ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਸੰਗੀਤ ਵਿਭਾਗ ਵੱਲੋਂ ‘ਰਾਗ ਬਸੰਤ-ਗੁਰਮਤਿ ਸੰਗੀਤ ਅਤੇ ਸ਼ਾਸਤਰੀ ਸੰਗੀਤ ਦੀ ਰੂਹਾਨੀ ਗੂੰਜ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਈ ਗਈ ਉਕਤ ਵਰਕਸ਼ਾਪ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਸੰਗੀਤ ਵਿਭਾਗ ਦੇ ਮੁੱਖੀ ਅਤੇ ਗੁਰਮਤਿ ਸੰਗੀਤ ਚੇਅਰ ਇੰਚਾਰਜ਼ ਡਾ. ਅਲੰਕਾਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਇਸ ਸਮਾਗਮ ਦੀ ਪ੍ਰਧਾਨਗੀ ਭਾਸ਼ਣ ’ਚ ਪ੍ਰਿੰ: ਡਾ. ਕਾਹਲੋਂ ਨੇ ਕਿਹਾ ਕਿ ਸੰਗੀਤ ਵਿਸ਼ੇ ਨਾਲ ਜੁੜੇ ਵਿਦਿਆਰਥੀ ਵਧੇਰੇ ਸੰਵੇਦਨਸ਼ੀਲ ਅਤੇ ਸਹਿਜਤਾ ਨਾਲ ਲਬਰੇਜ਼ ਹੁੰਦੇ ਹਨ। ਇਸ ਮੌਕੇ ਡਾ. ਅਲੰਕਾਰ ਸਿੰਘ ਨੇ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਅਤੇ ਸ਼ਾਸਤਰੀ ਸੰਗੀਤ ’ਚ ਬਸੰਤ ਰਾਗ ਅਤੇ ਬਸੰਤ ਰਾਗ ਦੇ ਪ੍ਰਕਾਰਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਬਸੰਤ ਰੁੱਤ ’ਚ ਰਾਗ ਬਸੰਤ ਗਾਇਨ ਦੀ ਮਹੱਤਤਾ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਇਸ ਦੇ ਸੱÇੋਭਆਚਾਰਕ ਮਹੱਤਵ ਨੂੰ ਵੀ ਉਜਾਗਰ ਕੀਤਾ, ਜਿਸ ਨਾਲ ਵਿਦਿਆਰਥੀਆਂ ਅਤੇ ਸੰਗੀਤ ਪ੍ਰੇਮੀਆਂ ਨੂੰ ਭਾਰਤੀ ਸ਼ਾਸਤਰੀ ਅਤੇ ਗੁਰਮਤਿ ਸੰਗੀਤ ਦੀਆਂ ਅਮੀਰ ਪ੍ਰੰਪਰਾਵਾਂ ਨਾਲ ਜੁੜਨ ਦਾ ਮੌਕਾ ਮਿਲਿਆ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਕਾਹਲੋਂ ਨੇ ਸੰਗੀਤ ਵਿਭਾਗ ਤੋਂ ਡਾ. ਆਤਮ ਸਿੰਘ ਰੰਧਾਵਾ ਨਾਲ ਮਿਲ ਕੇ ਡਾ. ਅਲੰਕਾਰ ਸਿੰਘ ਨੂੰ ਪੌਦੇ ਭੇਂਟ ਕਰਕੇ ਜੀ ਆਇਆ ਕਿਹਾ। ਇਸ ਮੌਕੇ ਡਾ. ਰੰਧਾਵਾ ਨੇ ਸੰਗੀਤ ਨੂੰ ਰੂਹਾਨੀਅਤ ਨਾਲ ਜੋੜਦਿਆਂ ਪ੍ਰਮਾਤਮਾ ਨਾਲ ਮਿਲਾਪ ਦੇ ਸਾਧਨ ਵਜੋਂ ਤੇ ਸਮੁੱਚੇ ਵਿਸ਼ਵ ਨੂੰ ਜੋੜਨ ਵਾਲੀ ਭਾਸ਼ਾ ਆਖਿਆ। ਇਸ ਮੌਕੇ ਵਿਦਿਆਰਥੀਆਂ ਦੁਆਰਾ ਪ੍ਰਸ਼ਨ ਵੀ ਪੁੱਛੇ ਗਏ, ਜਿਨ੍ਹਾਂ ਦਾ ਡਾ. ਅਲੰਕਾਰ ਸਿੰਘ ਵੱਲੋਂ ਬਹੁਤ ਸਰਲਤਾ ਨਾਲ ਬਾਖੂਬੀ ਜਵਾਬ ਦਿੱਤਾ ਗਿਆ। ਇਸ ਸਮਾਗਮ ਦਾ ਮੰਚ ਸੰਚਾਲਨ ਦਾ ਕਾਰਜ ਡਾ. ਸ਼ਿਵਾਨੀ ਨਾਰਦ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰੋ: ਨਵਜੋਤ ਕੌਰ, ਡਾ. ਅਮਨ ਕੌਰ, ਡਾ. ਮਨਦੀਪ ਸਿੰਘ ਤੋਂ ਇਲਾਵਾ ਸਮੂਹ ਫੈਕਲਟੀ ਮੈਂਬਰ ਹਾਜ਼ਰ ਸਨ।