Articles Religion

ਗੈਰ ਸਿੱਖ ਵਿਦਵਾਨਾਂ ਦੀਆਂ ਨਜ਼ਰਾਂ ’ਚ ਸ੍ਰੀ ਗੁਰੂ ਨਾਨਕ ਦੇਵ ਜੀ

ਸਰ ਮੁਹੰਮਦ ਇਕਬਾਲ
ਪੂਰਬ ਦੇ ਪ੍ਰਸਿੱਧ ਸ਼ਾਇਰ ਮੌਲਾਨਾ ਇਕਬਾਲ ਦੇ ਦਿਲ ਵਿਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਪ੍ਰਤੀ ਭਰਪੂਰ ਸ਼ਰਧਾ ਤੇ ਸਤਿਕਾਰ ਸੀ ਅਤੇ ਗੁਰੂ ਸਾਹਿਬ ਦੇ ਸਰਬਪੱਖੀ ਮਾਨਵੀ, ਅਧਿਆਤਮਿਕ ਤੇ ਸਮਾਜਿਕ ਫਸਸਫੇ ਨੂੰ ਵਾਚਣ ਉਪਰੰਤ ਗੁਰੂ ਸਾਹਿਬ ਦੇ ਸਨਮਾਨ ਵਿਚ ਉਹ ਆਪ ਮੁਹਾਰੇ ਕਹਿ ਉਠਿਆ।
ਹਜਾਰੋਂ ਸਾਲ ਨਰਗਸ ਅਪਨੀ ਬੇਨੂਰੀ ਪੈ ਰੋਤੀ ਹੈ
ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ।
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਬਾਰੇ ਇਕਬਾਲ ਇਕ ਹੋਰ ਥਾਂ ਇਵੇਂ ਲਿਖਦਾ ਹੈ ਪ੍ਰਮਾਤਮਾ ਨੇ ਗੁਰੂ ਨਾਨਕ ਸਾਹਿਬ ਦੇ ਰੂਪ ਵਿਚ ਭਾਰਤ ਨੂੰ ਇਕ ਹੋਰ ਵਰਦਾਨ ਦਿੱਤਾ ਹੈ, ਜਿਨ੍ਹਾਂ ਵਿਚ ਇਕ ਪੈਗੰਬਰ ਦੇ ਸਾਰੇ ਗੁਣ ਉਹ ਇਕ ਮੁਕੰਮਲ ਤੇ ਕਾਮਲ ਮਹਾਂਪੁਰਸ਼ ਸਨ। ਗੁਰੂ ਸਾਹਿਬ ਦਾ ਇਸ ਸੰਸਾਰ ਵਿਚ ਆਗਮਨ ਕਿਸੇ ਵੀ ਲਿਹਾਜ਼ ਨਾਲ ਪੈਗੰਬਰ ਅਬਰਾਹੀਮ ਨਾਲੋਂ ਘੱਟ ਮਹੱਤਤਾ ਵਾਲਾ ਨਹੀਂ ਜੋ ਅੱਜ ਤੋਂ 5 ਹਜ਼ਾਰ ਸਾਲ ਪਹਿਲੇ ਸਂਸਾਰ ’ਤੇ ਪਧਾਰੇ ਸਨ ਹਵਾਲਾ ਕੇ.ਟੀ. ਲਲਵਾਨੀ ਦੀ ਪੁਸਤਕ ‘ਗੁਰੂ ਨਾਨਕ’ ਅੰਤਲਾ ਪੰਨਾ) ਗੁਰੂ ਜੀ ਸੰਬੰਧੀ ਲਿਖੀ ਇਕ ਇਤਿਹਾਸਕ ਨਜ਼ਮ ਵਿਚ ਉਸ ਨੇ ਉਨ੍ਹਾਂ ਪ੍ਰਤੀ ਆਪਣਾ ਸਤਿਕਾਰ ਭੇਂਟ ਕਰਦਿਆਂ ਆਖਰੀ ਸ਼ੇਅਰ ਨੂੰ ਇਵੇਂ ਕਲਮਬੰਦ ਕੀਤਾ।
