ਗੁਰੂਗ੍ਰਾਮ – ਸ੍ਰੀ ਗੁਰੂ ਸਿੰਘ ਸਭਾ ਵੱਲੋਂ ਜਨਤਕ ਸਥਾਨਾਂ ਦੀ ਬਜਾਏ ਗੁਰਦੁਆਰਾ ਕੰਪਲੈਕਸ ’ਚ ਨਮਾਜ਼ ਪੜ੍ਹਨ ਦੀ ਪੇਸ਼ਕਸ਼ ਦਾ ਸਿੱਖ ਭਾਈਚਾਰੇ ’ਚ ਹੀ ਵਿਰੋਧ ਸ਼ੁਰੂ ਹੋ ਗਿਆ ਹੈ। ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਭਾ ਮਦਨਪੁਰੀ ਦੇ ਪ੍ਰਧਾਨ ਜਵਾਹਰ ਸਿੰਘ ਦਾ ਮੰਨਣਾ ਹੈ ਕਿ ਗੁਰਦੁਆਰੇ ’ਚ ਕੋਈ ਵੀ ਆ ਕੇ ਗੁਰਬਾਣੀ ਵਿਚ ਹਿੱਸਾ ਲੈ ਸਕਦਾ ਹੈ, ਮੱਥਾ ਟੇਕ ਸਕਦਾ ਹੈ ਅਤੇ ਲੰਗਰ ’ਚ ਸ਼ਾਮਲ ਹੋ ਸਕਦਾ ਹੈ। ਇਸ ਤੋਂ ਇਲਾਵਾ ਦੂਜਾ ਕੋਈ ਵੀ ਕਾਰਜ ਉੱਚਿਤ ਨਹੀਂ। ਨਮਾਜ਼ ਪੜ੍ਹਨ ਦੀ ਜਗ੍ਹਾ ਮਸਜਿਦ ਹੈ। ਜੇਕਰ ਮੁਸਲਮਾਨ ਭਾਈਚਾਰੇ ਦੇ ਲੋਕ ਗੁਰਦੁਆਰਾ ਕੰਪਲੈਕਸ ਵਿਚ ਨਮਾਜ਼ ਪੜ੍ਹਨਗੇ ਤਾਂ ਇਸ ਨਾਲ ਮਾਹੌਲ ਬਿਹਤਰ ਨਹੀਂ ਹੋਵੇਗਾ ਬਲਕਿ ਵਿਗੜੇਗਾ। ਦੱਸਣਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਗੁਰੂਗ੍ਰਾਮ ’ਚ ਜਨਤਕ ਸਥਾਨਾਂ ’ਤੇ ਨਮਾਜ਼ ਪੜ੍ਹੇ ਜਾਣ ਦਾ ਹਿੰਦੂ ਸੰਗਠਨ ਵਿਰੋਧ ਕਰ ਰਹੇ ਹਨ। ਇਸ ’ਤੇ ਮੁਸਲਮਾਨ ਭਾਈਚਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਬਾਦੀ ਦੇ ਹਿਸਾਬ ਨਾਲ ਮਜਜਿਦਾਂ ਨਹੀਂ ਹਨ। ਇਸ ਵਜ੍ਹਾ ਨਾਲ ਮਜਬੂਰੀ ’ਚ ਜਨਤਕ ਸਥਾਨਾਂ ’ਤੇ ਨਮਾਜ਼ ਪੜ੍ਹਦੇ ਹਨ। ਜੇਕਰ ਪ੍ਰਸ਼ਾਸਨ ਜਗ੍ਹਾ ਉਪਲਬਧ ਕਰਵਾ ਦੇਵੇ ਤਾਂ ਉਹ ਲੋਕ ਜਨਤਕ ਸਥਾਨਾਂ ’ਤੇ ਨਮਾਜ਼ ਨਹੀਂ ਪੜ੍ਹਨਗੇ। ਇਕ ਦਿਨ ਪਹਿਲਾਂ ਬੁੱਧਵਾਰ ਨੂੰ ਸ੍ਰੀ ਗੁਰੂ ਸਿੰਘ ਸਭਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਗੁਰਦੁਆਰੇ ਸਾਰਿਆਂ ਲਈ ਹਨ। ਇਅਥੇ ਆ ਕੇ ਕਿਸੇ ਵੀ ਧਰਮ ਦੇ ਲੋਕ ਇਬਾਦਤ ਕਰ ਸਕਦੇ ਹਨ। ਸ੍ਰੀ ਗੁਰੂ ਸਿੰਘ ਸਭਾ ਦੇ ਸੀਨੀਅਰ ਉਪ ਪ੍ਰਧਾਨ ਅਤੇ ਬੁਲਾਰੇ ਜੇਪੀ ਸਿੰਘ ਸਾਹਨੀ ਦਾ ਕਹਿਣਾ ਹੈ ਕਿ ਧਾਰਮਿਕ ਪ੍ਰੋਗਰਾਮਾਂ ਲਈ ਜਨਤਕ ਸਥਾਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜਗ੍ਹਾ ਦੀ ਕਮੀ ਹੋਣ ’ਤੇ ਜਨਤਕ ਸਥਾਨਾਂ ’ਤੇ ਨਮਾਜ਼ ਪੜ੍ਹਨਾ ਸਹੀ ਨਹੀਂ ਹੈ। ਜਿੰਨੀ ਜਗ੍ਹਾ ਹੈ, ਓਨੀ ਹੀ ’ਚ ਨਮਾਜ਼ ਪੜ੍ਹੋ। ਇਸ ਤੋਂ ਬਾਅਦ ਵੀ ਜੇਕਰ ਥਾਂ ਦੀ ਕਮੀ ਪੈਂਦੀ ਹੈ ਤਾਂ ਉਹ ਗੁਰਦੁਆਰਾ ਕੰਪਲੈਕਸ ’ਚ ਵੀ ਨਮਾਜ਼ ਪੜ੍ਹ ਸਕਦੇ ਹਨ। ਨਮਾਜ਼ ਪੜ੍ਹਨ ਨੂੰ ਲੈ ਕੇ ਸੜਕ ’ਤੇ ਦੋ ਭਾਈਚਾਰਿਆਂ ਵਿਚਾਲੇ ਲੜਾਈ ਨਾ ਹੋਵੇ, ਇਸ ਨੂੰ ਧਿਆਨ ’ਚ ਰੱਖ ਕੇ ਗੁਰਦੁਆਰੇ ’ਚ ਵੀ ਨਮਾਜ਼ ਪੜ੍ਹਨ ਦੀ ਗੱਲ ਕਹੀ ਗਈ ਹੈ। ਸ੍ਰੀ ਗੁਰੂ ਸਿੰਘ ਸਭਾ ਦੀ ਪਹਿਲ ਦਾ ਅਸੀਂ ਸਵਾਗਤ ਕਰਦੇ ਹਾਂ। ਰਹੀ ਸਬਜ਼ੀ ਮੰਡੀ ਗੁਰਦੁਆਰਾ ਕੰਪਲੈਕਸ ’ਚ ਨਮਾਜ਼ ਪੜ੍ਹਨ ਦੀ ਗੱਲ ਤਾਂ ਕੋਲ ਹੀ ਮਸਜਿਦ ਹੈ, ਜਿੱਥੇ ਜੁੰਮੇ ਦੀ ਨਮਾਜ਼ ਪੜ੍ਹੀ ਜਾਂਦੀ ਹੈ। ਅਜਿਹੇ ਵਿਚ ਗੁਰਦੁਆਰਾ ਕੰਪਲੈਕਸ ਵਿਚ ਨਮਾਜ਼ ਨਹੀਂ ਪੜ੍ਹਨ ਜਾਣਗੇ। ਜੇਕਰ ਕਿਸੇ ਮੁਸਲਮਾਨ ਭਰਾ ਕੋਲ ਜਗ੍ਹਾ ਦੀ ਕਮੀ ਹੈ ਤਾਂ ਉਹ ਆਪਣੀ ਮਰਜ਼ੀ ’ਤੇ ਜਾ ਸਕਦਾ ਹੈ।
