖਤ ਸਾਡੇ ਲਈ ਬਹੁਤ ਲਾਹੇਵੰਦ ਹੈ।ਇਸ ਦੀ ਲਕੜੀ ਵਧੀਆ ਤਾਂ ਹੁੰਦੀ ਹੀ ਹੈ ਸਗੋਂ ਵੈਦਿਕ ਪੱਖੋਂ ਗੁਣਕਾਰੀ ਵੀ ਹੈ।ਇਸ ਦੀ ਲਕੜੀ ਨੂੰ ਸਿਉਂਕ ਨਹੀਂ ਲਗਦੀ ਇਸੇ ਕਰਕੇ ਇਸ ਦੀਆਂ ਬਣੀਆਂ ਚੀਜ਼ਾਂ ਦੀ ਵਧੇਰੇ ਮੰਗ ਕੀਤੀ ਜਾਂਦੀ ਹੈ।ਪੰਜਾਬ ਅੰਦਰ ਜੰਗਲਾਤ ਵਿਭਾਗ ਹਰੇਕ ਸਾਲ ਨਿੰਮਾਂ ਲਾਉਣ ਦਾ ਯਤਨ ਕਰਦਾ ਹੈ ਪਰ ਇਹ ਬਹੁਤੀਆਂ ਨਿੰਮਾਂ ਦਰੱਖਤ ਬਣਨ ਤੋਂ ਪਹਿਲਾਂ ਹੀ ਕਿਸੇ ਨਾ ਕਿਸੇ ਕਾਰਨ ਸੁੱਕ ਜਾਂ ਮਰ ਜਾਂਦੀਆਂ ਹਨ।ਇਨ੍ਹਾਂ ਦੇ ਸਾਂਭ ਸੰਭਾਲ ਲਈ ਸਾਧਨਾਂ ਦੀ ਘਾਟ ਜਰੂਰ ਰੜਕਦੀ ਹੈ।ਨਹਿਰਾਂ , ਸੜਕਾਂ , ਬਰਸਾਤੀ ਨਾਲਿਆਂ ਆਦਿ ਦੇ ਆਲੇ ਦੁਆਲੇ ਬਹੁਤ ਜਗ੍ਹਾ ਖਾਲੀ ਪਈ ਨਜ਼ਰੀ ਪੈਂਦੀ ਹੈ ਜਿਥੇ ਨਵੇਂ ਦਰਖੱਤਾਂ ਨੂੰ ਲਾ ਕੇ ਵਾਤਾਵਰਣ ਨੂੰ ਸੁਖਾਵਾਂ ਬਣਾਇਆ ਜਾ ਸਕਦਾ ਹੈ।ਭਾਵੇਂ ਲੱਖਾਂ ਰੁਪਏ ਇਸ ਕਾਰਜ ਲਈ ਹਰੇਕ ਸਾਲ ਖਰਚੇ ਜਾਂਦੇ ਹਨ ਪਰ ਇਸ ਕਾਰਜ ‘ਚੋਂ ਸਾਰਥਕ ਸਿੱਟੇ ਨਿਕਲਦੇ ਨਜ਼ਰ ਨਹੀਂ ਆਉਂਦੇ।
ਨਿੰਮ ਦਾ ਘੌਟਣਾ ਅਜੇ ਵੀ ਰਸੋਈ ਦੀ ਸ਼ਾਨ ਹੈ।ਨਿੰਮ ਦੀ ਦਾਤਣ ਕਰਨ ਨਾਲ ਮੂੰਹ ਅੰਦਰਲੇ ਕਈ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਨਿੰਮ ਦੇ ਪੱਤੇ ਪਾਣੀ ਵਿੱਚ ਉਬਾਲ ਕੇ ਵੀ ਕਈ ਬਿਮਾਰੀਆਂ ਦੇ ਇਲਾਜ ਲਈ ਲਾਹੇਵੰਦ ਹਨ ਜਿਵੇਂ ਵਾਲਾਂ ਦੀ ਸਿਕਰੀ,ਮਸੂੜਿਆਂ ਦੀ ਸੋਜ,ਡਾਇਬਿਟੀਜ਼,ਪੇਟ ਦੇ ਕੀੜੇ,ਫੌੜੇ ਫਿੰਨਸੀ ਆਦਿ ।ਨਿੰਮ ਦੀਆਂ ਨਿਮੋਲੀਆਂ ਭਾਵ ਫਲ ਦਵਾਈਆਂ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ।ਇਨ੍ਹਾਂ ਤੋਂ ਸਾਬਣ ਵੀ ਤਿਆਰ ਕੀਤਾ ਜਾਂਦਾ ਹੈ।ਪਿੰਡਾਂ ‘ਚ ਹੁਣ ਕਿਸੇ ਟਾਵੇਂ ਘਰ ਦੇ ਵਹਿੜੇ ਵਿੱਚ ਨਿੰਮ ਹੋਵੇਗੀ।ਕਿਸੇ ਸਮੇਂ ਘਰ ਦੇ ਵਹਿੜੇ ‘ਚ ਨਿੰਮ ਹੋਣੀ ਵਹਿੜੇ ਦੀ ਸ਼ਾਨ ਅਤੇ ਵਧੀਆ ਮੰਨੀ ਜਾਂਦੀ ਸੀ। ਪਿਛਲੇ ਦਿਨੀਂ ਆਪਣੇ ਪਿੰਡ ਦੰਦਰਾਲਾ ਢੀਂਡਸਾ ਵਿਖੇ ਗਿਆ ਤਾਂ ਕਿਸੇ ਕੰਮ ਸਾਬਕਾ ਸਰਪੰਚ ਦੇ ਘਰ ਜਾਣਾ ਪਿਆ।ਉਨ੍ਹਾਂ ਦੇ ਮਾਤਾ ਜੀ ਦਰਵਾਜ਼ੇ ਦੇ ਨਾਲ ਬੈਠੇ ਨਿੰਮ ਦੀਆਂ ਨਿਮੋਲੀਆਂ ਨੂੰ ਮਧੋਲ ਕੇ ਟੂਟੀ ਹੇਠ ਪਾਣੀ ਨਾਲ ਧੋ ਕੇ ਹਿੜਕਾਂ ਸਾਫ਼ ਕਰਕੇ ਨਿਕਾਲ ਰਹੇ ਸੀ।ਇਹ ਨਿਮੋਲੀਆਂ ਉਨ੍ਹਾਂ ਦੇ ਗੇਟ ਅੱਗੇ ਖੜ੍ਹੀ ਨਿੰਮ ਦੀਆਂ ਸਨ।ਮੇਰੇ ਜਿਹਨ ਵਿੱਚ ਪੰਜ ਦਹਾਕੇ ਪਹਿਲਾਂ ਬਚਪਨ ਦੇ ਨਿਮੋਲੀਆਂ ਨਾਲ ਜੁੜੇ ਦਿਨ ਯਾਦ ਆ ਗਏ।ਉਦੋਂ ਤਾਂ ਬਹੁਤੇ ਘਰਾਂ ‘ਚ ਨਿੰਮ ਦਾ ਘਰ ਤਿਆਰ ਕੀਤਾ ਸਾਬਣ ਵਰਤਿਆ ਜਾਂਦਾ ਸੀ।ਅਸੀਂ ਵੀ ਹਰੇਕ ਸਾਲ ਇਨ੍ਹਾਂ ਦਿਨਾਂ ਵਿੱਚ ਪਿੰਡ ਦੀ ਫਿਰਨੀ ਦੁਆਲੇ ਨੇੜੇ ਤੇੜੇ ਦੀਆਂ ਨਿੰਮਾਂ ਹੇਠੋਂ ਨਿਮੋਲੀਆਂ ਚੁੱਗ ਕੇ ਲਿਆਉਂਦੇ।ਸਾਡੇ ਆਲੇ ਦੁਆਲੇ ਸਾਰੇ ਗੁਆਂਢੀ ਨਿਮੋਲੀਆਂ ਦਾ ਸਾਬਣ ਜਰੂਰ ਬਣਾਉਂਦੇ ਕਿਉਂ ਕਿ ਸਿਆਣਿਆਂ ਕਿਹਾ, ‘ਘਰ ਦੀ ਮੁਰਗੀ ਦਾਲ ਬਰਾਬਰ’।ਪਿੰਡਾਂ ਵਿੱਚ ਲੋਕ ਉਸ ਸਮੇਂ ਜ਼ਿਆਦਾ ਚੀਜਾਂ ਘਰ ਬਣਾ ਕੇ ਹੀ ਵਰਤਦੇ ਸੀ।ਇਸ ਕਰਕੇ ਇਨ੍ਹਾਂ ਫਾਲਤੂ ਡਿਗੀਆਂ ਨਿਮੋਲੀਆਂ ਤੋਂ ਮੁਫਤ ਵਾਂਗ ਸਾਬਣ ਤਿਆਰ ਕਰ ਲੈਂਦੇ।ਉਂਝ ਆਪਣੀ ਬੀਜੀ ਮੂੰਗਫਲੀ ਅਤੇ ਰਿੰਡ ਦੀਆਂ ਗਿਰੀਆਂ ਤੋਂ ਵੀ ਕਈ ਘਰ ਸਾਬਣ ਬਣਾਉਦੇ । ਉਸ ਸਮੇਂ ਤਕਰੀਬਨ ਸਾਰੇ ਘਰਾਂ ‘ਚ ਹੱਥ ਨਾਲ ਆਟਾ ਪੀਸਣ ਵਾਲੀ ਚੱਕੀ ਹੁੰਦੀ ਸੀ। ਨਿਮੋਲੀਆਂ ਨੂੰ ਮਸਲ ਕੇ ਧੌ ਕੇ ਸੁਕਾ ਕੇ ਪਹਿਲਾਂ ਤਾਂ ਹੱਥ ਚੱਕੀ ਨਾਲ ਉਸ ਦਾ ਦਰੜ ਕਰ ਲਿਆ ਜਾਂਦਾ ਜਿਸ ਨਾਲ ਛਿਲਕੇ ਛੱਜ ਨਾਲ ਛੰਡ ਕੇ ਗੇਰੂ ਵੱਖਰੇ ਕਰ ਲਏ ਜਾਂਦੇ ਤੇ ਬਾਅਦ ‘ਚ ਉੱਖਲੀ ਵਿੱਚ ਕੁੱਟ ਕੇ ਝਾਰਨੇ ਨਾਲ ਛਾਣਾ ਲਾ ਦਿੰਦੇ ਤੇ ਬਚੇ ਮੋਟੇ ਦਰੜ ਨੂੰ ਦੁਬਾਰਾ ਕੁੱਟ ਕੁੱਟ ਕੇ ਬਾਰੀਕ ਕਰ ਲੈਂਦੇ। ਇਸ ਪਾਊਡਰ ਰੂਪੀ ਨਿਮੋਲੀਆਂ ਨੂੰ ਵੱਡੇ ਖੁੱਲ਼੍ਹੇ ਤਸਲੇ ਵਿੱਚ ਪਾਕੇ ਹਿਸਾਬ ਨਾਲ ਕਸਟਕ ਸੋਡਾ ਪਾ ਕੇ ਸੋਟੇ ਨਾਲ ਘੋਟਾ ਲਾਇਆ ਜਾਂਦਾ ਜਿਸ ਨਾਲ ਕਾਸਟਕ ਸੋਡਾ ਘੁਲ੍ਹ ਜਾਂਦਾ।ਖਾਲੀ ਪੀਪਿਆਂ ਤੋਂ ਗੱਡੀਆਂ ਵਾਲਿਆਂ ਤੋਂ ਬਣਵਾਏ ਝਾਰਨਿਆਂ ਵਗੈਰਾ ‘ਚ ਪੂਰਾ ਘੋਟਿਆ ਮਿਸ਼ਰਣ ਪੁਰਾਣਾ ਕਪੜਾ ਪਾ ਕੇ ਜਮਾ ਲਿਆ ਜਾਂਦਾ ਤੇ ਫਿਰ ਸਾਬਣ ਦੀਆਂ ਟਿੱਕੀਆਂ ਕੱਟ ਲਈਆਂ ਜਾਂਦੀਆਂ।ਕਈ ਪਾਥੀਆਂ ਵਾਂਗ ਵੀ ਪੱਥ ਕੇ ਛੋਟੀਆਂ ਪਾਥੀ ਰੂਪੀ ਸਾਬਣ ਦੀਆਂ ਟਿੱਕੀਆਂ ਵੀ ਬਣਾ ਲੈਂਦੇ।ਅੱਜ ਦੇ ਪਰਿਵਾਰਾਂ ਵਿੱਚ ਇੱਕ ਜਾਂ ਦੋ ਬੱਚੇ ਹੀ ਹੁੰਦੇ ਹਨ ਜਿਨ੍ਹਾਂ ਕੋਲ ਇਹੋ ਜਿਹੇ ਕੰਮ ਕਰਨ ਜਾਂ ਮਾਪਿਆਂ ਦੀ ਮਦਦ ਕਰਨ ਦਾ ਸਮਾਂ ਹੀ ਨਹੀਂ ਹੁੰਦਾ।ਬਹੁਤੇ ਪਰਿਵਾਰਾਂ ਦੀ ਆਰਥਿਕ ਸਥਿਤੀ ‘ਚ ਸੁਧਾਰ ਹੋਇਆ ਹੈ,ਹੁਣ ਇਹੋ ਜਿਹੇ ਕੰਮਾਂ ਨੂੰ ਪਸ਼ੰਦ ਵੀ ਨਹੀਂ ਕੀਤਾ ਜਾਂਦਾ।ਭਾਵੇਂ ਨਿਮੋਲੀਆਂ ਤੋਂ ਬਣੀ ਸਾਬਣ ਅੱਜ ਦੀਆਂ ਬਜ਼ਾਰੂ ਨੀਮ ਦੀਆਂ ਸਾਬਣ ਦੀਆਂ ਟਿੱਕੀਆਂ ਤੋਂ ਕਿਤੇ ਵਧੀਆ ਹੁੰਦੀ ਹੈ ਪਰ ਹੁਣ ਬਜ਼ਾਰ ਦੀਆਂ ਚੀਜ਼ਾਂ ਦੀ ਘਰਾਂ ‘ਚ ਜ਼ਿਆਦਾ ਵਰਤੋਂ ਹੁੰਦੀ ਹੈ।ਨੀਮ ਦੇ ਪੱਤੇ ਬਹੁਤ ਸਾਰੇ ਰੋਜ਼ਾਨਾ ਵਰਤੋਂ ਵਾਲੇ ਪ੍ਰੋਡਕਟਾਂ ਉੱਪਰ ਛਾਪ ਕੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਲੋਕਾਂ ‘ਚ ਜਾਗਰੂਕਤਾ ਫੈਲਾਉਣ ਦੀ ਲੌੜ ਹੈ ਤਾਂ ਕਿ ਨਿੰਮਾਂ ਦੀਆਂ ਨਿਮੋਲੀਆਂ ,ਪੱਤਿਆਂ,ਟਾਹਣੀਆਂ, ਲਕੜੀ ਆਦਿ ਦੇ ਅਸਲ ਫਾਇਦਿਆਂ ਤੋਂ ਜਾਣੂ ਹੋ ਸਕੀਏ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਡਿਜੀਟਲ ਚੀਜ਼ਾਂ ਦੀ ਜਿਆਦਾ ਵਰਤੋਂ ਬੱਚਿਆਂ ਦੇ ਪ੍ਰਦਰਸ਼ਨ ‘ਤੇ ਮਾੜਾ ਪ੍ਰਭਾਵ ਪਾਉਂਦੀ ਹੈ !

admin

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ !

admin