ਫਿਰ ਉਠੀ ਆਖਿਰ ਸਦਾਅ ਤੌਹੀਦ ਕੀ ਪੰਜਾਬ ਸੇ
ਹਿੰਦ ਕੋ ਇਕ ਮਰਦੇ-ਕਾਮਲ ਨੇ ਜਗਾਇਆ ਖ਼ਾਬ ਸੇ।
(ਪੁਸਤਕ ਬਾਂਗਿ ਦਰਾਂ ਵਿਚੋਂ)
ਇਕਬਾਲ ਨੇ ਗੁਰੂ ਨਾਨਕ ਦੇਵ ਜੀ ਤੇ ਹੋਰ ਸਿੱਖ ਗੁਰੂ ਸਾਹਿਬਾਨ ਦੇ ਕਾਰਨਾਮੇ ਪੜ੍ਹ ਕੇ ਦੋ ਗੱਲਾਂ ਬੜੇ ਸਪੱਸ਼ਟ ਰੂਪ ਵਿਚ ਕਹੀਆਂ ਹਨ।
ਪਹਿਲੀ ਗੱਲ ਜੋ ਉਸ ਨੇ ਕਹੀ ਹੈ ਉਹ ਇਹ ਹੈ ਕਿ ਆਗਿਆਨਤਾ ਵਿਚੋਂ ਸਭ ਨੂੰ ਜਗਾਉਣ ਵਾਲੇ ਗੁਰੂ ਨਾਨਕ ਹਨ. ਦੂਜੀ ਗੱਲ ਕਹਿਣ ਲਗਿਆਂ ਉਸ ਨੇ ਖ਼ਾਲਸੇ ਨੂੰ ਮੁਗ਼ਲ ਰਾਜ ਦੇ ਪਤਨ ਦਾ ਕਾਰਣ ਬਣਾਇਆ। ਉਸ ਨੇ ਸਪੱਸ਼ਟ ਲਿਖਿਆ ਹੈ ਕਿ ‘‘ਭਗਤੀ ਤੇ ਸ਼ਕਤੀ, ਇਖਲਾਕ ਤੇ ਵਰਿਆਮਤਾ ਅਜਿਹੀਆਂ ਵਿਲੱਖਣ ਸ਼ਕਤੀਆਂ ਹਨ ਜੋ ਗੁਰੂ ਸਾਹਿਬਾਨ ਨੇ ਖ਼ਾਲਸੇ ਵਿਚ ਭਰੀਆਂ। ਜਦੋਂ ਖ਼ਾਲਸੇ ਨੇ ਇਹ ਧਾਰਨ ਕਰ ਲਈਆਂ ਤਦ ਮੁਗ਼ਲ ਰਾਜ ਜਾਂਦਾ ਰਿਹਾ।’’ ਇਕਬਾਲ ਵਰਗੇ ਦਾਨਸ਼ਵਰ ਚਿੰਤਕ) ਦਾ ਮੁਗ਼ਲ ਰਾਜ ਦੇ ਖਾਤਮੇ ਦਾ ਉਕਤ ਕਾਰਨ ਮਿਥਣਾ, ਸਿੱਖ ਸਦਾਚਾਰ ਤੇ ਸੂਰਗਮਤੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਨਾ ਹੈ, ਜਿਸ ਤੇ ਯੋਗ ਮਾਣ ਕੀਤਾ ਜਾ ਸਕਦਾ ਹੈ।
‘ਇਸਲਾਮ ਦੇ ਐਨਸਾਈਕਲੋਪੀਡੀਆ’ ਲਈ ਸਿੱਖਾਂ ਬਾਰੇ ਐਂਟਰੀ ਲਿਖਣ ਲਗਿਆਂ ਇਕਬਾਲ ਗੁਰੂ ਨਾਨਕ ਸਾਹਿਬ ਦੀ ਤਾਰੀਫ਼ ਕਰਦਿਆਂ ਹੋਇਆਂ ਇਹ ਲਿਖਦਾ ਹੈ ਕਿ ਉਨ੍ਹਾਂ ਨੇ ਦੂਰਿਓ ਨੇੜਿਓਂ ਲੋਕਾਂ ਨੂੰ ਆਪਣੇ ਵੱਲ ਇਵੇਂ ਖਿੱਚਿਆ ਕਿ ਉਹ ਲੋਕੀ ਉਨ੍ਹਾਂ ਦੇ ਹੀ ਪ੍ਰੇਮੀ ਬਣ ਗਏ।
ਇਕਬਾਲ ਦਾ ਇਕ ਅਜ਼ੀਜ ਦੋਸਤ ਸੱਯਦ ਹਬੀਬ ਸ਼ਾਹ ਪਹਿਲੇ ‘ਨਕਾਸ਼’ ਤੇ ਫਿਰ ‘ਸਿਆਸਤ’ ਦਾ ਐਡੀਟਰ ਸੀ। ਅੰਗਰੇਜ਼ਾਂ ਦੇ ਖਿਲਾਫ ਅਖ਼ਬਾਰ ਵਿਚ ਕੁਝ ਛਾਪਣ ਕਾਰਨ ਅੰਗਰੇਜ਼ਾਂ ਨੇ ਉਸ ਨੂੰ ਉਸ ਦੇ ਆਪਣੇ ਹੀ ਪਿੰਡ ਜਲਾਲਪੁਰ ਜੱਟਾਂ ਜ਼ਿਲ੍ਹਾ ਗੁਜਰਾਤ ਵਿਚ ਨਜ਼ਰਬੰਦ ਕਰ ਦਿੱਤਾ ਤੇ ਹੁਕਮ ਕੀਤਾ ਕਿ ਉਹ ਘਰੋਂ ਬਾਹਰ ਨਹੀਂ ਨਿਕਲ ਸਕਦਾ ਤੇ ਨਾ ਹੀ ਕਿਸੇ ਅਖ਼ਬਾਰ ਨਾਲ ਪੱਤਰ ਵਿਹਾਰ ਕਰ ਸਕਦਾ ਹੈ। ਇਹ ਅਪਰੈਲ 1919 ਦੀ ਗੱਲ ਹੈ ਹਬੀਬ ਪਾਸ ਘਰ ਬੈਠਣ ਤੋਂ ਇਲਾਵਾ ਕੋਈ ਚਾਰਾ ਨਾ ਰਿਹਾ। ਉਸ ਨੇ ਇਸ ਵਿਹਲੇ ਸਮੇਂ ਨੂੰ ਵੱਖ-ਵੱਖ ਧਰਮਾਂ ਦਾ ਅਧਿਐਨ ਕਰਨ ਤੇ ਲਗਾਇਆ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਮਨ ਬਣਾਇਆ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪੁਜੀ ਸਾਹਿਬ ਦਾ ਉਰਦੂ ਵਿਚ ਅਨੁਵਾਦ ਕਰ ਕੇ ਲੋਕਾਂ ਨੂੰ ਦਸ ਸਕੋ ਕਿ ਗੁਰੂ ਸਾਹਿਬ ਕਿਤਨੀ ਉਚੀ ਅਧਿਆਤਮਕ ਸ਼ਖਸੀਅਤ ਦੇ ਮਾਲਕ ਹਨ ਤੇ ਜਪੁਜੀ ਸਾਹਿਬ ਕਿਤਨੀ ਉੱਚ ਪਾਏ ਦੀ ਅਧਿਆਤਮਕ ਬਾਣੀ ਹੈ। ਜਦ ਇਕਬਾਲ ਨੂੰ ਹਬੀਬ ਦੇ ਇਸ ਪ੍ਰੋਗਰਾਮ ਦਾ ਪਤਾ ਲੱਗਾ ਤਾਂ ਉਸ ਨੇ ਹਬੀਬ ਨੂੰ ਇੱਕ ਟੈਲੀਗਰਾਮ ਭੇਜੀ ਜਿਸ ਵਿੱਚ ਇਹ ਕਿਹਾ ‘ਹਬੀਬ, ਗੁਰੂ ਨਾਨਕ ਸਾਹਿਬ ਦੇ ਜਪੁਜੀ ਦਾ ਉਰਦੂ ਵਿਚ ਅਨੁਵਾਦ ਕਰਨ ਲਗਿਆਂ ਅੱਲ੍ਹਾ ਤੋਂ ਇਹ ਸ਼ਕਤੀ ਮੰਗੀ ਕਿ ਤੂੰ ਇਸ ਬਾਣੀ ਨਾਲ ਇਨਸਾਫ ਕਰ ਸਕੇ। ਤੂੰ ਜਪੁਜੀ ਸਾਹਿਬ ਨਾਲ ਕਿਸੇ ਹਾਲਤ ਵਿਚ ਵੀ ਪੱਖਪਾਤੀ ਨਾ ਹੋਵੀਂ ਕਿਉਕਿ ਜਿਸ ਮਹਾਨ ਰਚਣਹਾਰ ਗੁਰੂ ਨਾਨਕ ਦੇਵ ਨੇ ਇਹ ਬਾਣੀ ਰਚੀ ਹੈ, ਉਸ ਨੇ ਵੱਡੇ ਤੋਂ ਵੱਡੇ ਮੁਸਲਮਾਨ ਨਾਲੋਂ ਵੀ ਵੱਧ ਇਸਲਾਮ ਦੀ ਸੇਵਾ ਕੀਤੀ ਹੈ।’’
ਸਾਧੂ ਟੀ.ਐਲ. ਵਸਵਾਨੀ ਨੇ ਉਨ੍ਹਾਂ ਨੂੰ, ‘‘ਜਨ ਸਮੂਹ ਦੇ ਪੈਗ਼ੰਬਰ ਕਿਹਾ ਹੈ। ਉਨ੍ਹਾਂ ਦੀ ਸਰਬ ਵਿਸ਼ਾਲ ਫਿਲਾਸਫੀ ਕਾਰਨ ਹੀ ਇਕਬਾਲ ਦੇ ਦਿਲ ਵਿਚ ਉਨ੍ਹਾਂ ਬਾਰੇ ਅਥਾਹ ਪਿਆਰ ਤੇ ਸਤਿਕਾਰ ਹੈ। ਸ਼ਾਇਦ ਇਹੀ ਕਾਰਨ ਹੋਵੇਗਾ ਜਿਸ ਨੇ ਇਤਿਹਾਸਕਾਰ ਰਾਬਰਟ ਰਸਟ ਨੂੰ ਇਹ ਲਿਖਣ ਲਈ ਮਜਬੂਰ ਕੀਤਾ ਹੋਵੇ ਕਿ ਵਿਸ਼ਵ ਦੇ ਧਾਰਮਿਕ ਇਤਿਹਾਸ ਵਿਚ ਇਹ ਗੱਲ ਕੇਵਲ ਤੇ ਕੇਵਲ ਗੁਰੂ ਨਾਨਕ ਦੇਵ ਜੀ ਦੇ ਹੀ ਹਿੱਸੇ ਆਈ ਹੈ ਕਿ ਉਨ੍ਹਾਂ ਦੇ ਅਕਾਲ ਚਲਾਣੇ ਮਗਰੋਂ ਉਨ੍ਹਾਂ ਦੇ ਅੰਤਮ ਸੰਸਕਾਰ ਦੀਆਂ ਰਸਮਾਂ ਦੋ ਧਰਮਾਂ (ਹਿੰਦੂ ਤੇ ਮੁਸਲਮਾਨ) ਦੇ ਰੂਪ ਵਿਚ ਅਦਾ ਕੀਤੀਆਂ ਗਈਆਂ ਹਨ।

ਸ੍ਰੀ ਰਾਬਿੰਦਰ ਨਾਥ ਟੈਗੋਰ
ਨੋਬਿਲ ਇਨਾਮ ਜੇਤੂ ਸ੍ਰੀ ਰਾਬਿੰਦਰ ਨਾਥ ਟੈਗੋਰ, ਜਿਨ੍ਹਾਂ ਦਾ ਲਿਖਿਆ ਗੀਤ ‘‘ਜਨ ਗਨ ਮਨ…..’’ ਭਾਰਤ ਦਾ ਕੌਮੀ ਤਰਾਨਾ ਬਣਿਆ ਹੈ, ਪਾਸੋਂ ਕਹਿੰਦੇ ਹਨ ਜਦ ਇਹ ਪੁਛਿਆ ਗਿਆ ਕਿ ਜੇਕਰ ਤੁਹਾਨੂੰ ਕੋਈ ਇਹ ਪੁਛੇ ਕਿ ਵਿਸ਼ਵ ਭਰ ਲਈ ਜੇ ਇਕ ਅੰਤਰ ਰਾਸ਼ਟਰੀ ਕੌਮੀ ਗੀਤ ਚਾਹੀਦਾ ਹੋਵੇ, ਜਿਸ ਵਿਚ ਸਮੁਚੇ ਸੰਸਾਰ ਦੇ ਪਸਾਰੇ ਦੀ ਤਰਜਮਾਨੀ ਹੋ ਸਕੇ ਤਾਂ ਅਜਿਹਾ ਵਿਸ਼ਵ ਕੌਮਾਂਤਰੀ ਗੀਤ ਕਿਹੋ ਜਿਹਾ ਹੋ ਸਕਦਾ ਹੈ ? ਤਾਂ ਇਸ ਦੇ ਉੱਤਰ ਵਿਚ ਵੀ ਟੈਗੋਰ ਜੀ ਦੀ ਨਜ਼ਰ ‘ਗਗਨ ਮੈਂ ਥਾਲੁ ਰਵਿ ਚੰਦ’ ਵਾਲੇ ਗੁਰੂ ਨਾਨਕ ਦੇਵ ਜੀ ਦੇ ਉਚਾਰੇ ਇਸੇ ਸ਼ਬਦ-ਵਿਆਪੀ ਤੇ ਸਰਬ-ਸ਼ਕਤੀਨਾਨ ਹਸਤੀ ਦੀ ਬਹੁਤ ਹੀ ਵਿਸ਼ਾਲ ਤੇ ਪ੍ਰਸੰਸਾਜਨਕ ਢੰਗ ਨਾਲ ਅਰਾਧਨਾ ਕੀਤੀ ਹੈ। ਇਸ ਆਰਤੀ ਵਾਲੇ ਸ਼ਬਦ ਨੂੰ ਉਹ ਵਿਸ਼ਵ ਸਾਹਿਤ ਦਾ ਸਭ ਤੋਂ ਸੋਹਣਾ ਸਿਰਜਿਆ ਕਾਵਿਕ ਟੁਕੜਾ ਮੰਨਦੇ ਹੋਏ ਬਲਿਹਾਰੇ ਜਾਂਦੇ ਕਹਿੰਦੇ ਸਨ ਕਿ ਗੁਰੂ ਨਾਨਕ ਸਾਹਿਬ ਜੀ ਕਿਆ ਕਮਾਲ ਹੈ ਜਿਨ੍ਹਾਂ ਨੇ ਇਸ ਨਿੱਕੇ ਜਿਹੇ ਗੀਤ ਵਿਚ ਹੀ ਸਾਰੀ ਕਾਇਨਾਤ ਨੂੰ ਅਕਾਲਪੁਰਖ ਦੀ ਹੈਰਾਨ ਕਰ ਦੇਣ ਵਾਲੀ ਸ਼ਾਨ ਨਾਲ ਇਕ ਸੁਰ ਹੋ ਕੇ ਨੱਚਦੇ ਟੱਪਦੇ ਤੇ ਖੇਡਦੇ ਪੇਸ਼ ਕਰ ਦਿੱਤਾ ਹੈ। (ਹਵਾਲਾ ਲਲਵਾਨੀ ਦੀ ਪੁਸਤਕ ‘ਗੁਰੂ ਨਾਨਕ’, ਪੰਨਾ 17)
ਜਿਥੋਂ ਤੱਕ ਸ੍ਰੀ ਟੈਗੋਰ ਦਾ ਸੰਬੰਧ ਹੈ ਉਹ ਸਿੱਖ ਧਰਮ ਤੇ ਇਸ ਦੇ ਸ਼ਾਨਦਾਰ ਅਸਲੀ ਫਲਸਫੇ ਤੋਂ ਜ਼ਿੰਦਗੀ ਭਰ ਬਹੁਤ ਮੁਤਾਸਰ ਰਹੇ ਹਨ। ਉਹ ਜਦ ਵੀ ਪੰਜਾਬ ਆਉਦੇ ਵਿਸ਼ੇਸ਼ ਰਾਗੀ ਜਥਿਆਂ ਤੋਂ ਗੁਰਬਾਣੀ ਕੀਰਤਨ ਸਰਵਨ ਕਰਕੇ ਆਪਣੀ ਆਤਮਾ ਨੂੰ ਤਿ੍ਰਪਤ ਕਰਦੇ। ਸਿੱਖ ਧਰਮ ਤੇ ਸਿੱਖ ਗੁਰੂਆਂ ਦੀ ਕਰਮ ਭੂਮੀ ਪੰਜਾਬ ਪ੍ਰਤੀ ਡੂੰਘੇ ਸਨੇਹ ਸਦਕਾ ਹੀ ਉਨ੍ਹਾਂ ਦੀਆਂ ਲਿਖਤਾਂ ਵਿਚ ਗੁਰੂ ਸਾਹਿਬਾਨ ਅਤੇ ਪੰਜਾਬ ਬਾਰੇ ਭਰਪੂਰ ਛੋਹਾਂ ਮਿਲਦੀਆਂ ਹਨ।
ਕੌਮੀ ਤਰਾਨੇ ਵਿਚ ਵੀ ਉਨ੍ਹਾਂ ਨੇ ਸਭ ਤੋਂ ਪਹਿਲਾਂ ਪੰਜਾਬ ਦਾ ਹੀ ਜ਼ਿਕਰ ਕਰਕੇ ਇਸ ਪ੍ਰਤੀ ਆਪਣੇ ਸਨੇਹ ਦਾ ਪ੍ਰਗਟਾਵਾ ਕੀਤਾ ਹੈ। 1919 ਦੇ ਜਲ੍ਹਿਆਂ ਵਾਲੇ ਬਾਗ ਦੇ ਘਿਨੌਣੇ ਸਾਕੇ ਦੀ ਖ਼ਬਰ ਜਦ ਸ੍ਰੀ ਟੈਗੋਰ ਪਾਸ ਪਹੁੰਚੀ ਤਾਂ ਉਹ ਪੰਜਾਬੀਆਂ (ਜਿਨ੍ਹਾਂ ਵਿਚ ਬਹੁਤੇ ਸਿੱਖ ਸਨ) ’ਤੇ ਹੋਏ ਇਸ ਅਤਿਆਚਾਰ ’ਤੇ ਤੜਪ ਉਠੇ ਅਤੇ ਇਕ ਬਹੁਤ ਹੀ ਜਜ਼ਬਾਤੀ ਪੁਰਦਲੀਲ ਪੱਤਰ ਦੁਆਰਾ ਅੰਗਰੇਜ਼ ਸਰਕਾਰ ਨੂੰ ਆਪਣਾ ਲਾਈਨ-ਹੁਡ ਦਾ ਮਿਲਿਆ ਖਿਤਾਬ ਵਾਪਸ ਕਰਦਿਆਂ ਇਹ ਲਿਖਿਆ ਕਿ ਉਹ ਖਿਤਾਬ ਮੇਰੇ ਲਈ ਬਾਇਸ ਸ਼ਰਮ ਹੈ ਕਿਉਕਿ ਇਹ ਉਸ ਅੰਗਰੇਜ਼ ਸਰਕਾਰ ਦਾ ਦਿੱਤਾ ਹੋਇਆ ਹੈ ਜਿਸ ਨੇ ਮੇਰੇ ਨਿਹੱਥੇ ਪੰਜਾਬੀ ਵੀਰਾਂ ਦੀ ਕਤਲੇਆਮ ਕਰਕੇ ਆਪਣੇ ਹੱਥ ਖੂਨ ਨਾਲ ਰੰਗੇ ਹਨ। ਇਸ ਸਾਕੇ ਨੇ ਉਨ੍ਹਾਂ ਦੇ ਦਿਲ ਵਿਚ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਪ੍ਰਤੀ ਵਧੇਰੇ ਸ਼ਰਧਾ ਭਾਵਨਾ ਉਜਾਗਰ ਕੀਤੀ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੇ ਕਈ ਕਵਿਤਾਵਾਂ ਸਿੱਖ ਸੂਰਮਿਆਂ ਦੀ ਸ਼ਾਨ ਵਿਚ ਤੇ ਸਿੱਖ ਗੁਰੂ ਸਾਹਿਬਾਨ ਦੇ ਸਤਿਕਾਰ ਵਿਚ ਲਿਖੀਆਂ ਜਿਨ੍ਹਾਂ ਨੇ ਆਪਣੀ ਅਪਾਰ ਦਿ੍ਰਸ਼ਟੀ ਦੇ ਉਦਮਾਂ ਸਦਕਾ ਇਕ ਲਾਮਿਸਾਲੀ ਕੌਮ ਨੂੰ ਭਾਰਤ ਦੇ ਨਕਸ਼ੇ ’ਤੇ ਰੂਪਮਾਨ ਕਰ ਦਿੱਤਾ ਸੀ।
ਇੱਥੇ ਹੀ ਬੱਸ ਨਹੀਂ ਡਾ. ਲਲਵਾਨੀ ਆਪਣੀ ਪੁਸਤਕ ‘ਗੁਰੂ ਨਾਨਕ’ ਦੇ ਪੰਨਾ 17 ਤੇ ਇਹ ਵੀ, ਲਿਖਦਾ ਹੈ ਕਿ ਟੈਗੋਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿਚੋਂ ਕਈ ਸ਼ਬਦ ਬੰਗਾਲੀ ਵਿਚ ਅਨੁਵਾਦ ਕੀਤੇ ਜਿਨ੍ਹਾਂ ਨੂੰ ‘ਬਰਾਹਮਾਨ ਸੰਗੀਤ’ ਕਹਿੰਦੇ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਸ਼ਬਦਾਂ ਨੂੰ ਆਪਣੀ ਪੁਸਤਕ ‘ਗੀਤਾਬਤਾਂ’ ਵਿਚ ਸ਼ਾਮਲ ਕਰ ਲਿਆ। ਇਸੇ ਲੇਖਕ ਅਨੁਸਾਰ ਟੈਗੋਰ ਦੇ ਦਿਲ ਵਿਚ ਜੋ ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਦੇ ਸਿੱਖਾਂ ਦੀ ਤਸਵੀਰ ਉਘੜਦੀ ਹੈ ਉਹ ਇਸ ਪ੍ਰਕਾ ਹੈ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਵਿਚਾਰ-ਧਾਰਾ ਨੇ ਮਹਾਨ ਸਿੱਖ ਕੌਮ ਨੂੰ ਜਨਮ ਦਿੱਤਾ। ਗੁਰੂ ਸਾਹਿਬ ਦੀਆਂ ਧਾਰਮਿਕ ਉਪਦੇਸ਼ਾਂ ਸਦਕਾ, ਸਿੱਖਾਂ ਦੇ ਹਿਰਦਿਆਂ ਦੀ ਸ਼ਕਤੀ ਵਧੀ, ਉਨ੍ਹਾਂ ਦੇ ਸਿਰ ਉਚੇ ਹੋਏ, ਉਨ੍ਹਾਂ ਦੇ ਅਚਾਰ ਵਿਚ ਅਤੇ ਚਿਹਰਿਆਂ ਉੱਤੇ ਵੱਡੇ ਪੰਨ ਦੇ ਚਿੰਨ੍ਹ ਦਿਸਣ ਲੱਗ ਪਏ। ਸਿੱਖਾਂ ਦੇ ਪਵਿੱਤਰ ਅਤੇ ਖੂਬਸੂਰਤ ਚਿਹਰਿਆਂ ਨੇ, ਉਨ੍ਹਾਂ ਦੀ ਭਰਵੀਂ ਸ਼ਕਤੀ ਅਤੇ ਅਦਭੁਤ ਦਲੇਰੀ ਨੇ ਸਾਨੂੰ ਹੈਰਾਨ ਕਰ ਦਿੱਤਾ।

ਮੌਲਵੀ ਅਬਦੁਲ ਕਰੀਮ
ਮੌਲਵੀ ਅਬਦੁਲ ਕਰੀਮ ਦੇ ਨਿਮਨ ਸ਼ਬਦ ਭਾਵੇਂ ਬਹੁਤ ਸੰਖੇਪ ਹਨ ਪਰ ਫਿਰ ਵੀ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਨੂੰ ਬਹੁਤ ਉਘਾੜਦੇ ਹਨ। ਉਹ ਕਹਿੰਦਾ ਹੈ ‘‘ਗੁਰੂ ਨਾਨਕ ਦੇ ਮੱਤ ਵਿਚ ਕਿਸੇ ਬਹਾਰੇ ਜ਼ਰਾ ਵੀ ਪੱਖਪਾਤ ਨਹੀਂ ਸੀ ਇਸ ਲਈ ਦੁਨੀਆ ਉਨ੍ਹਾਂ ਦਾ ਸਤਿਕਾਰ ਕਰਦੀ ਗਈ, ਸਿਰ ਝੁਕਾਂਦੀ ਗਈ ਤੇ ਉਨ੍ਹਾਂ ਦੀ ਸ਼ਰਧਾਲੂ ਹੁੰਦੀ ਗਈ।’’
ਸਭੁ ਕੋ ਮੀਤੁ ਹਮ ਆਪਨ ਕੀਨਾ।
ਹਮ ਸਭਨਾ ਕੇ ਸਾਜਨ

ਰਾਸ਼ਟਰਪਤੀ ਬਿਲ ਕਿਟਨ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਬਿਲ ਕਿਟਨ ਅਤੇ ਉਨ੍ਹਾਂ ਦੀ ਸੁਪਤਨੀ ਸ੍ਰੀਮਤੀ ਹਿਲੇਰੀ ਨੇ ਗੁਰੂ ਨਾਨਕ ਦੇਵ ਜੀ ਦੀ ਸ਼ਾਨ ਵਿਚ ਨਿਮਨ ਸ਼ਬਦਾਂ ਦਾ ਪ੍ਰਯੋਗ ਕੀਤਾ ਹੁਣ ਜਦ ਅਸੀਂ ਸਾਰੀਆਂ ਨਸਲਾਂ, ਕੌਮਾਂ, ਮਤਾਂ, ਸਿਧਾਂਤ ਅਤੇ ਸਭਿਆਚਾਰਕ ਪਿਛੋਕੜਾਂ ਵੱਲ ਝਾਤੀ ਮਾਰਦੇ ਹਾਂ ਤਾਂ ਸਾਨੂੰ ਇਹ ਵਿਸ਼ੇਸ਼ ਤੌਰ ਤੇ ਸਮੇਂ ਦੇ ਐਨ ਅਨੁਕੂਲ ਲੱਗਦਾ ਹੈ ਕਿ ਅਸੀਂ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਸਿੱਖਿਆ ਨੂੰ ਪਛਾਣੀਏ ਤੇ ਮਾਨਤਾ ਦੇਈਏ। ਉਨ੍ਹਾਂ ਦਾ ਇਹ ਸੰਦੇਸ਼ ਕਿ ਹਰ ਕੋਈ ਪ੍ਰਮਾਤਮਾ ਦੀਆਂ ਨਜ਼ਰਾਂ ਵਿਚ ਬਰਾਬਰ ਹੈ ਅਤੇ ਇਹ ਕਿ ਪ੍ਰਮਾਤਮਾ ਦੀ ਬਖਸ਼ਿਸ਼ ਹਰ ਕਿਸੇ ਤੇ ਹੋ ਸਕਦੀ ਹੈ, ਅੱਜ ਵੀ ਉਤਨਾ ਹੀ ਅਸਰਦਾਰ ਹੈ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਆਪਣੇ ਜੀਵਨ ਕਾਲ ਵਿਚ ਪੰਦਰਵੀਂ ਸਦੀ ਦੇ ਅਖੀਰ ਵਿਚ ਆਪਣੀ ਭੂਮੀ ਦੇ ਲੋਕਾਂ ਨੂੰ ਇਕ ਪਲੇਟਫਾਰਮ ’ਤੇ ਇਕੱਠਾ ਕਰ ਕੇ ਅਤੇ ਉਨ੍ਹਾਂ ਨੂੰ ੰਮਾਨਵਤਾ ਦੀ ਨਿਸ਼ਕਾਮ ਸੇਵਾ ਕਰਨ ਦੀ ਪ੍ਰੇਰਨਾ ਬਖਸ਼ ਕੇ ਗੁਰੂ ਨਾਨਕ ਦੇਵ ਨੇ ਆਪਣੇ ਸ਼ਰਧਾਲੂਆਂ ਨੂੰ ਉਤਸ਼ਾਹਤ ਕੀਤਾ ਕਿ ਉਹ ਦਇਆ ਪੂਰਣ ਅਤੇ ਇਨਸਾਫ ਪਸੰਦੀ ਵਾਲੇ ਜੀਵਨ ਦਾ ਨਿਰਮਾਣ ਕਰਨ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin